ਅਮਰੀਕਾ ਵਿਚ ਬਣੇ ਅੱਠ ‘ਅਪਾਚੇ-ਏਐੱਚ-64ਈ’ ਲੜਾਕੂ ਹੈਲੀਕਾਪਟਰਾਂ ਨੂੰ ਅੱਜ ਅਧਿਕਾਤਰ ਤੌਰ ’ਤੇ ਭਾਰਤੀ ਹਵਾਈ ਫ਼ੌਜ ਦੇ ਬੇੜੇ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਸ ਮੌਕੇ ਪਠਾਨਕੋਟ ਏਅਰਬੇਸ ’ਤੇ ਇੱਕ ਸ਼ਾਨਦਾਰ ਸਮਾਗਮ ਕੀਤਾ ਗਿਆ। ਸਮਾਗਮ ’ਚ ਏਅਰ ਫੋਰਸ ਮੁਖੀ ਤੇ ਚੇਅਰਮੈਨ ਚੀਫ਼ ਆਫ਼ ਸਟਾਫ਼ ਕਮੇਟੀ ਏਅਰ ਚੀਫ਼ ਮਾਰਸ਼ਲ ਬੀ.ਐੱਸ. ਧਨੋਆ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਬੋਇੰਗ ਇੰਡੀਆ ਲਿਮਟਿਡ ਦੇ ਚੇਅਰਮੈਨ ਸਲਿਲ ਗੁਪਤੇ, ਹਵਾਈ ਫ਼ੌਜ ਦੀ ਪੱਛਮੀ ਕਮਾਂਡ ਦੇ ਮੁਖੀ ਆਰ. ਨਾਂਬਿਆਰ, ਏਅਰ ਫੋਰਸ ਅਕੈਡਮੀ ਕਮਾਂਡਰ ਏਅਰ ਮਾਰਸ਼ਲ ਏ.ਐੱਸ. ਬੁਟੋਲਾ ਤੇ ਹੋਰ ਕਈ ਅਧਿਕਾਰੀ ਇਸ ਮੌਕੇ ਹਾਜ਼ਰ ਸਨ। ਹੈਲੀਕਾਪਟਰਾਂ ਨੂੰ ਬੇੜੇ ’ਚ ਸ਼ਾਮਲ ਕਰਨ ਤੋਂ ਪਹਿਲਾਂ ਪੰਡਿਤ, ਸਿੱਖ ਭਾਈ, ਪਾਰਸੀ ਤੇ ਮੌਲਵੀ ਵੱਲੋਂ ਪੂਜਾ ਅਰਚਨਾ, ਅਰਦਾਸ ਤੇ ਪ੍ਰਾਰਥਨਾ ਕੀਤੀ ਗਈ। ਇਸ ਤੋਂ ਬਾਅਦ ਰਸਮ ਮੁਤਾਬਕ ਨਾਰੀਅਲ ਤੋੜਿਆ ਗਿਆ। ਇਸ ਮੌਕੇ ਦੋ ‘ਅਪਾਚੇ’ ਹੈਲੀਕਾਪਟਰਾਂ ਨੇ ਉਡਾਨ ਭਰੀ ਤੇ ਕਲਾਬਾਜ਼ੀਆਂ ਖਾਣ ਤੋਂ ਬਾਅਦ ਇਕ ਹੈਲੀਕਾਪਟਰ ਨੇ ਪਾਣੀ ਦੀਆਂ ਬੁਛਾੜਾਂ ਵਿਚ ਲੈਂਡ ਕੀਤਾ। ਇਸ ਮੌਕੇ ਏਅਰ ਚੀਫ਼ ਮਾਰਸ਼ਲ ਬੀ.ਐੱਸ. ਧਨੋਆ ਨੇ ਕਿਹਾ ਕਿ ਅੱਜ ਦਾ ਦਿਨ ਸੁਭਾਗਾ ਹੈ ਤੇ ਉਹ ਦੇਸ਼ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹਨ। ਏਅਰ ਫੋਰਸ ਮੁਖੀ ਨੇ ਕਿਹਾ ਕਿ ਹੈਲੀਕਾਪਟਰਾਂ ਦੀ ਡਿਲੀਵਰੀ ਸਮੇਂ ਸਿਰ ਮਿਲੀ ਹੈ। ਅੱਠ ਹੈਲੀਕਾਪਟਰ ਸੌਂਪੇ ਜਾ ਚੁੱਕੇ ਹਨ। ਭਾਰਤ ਦਾ ਬੋਇੰਗ ਤੇ ਅਮਰੀਕੀ ਸਰਕਾਰ ਨਾਲ 22 ਹੈਲੀਕਾਪਟਰ ਖ਼ਰੀਦਣ ਦਾ ਸਮਝੌਤਾ ਹੈ। ਅੰਤਿਮ ਬੈਚ ਮਾਰਚ 2020 ਤੱਕ ਭਾਰਤ ਨੂੰ ਮਿਲ ਜਾਵੇਗਾ। ਇਨ੍ਹਾਂ ਹੈਲੀਕਾਪਟਰਾਂ ਨੂੰ ਪੱਛਮੀ ਖੇਤਰ ਵਿੱਚ ਤਾਇਨਾਤ ਕੀਤਾ ਜਾਵੇਗਾ।
INDIA ਭਾਰਤੀ ਹਵਾਈ ਫ਼ੌਜ ਦਾ ਹਿੱਸਾ ਬਣੇ ‘ਅਪਾਚੇ’ ਹੈਲੀਕਾਪਟਰ