ਨਵੀਂ ਦਿੱਲੀ (ਸਮਾਜ ਵੀਕਲੀ): ਰੱਖਿਆ ਸੂਤਰਾਂ ਨੇ ਕੁਝ ਤਸਵੀਰਾਂ ਰਿਲੀਜ਼ ਕੀਤੀਆਂ ਹਨ ਜਿਨ੍ਹਾਂ ਵਿਚ ਪੂਰਬੀ ਲੱਦਾਖ ਦੀ ਗਲਵਾਨ ਵਾਦੀ ’ਚ ਭਾਰਤੀ ਸੈਨਿਕ ਤਿਰੰਗਾ ਲਹਿਰਾ ਰਹੇ ਹਨ। ਇਹ ਤਸਵੀਰਾਂ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਖਿੱਚੀਆਂ ਗਈਆਂ ਹਨ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਟਵੀਟ ਕਰ ਕੇ ਕੈਪਸ਼ਨ ਵਿਚ ਲਿਖਿਆ, ‘ਬਹਾਦਰ ਭਾਰਤੀ ਸੈਨਿਕ ਨਵੇਂ ਸਾਲ ਮੌਕੇ ਗਲਵਾਨ ਵਾਦੀ ਵਿਚ’। ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਹੀ ਚੀਨ ਦੇ ਸਰਕਾਰੀ ਮੀਡੀਆ ਨੇ ਕੁਝ ਤਸਵੀਰਾਂ ਰਿਲੀਜ਼ ਕੀਤੀਆਂ ਸਨ ਜਿਨ੍ਹਾਂ ਵਿਚ ਉੱਥੋਂ ਦੀ ਫ਼ੌਜ ਪੀਐਲਏ ਦੇ ਜਵਾਨਾਂ ਨੂੰ ਗਲਵਾਨ ਨੇੜਿਓਂ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਦਿਖਾਇਆ ਗਿਆ ਹੈ।
ਭਾਰਤ ਰੱਖਿਆ ਇਕਾਈ ਨੇ ਜਿਹੜੀਆਂ ਤਸਵੀਰਾਂ ਰਿਲੀਜ਼ ਕੀਤੀਆਂ ਹਨ, ਉਨ੍ਹਾਂ ਵਿਚ ਕਰੀਬ 30 ਭਾਰਤੀ ਸੈਨਿਕ ਕੌਮੀ ਝੰਡਾ ਲੈ ਕੇ ਖੜ੍ਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਤਸਵੀਰਾਂ ਪਹਿਲੀ ਜਨਵਰੀ ਦੀਆਂ ਹਨ। ਚੀਨ ਦੇ ਸਰਕਾਰੀ ਮੀਡੀਆ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਵੱਲੋਂ ਆਪਣਾ ਕੌਮੀ ਝੰਡਾ ਗਲਵਾਨ ਵਾਦੀ ਨੇੜਲੇ ਉਨ੍ਹਾਂ ਦੇ ਅਧੀਨ ਖੇਤਰ ’ਚ ਲਹਿਰਾਇਆ ਗਿਆ ਸੀ। ਭਾਰਤੀ ਸੈਨਾ ਦੇ ਸੂਤਰਾਂ ਮੁਤਾਬਕ ਜਿੱਥੇ ਚੀਨੀ ਸੈਨਿਕਾਂ ਨੇ ਨਵਾਂ ਸਾਲ ਮਨਾਇਆ ਸੀ ਉਹ ਖੇਤਰ ਗਲਵਾਨ ਵਾਦੀ ਨੇੜੇ ਚੀਨ ਦੇ ਕਬਜ਼ੇ ਹੇਠਲਾ ਇਕ ਡੂੰਘਾਈ ਵਾਲਾ ਇਲਾਕਾ ਹੈ। ਉਨ੍ਹਾਂ ਕਿਹਾ ਕਿ ਇਹ ‘ਬਫ਼ਰ ਜ਼ੋਨ’ ਤੋਂ ਦੂਰ ਹੈ ਜੋ 15 ਜੂਨ ਦੇ ਟਕਰਾਅ ਤੋਂ ਬਾਅਦ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਦੇ ਸੈਨਿਕਾਂ ਵਿਚਾਲੇ ਪੈਂਗੌਂਗ ਝੀਲ ਇਲਾਕੇ ਵਿਚ 5 ਮਈ, 2020 ਨੂੰ ਹਿੰਸਕ ਟਕਰਾਅ ਹੋਇਆ ਸੀ। ਇਸ ਤੋਂ ਬਾਅਦ ਉੱਥੇ ਦੋਵਾਂ ਧਿਰਾਂ ਨੇ ਵੱਡੀ ਗਿਣਤੀ ਵਿਚ ਫ਼ੌਜ ਤਾਇਨਾਤ ਕਰ ਦਿੱਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly