ਨਵੀਂ ਦਿੱਲੀ (ਸਮਾਜਵੀਕਲੀ) : ਚੀਨ ਨਾਲ ਸਰਹੱਦੀ ਵਿਵਾਦ ਬਾਰੇ ਸੱਦੀ ਗਈ ਆਲ ਪਾਰਟੀ ਮੀਟਿੰਗ ਖ਼ਤਮ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ’ਚ ਦਾਅਵਾ ਕੀਤਾ ਕਿ ਭਾਰਤੀ ਸਰਹੱਦ ’ਚ ਕੋਈ ਘੁਸਪੈਠ ਨਹੀਂ ਹੋਈ ਹੈ ਅਤੇ ਕੋਈ ਵੀ ਚੌਕੀ ਕਿਸੇ ਦੇ ਕਬਜ਼ੇ ’ਚ ਨਹੀਂ ਹੈ। ਆਪਣੇ ਸੰਬੋਧਨ ’ਚ ਊਨ੍ਹਾਂ ਕਿਹਾ ਕਿ ਮੁਲਕ ਦੀ ਇਕ ਇੰਚ ਜ਼ਮੀਨ ’ਤੇ ਕੋਈ ਵੀ ਅੱਖ ਚੁੱਕ ਕੇ ਨਹੀਂ ਦੇਖ ਸਕਦਾ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਫ਼ੌਜ ਪੂਰੀ ਚੌਕਸ ਹੈ ਅਤੇ ਅਸਲ ਕੰਟਰੋਲ ਰੇਖਾ ’ਤੇ ਪੈਟਰੋਲਿੰਗ ਦੀ ਸਮਰੱਥਾ ਵਧਾ ਦਿੱਤੀ ਗਈ ਹੈ। ਊਨ੍ਹਾਂ ਕਿਹਾ ਕਿ ਫ਼ੌਜ ਨੂੰ ਦੇਸ਼ ਦੀ ਰੱਖਿਆ ਲਈ ਜੋ ਕਰਨਾ ਚਾਹੀਦਾ ਹੈ, ਊਹ ਕਰ ਰਹੇ ਹਨ। ਭਾਵੇਂ ਜਵਾਨਾਂ ਨੂੰ ਤਾਇਨਾਤ ਕਰਨਾ ਹੋਵੇ, ਕਾਰਵਾਈ ਕਰਨੀ ਹੋਵੇ ਜਾਂ ਜਵਾਬੀ ਕਾਰਵਾਈ ਕਰਨੀ ਹੋਵੇ, ਹਰਸੰਭਵ ਕਦਮ ਊਠਾਏ ਜਾ ਰਹੇ ਹਨ। ਊਨ੍ਹਾਂ ਕਿਹਾ ਕਿ ਮੁਲਕ ਨੇ ਕਦੇ ਵੀ ਬਾਹਰੀ ਦਬਾਅ ਨੂੰ ਸਵੀਕਾਰ ਨਹੀਂ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਾਰਟੀਆਂ ਦੇ ਸੁਝਾਅ ਅੱਗੇ ਦੀ ਰਣਨੀਤੀ ਬਣਾਊਣ ’ਚ ਸਹਾਈ ਹੋਣਗੇ। ਊਨ੍ਹਾਂ ਕਿਹਾ ਕਿ ਦੁਨੀਆ ਨੂੰ ਜੋ ਸੁਨੇਹਾ ਜਾਣਾ ਚਾਹੀਦਾ ਹੈ, ਊਹ ਜ਼ਰੂਰ ਜਾਵੇਗਾ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ-ਚੀਨ ਸਰਹੱਦ ’ਤੇ ਹਾਲਾਤ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਸੱਦੀ ਗਈ ਆਲ ਪਾਰਟੀ ਮੀਟਿੰਗ ’ਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਸੰਵੇਦਨਸ਼ੀਲ ਮੁੱਦੇ ’ਤੇ ਆਪਣੇ ਵਿਚਾਰ ਰੱਖੇ ਅਤੇ ਸਰਕਾਰ ਨੂੰ ਪੂਰੀ ਹਮਾਇਤ ਵੀ ਦਿੱਤੀ। ਆਨਲਾਈਨ ਮੀਟਿੰਗ ਦੀ ਸ਼ੁਰੂਆਤ ਸ਼ਹੀਦ ਹੋਏ 20 ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ।
ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਹੀਦ ਹੋਏ ਜਵਾਨਾਂ ਦੇ ਸਨਮਾਨ ’ਚ ਖੜ੍ਹੇ ਹੋ ਕੇ ਮੌਨ ਰੱਖਿਆ। ਬੈਠਕ ਦੌਰਾਨ ਰਾਜਨਾਥ ਸਿੰਘ ਅਤੇ ਜੈਸ਼ੰਕਰ ਨੇ ਵਿਵਾਦ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ’ਚ ਭਾਜਪਾ ਪ੍ਰਧਾਨ ਜੇ ਪੀ ਨੱਢਾ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਐੱਨਸੀਪੀ ਆਗੂ ਸ਼ਰਦ ਪਵਾਰ, ਟੀਆਰਐੱਸ ਆਗੂ ਕੇ ਚੰਦਰਸ਼ੇਖਰ ਰਾਓ, ਜੇਡੀ (ਯੂ) ਆਗੂ ਨਿਤੀਸ਼ ਕੁਮਾਰ, ਡੀਐੱਮਕੇ ਦੇ ਐੱਮ ਕੇ ਸਟਾਲਿਨ, ਵਾਈਐੱਸਆਰ ਕਾਂਗਰਸ ਪਾਰਟੀ ਦੇ ਵਾਈਐੱਸ ਜਗਨ ਮੋਹਨ ਰੈੱਡੀ, ਟੀਐੱਮਸੀ ਮੁਖੀ ਮਮਤਾ ਬੈਨਰਜੀ, ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਸ਼ਿਵ ਸੈਨਾ ਅਾਗੂ ਊਧਵ ਠਾਕਰੇ ਸਮੇਤ ਹੋਰਾਂ ਨੇ ਹਾਜ਼ਰੀ ਲਵਾਈ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਸਰਕਾਰ ਤੋਂ ਮੰਗ ਕਰਦੀਆਂ ਆ ਰਹੀਆਂ ਸਨ ਕਿ ਊਹ ਸਰਹੱਦ ਦੇ ਹਾਲਾਤ ਬਾਰੇ ਪਾਰਦਰਸ਼ਿਤਾ ਰੱਖੇ।