ਭਾਰਤੀ ਸਫ਼ੀਰ ਦੇ ਕਸ਼ਮੀਰੀ ਪੰਡਤਾਂ ਬਾਰੇ ਬਿਆਨ ਤੋਂ ਵਿਵਾਦ

ਅਮਰੀਕਾ ਵਿੱਚ ਭਾਰਤੀ ਸਫੀਰ ਨੇ ਅੱਜ ਕਿਹਾ ਕਿ ਕਸ਼ਮੀਰੀ ਪੰਡਿਤ ਛੇਤੀ ਹੀ ਵਾਦੀ ਵਿੱਚ ਪਰਤ ਸਕਦੇ ਹਨ ਕਿਉਂਕਿ, ਜੇ ਇਜ਼ਰਾਈਲੀ ਲੋਕ ਇਹ ਕਰ ਸਕਦੇ ਹਨ ਤਾਂ ਅਸੀਂ ਵੀ ਇਹ ਕਰ ਸਕਦੇ ਹਾਂ। ਉਨ੍ਹਾਂ ਦੇ ਇਜ਼ਰਾਈਲੀ ‘ਮਾਡਲ’ ਦਾ ਜ਼ਿਕਰ ਕਰਨ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲ ਜਨਰਲ ਸੰਦੀਪ ਚਕਰਵਰਤੀ ਸ਼ਹਿਰ ਵਿੱਚ ਨਿਜੀ ਸਮਾਗਮ ਦੌਰਾਨ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਬਾਰੇ ਗੱਲਬਾਤ ਕਰ ਰਹੇ ਸਨ।
ਇਸ ਪ੍ਰੋਗਰਾਮ ਵਿੱਚ ਪਰਵਾਸੀ ਕਸ਼ਮੀਰੀ ਪੰਡਿਤਾਂ ਨੇ ਵੀ ਹਿੱਸਾ ਲਿਆ ਸੀ। ਉਨ੍ਹਾਂ ਕਿਹਾ , ‘‘ ਮੇਰਾ ਮੰਨਣਾ ਹੈ ਕਿ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦੀ ਸਥਿਤੀ ਵਿੱਚ ਸੁਧਾਰ ਹੋਵੇਗਾ। ਇਸ ਨਾਲ ਸ਼ਰਨਾਰਥੀ ਵਾਪਸ ਜਾਣਗੇ ਅਤੇ ਹੁਣ ਤੁਸੀਂ ਆਪਣੇ ਜੀਵਨ ਕਾਲ ਵਿੱਚ ਵਾਪਸ ਜਾ ਸਕੋਗੇ… ਤੁਸੀਂ ਆਪਣੇ ਘਰਾਂ ਨੂੰ ਵਾਪਸ ਜਾ ਸਕੋਗੇ ਅਤੇ ਤੁਹਾਨੂੰ ਸੁਰੱਖਿਆ ਮਿਲੇਗੀ, ਕਿਉਂਕਿ ਦੁਨੀਆਂ ਵਿੱਚ ਪਹਿਲਾਂ ਤੋਂ ਅਜਿਹਾ ਇਕ ਮਾਡਲ ਹੈ। ’’ ਉਹ ਇਜ਼ਰਾਈਲੀ ਬਸਤੀਆਂ ਦੇ ਮਾਡਲ ਦਾ ਹਵਾਲਾ ਦੇ ਰਹੇ ਸਨ। ਚਕਰਵਰਤੀ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਅਸੀਂ ਇਸ ਦੀ ਪਾਲਣਾ ਕਿਉਂ ਨਹੀਂ ਕਰਦੇ। ਅਜਿਹਾ ਪੱਛਮੀ ਏਸ਼ੀਆ ਵਿੱਚ ਹੋਇਆ ਹੈ। ਜੇ ਇਜ਼ਰਾਈਲੀ ਲੋਕ ਅਜਿਹਾ ਕਰ ਸਕਦੇ ਹਨ । ਅਸੀਂ ਵੀ ਅਜਿਹਾ ਕਰ ਸਕਦੇ ਹਾਂ। ’’ ਉਨ੍ਹਾਂ ਦੀ ਇਸ ਟਿੱਪਣੀ ਨੂੰ ਰਿਕਾਰਡ ਕੀਤਾ ਗਿਆ ਤੇ ਸ਼ੋਸ਼ਲ ਮੀਡੀਆ ’ਤੇ ਪਾ ਦਿੱਤਾ ਗਿਆ। ਉਨ੍ਹਾਂ ਦੀ ਟਿੱਪਣੀ ’ਤੇ ਵਿਵਾਦ ਪੈਦਾ ਹੋ ਗਿਆ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ’ਤੇ ਕਸ਼ਮੀਰ ਨੀਤੀ ਲਈ ਨਿਸ਼ਾਨਾ ਸੇਧਿਆ। ਵਿਵਾਦ ’ਤੇ ਪ੍ਰਤੀਕਿਰਿਆ ਦਿੰਦਿਆਂ ਚਕਰਵਰਤੀ ਨੇ ਕਿਹਾ ਕਿ ਜੰਮੂ ਕਸ਼ਮੀਰ ਸਬੰਧੀ ਉਨ੍ਹਾਂ ਦੀ ਟਿੱਪਣੀ ਅਤੇ ਇਜ਼ਰਾਈਲ ਮੁੱਦੇ ਦੇ ਹਵਾਲੇ ਨੂੰ ਪ੍ਰਸੰਗ ਤੋਂ ਬਾਹਰ ਜਾ ਕੇ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 1967 ਵਿੱਚ ਵੈਸਟ ਬੈਂਕ ਅਤੇ ਪੂਰਬੀ ਯੇਰੂਸ਼ਲਮ ’ਤੇ ਕਬਜ਼ੇ ਤੋਂ ਬਾਅਦ ਇਜ਼ਰਾਈਲ ਦੀਆਂ 140 ਬਸਤੀਆਂ ਵੱਸ ਚੁੱਕੀਆਂ ਹਨ। ਕਸ਼ਮੀਰੀ ਪੰਡਿਤਾਂ ਨਾਲ ਮੁਲਾਕਾਤ ਦੌਰਾਨ ਚਕਰਵਰਤੀ ਨੇ ਯਹੂਦੀ ਮੁੱਦੇ ’ਤੇ ਕੀਤੀ ਗਈ ਟਿੱਪਣੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਆਪਣੀ ਭੂਮੀ ਤੋਂ ਬਾਹਰ 2000 ਸਾਲ ਤਕ ਆਪਣਾ ਸਭਿਆਚਾਜਰ ਜ਼ਿੰਦਾ ਰੱਖਿਆ, ਉਹ ਮੁੜ ਆਪਣੀ ਧਰਤੀ ’ਤੇ ਗਏ। ਮੇਰੇ ਖਿਆਲ ਨਾਲ ਅਸੀਂ ਸਾਰਿਆਂ ਨੂੰ ਕਸ਼ਮੀਰੀ ਸਭਿਆਚਾਰ ਜ਼ਿੰਦਾ ਰੱਖਣਾ ਚਾਹੀਦਾ ਹੈ। ਕਸ਼ਮੀਰੀ ਸਭਿਆਚਾਰ ਹੀ ਭਾਰਤੀ ਸਭਿਆਚਾਰ ਹੈ। ਇਹੀ ਹਿੰਦੂ ਸਭਿਆਚਾਰ ਹੈ। ਸਾਡੇ ਵਿਚੋਂ ਕੋਈ ਵੀ ਕਸ਼ਮੀਰ ਬਿਨਾਂ ਭਾਰਤ ਦੀ ਕਲਪਨਾ ਨਹੀਂ ਕਰ ਸਕਦਾ।’’

Previous articleਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਜਨਰਲ ਇਜਲਾਸ ਦਾ ਬਾਈਕਾਟ
Next articleਹਾਈ ਕੋਰਟ ਦੀ ਪਾਰਕਿੰਗ ਸਮੱਸਿਆ ਹੋਵੇਗੀ ਹੱਲ