ਭਾਰਤੀ ਮੂਲ ਦੇ ਪੁਲੀਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ

ਕੈਲੀਫੋਰਨੀਆ ਵਿਚ 33 ਸਾਲਾਂ ਭਾਰਤੀ ਮੂਲ ਦੇ ਪੁਲੀਸ ਅਧਿਕਾਰੀ ਦਾ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਟ੍ਰੈਫਿਕ ਕੰਟਰੋਲ ਕਰ ਰਹੇ ਸਨ। ਨਿਊਮੈਨ ਪੁਲੀਸ ਵਿਭਾਗ ਦੇ ਕਾਰਪੋਰਲ ਰੌਨਿਲ ਸਿੰਘ ਕ੍ਰਿਸਮਸ ਵਾਲੀ ਰਾਤ ਨੂੰ ਓਵਰਟਾਈਮ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ। ਇਸ ਮਾਮਲੇ ਦੀ ਜਾਂਚ ਸਟੇਨਿਸਲੌਸ ਕਾਊਂਟੀ ਸ਼ੈਰਿਫਜ਼ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਜ਼ਖਮੀ ਅਧਿਕਾਰੀ ਨੂੰ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਦੇ ਮੌਕੇ ਉੱਤੇ ਪੁੱਜਣ ਤੋਂ ਪਹਿਲਾਂ ਹਮਲਾਵਰ ਫ਼ਰਾਰ ਹੋ ਚੁੱਕਾ ਸੀ। ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰ ਤੇ ਉਸਦੇ ਵਾਹਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਕੈਲੀਫੋਰਨੀਆ ਹਾਈਵੇਅ ਪੈਟਰੋਲ (ਸੀਐੱਚਪੀ) ਨੇ ਹਮਲਾਵਰ ਦੇ ਸਪੇਨ ਨਾਲ ਜੁੜੇ ਹੋਣ ਬਾਰੇ ਖਦਸ਼ਾ ਜਾਹਰ ਕੀਤਾ ਹੈ। ਉਨ੍ਹਾਂ ਕਿਹਾ,‘ਸ਼ੱਕੀ ਹਮਲਾਵਰ ਨੂੰ ਹਥਿਆਰਾਂ ਨਾਲ ਲੈਸ ਅਤੇ ਖਤਰਨਾਕ ਮੰਨਿਆ ਜਾ ਰਿਹਾ ਹੈ।’ ਰੌਨਿਲ ਸਿੰਘ ਨੂੰ ਨਿਊਮੈਨ ਪੁਲੀਸ ਵਿਭਾਗ ਵਿਚ ਕੰਮ ਕਰਦਿਆਂ ਸੱਤ ਸਾਲ ਹੋ ਗਏ ਸਨ। ਇਸ ਤੋਂ ਪਹਿਲਾਂ ਉਹ ਮਰਸਡ ਕਾਊਂਟੀ ਸ਼ੈਰਿਫਜ਼ ਵਿਭਾਗ ਵਿਚ ਤਾਇਨਾਤ ਸਨ। ਉਹ ਆਪਣੇ ਪਿੱਛੇ ਪਤਨੀ ਅਨਾਮਿਕਾ ਅਤੇ ਪੰਜ ਮਹੀਨਿਆਂ ਦਾ ਪੁੱਤਰ ਛੱਡ ਗਏ ਹਨ।

Previous articleਰੈਸਤਰਾਂ ‘ਸਰਹੱਦ’ ਵਿਚ ਭਾਸ਼ਾਈ ਅਖ਼ਬਾਰਾਂ ਦੀ ਗੈਲਰੀ ਸਥਾਪਤ
Next articleਸਰਪੰਚੀ ਦਾ ਉਮੀਦਵਾਰ ਹਰੀ ਸਿੰਘ ਮਹਿਰਾਜ ਖ਼ੁਰਦ ’ਚ ਵੰਡ ਰਿਹਾ ਹੈ ਹਰਿਆਲੀ