ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਨੇ ਅੱਜ ਕਿਹਾ ਕਿ ਮੁਲਕ ਦੀ ਲੀਡਰਸ਼ਿਪ ਦਹਿਸ਼ਤਗਰਦੀ ਦੀ ਕਿਸੇ ਵੀ ਕਾਰਵਾਈ ਅਤੇ ਇਸ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਤਾਕਤਾਂ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਦੇਸ਼, ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਦਹਿਸ਼ਤੀ ਹਮਲੇ ਨੂੰ ਨਾ ਭੁੱਲਿਆ ਹੈ ਤੇ ਨਾ ਭੁੱਲੇਗਾ। ਪਿਛਲੇ ਮਹੀਨੇ 14 ਫਰਵਰੀ ਨੂੰ ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਵੱਲੋਂ ਸੀਆਰਪੀਐਫ਼ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਇਸ ਹਮਲੇ ਵਿੱਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਥੇ ਸੀਆਰਪੀਐਫ ਦੇ 80ਵੇਂ ਸਥਾਪਨਾ ਦਿਹਾੜੇ ਮੌਕੇ ਆਪਣੇ ਸੰਬੋਧਨ ’ਚ ਸ੍ਰੀ ਡੋਵਲ ਨੇ ਕਿਹਾ, ‘ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਮੁਲਕ ਦੀ ਲੀਡਰਸ਼ਿਪ ਪੁਲਵਾਮਾ ਜਿਹੇ ਕਿਸੇ ਵੀ ਹਮਲੇ ਅਤੇ ਅਜਿਹੀਆਂ ਕਾਰਵਾਈਆਂ ਨੂੰ ਸ਼ਹਿ ਦੇਣ ਵਾਲਿਆਂ ਨਾਲ ਸਿੱਝਣ ਦੇ ਸਮਰੱਥ ਹੈ।’ ਉਨ੍ਹਾਂ ਕਿਹਾ, ‘ਅਸੀਂ ਭਲੀਭਾਂਤ ਜਾਣਦੇ ਹਾਂ ਕਿ ਸਾਨੂੰ (ਅਜਿਹੇ ਹਾਲਾਤ ’ਚ) ਕੀ ਕਰਨਾ ਚਾਹੀਦਾ ਹੈ? ਸਾਡਾ ਰਾਹ, ਸਾਡਾ ਟੀਚਾ ਤੇ ਸਾਡਾ ਜਵਾਬ ਕਿਹੋ ਜਿਹਾ ਹੋਵੇਗਾ? ਸਮਾਂ ਕਿਹੜਾ ਹੋਵੇਗਾ? ਮੁਲਕ ਦੀ ਲੀਡਰਸ਼ਿਪ ਹਿੰਮਤ ਤੇ ਸਮਰੱਥਾ ਦੋਵੇਂ ਰੱਖਦੀ ਹੈ। ਮੁਲਕ ਅਜਿਹੀਆਂ ਸਾਰੀਆਂ ਚੁਣੌਤੀਆਂ ਨਾਲ ਸਿੱਝੇਗਾ ਤੇ ਸਾਡੇ ਵਿੱਚ ਅਜਿਹਾ ਕਰਨ ਦਾ ਜਿਗਰਾ ਹੈ।’ ਪੁਲਵਾਮਾ ਹਮਲੇ ’ਚ ਸ਼ਹੀਦ ਹੋਏ 40 ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕੌਮੀ ਸੁਰੱਖਿਆ ਸਲਾਹਕਾਰ ਨੇ ਹਮਲੇ ਨੂੰ ‘ਦੁਖਦਾਈ ਘਟਨਾ’ ਦੱਸਿਆ। ਉਨ੍ਹਾਂ ਕਿਹਾ ਕਿ ਸੀਆਰਪੀਐਫ਼ ਜਵਾਨ ਬੀਤੇ ਨੂੰ ਭੁਲਾ ਕੇ ਆਪਣੀ ਪੇਸ਼ੇਵਾਰਾਨਾ ਪਹੁੰਚ, ਸਿਖਲਾਈ, ਸਰੀਰਕ ਤਾਕਤ ਤੇ ਫੌਰੀ ਜਵਾਬ ਦੇਣ ਦੇ ਹੁਨਰ ਨੂੰ ਵਿਕਸਤ ਕਰਨ ਵਲ ਧਿਆਨ ਕੇਂਦਰਤ ਕਰਨ। ਉਨ੍ਹਾਂ ਕਿਹਾ ਕਿ ਜੇਕਰ ਨੀਮ ਫੌਜੀ ਬਲਾਂ ਦੇ ਹੌਸਲੇ ਬੁਲੰਦ ਹੋਣਗੇ ਤਾਂ ਸਮਝੋ ਦੇਸ਼ ਦਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ।
INDIA ਭਾਰਤੀ ਲੀਡਰਸ਼ਿਪ ਅਤਿਵਾਦ ਦਾ ਟਾਕਰਾ ਕਰਨ ਦੇ ਸਮਰੱਥ: ਡੋਵਲ