ਲੰਡਨ-ਸਮਰਾ, (ਸਮਾਜਵੀਕਲੀ): ਭਾਰਤੀ ਮੂਲ ਦੇ ਇਕ ਡਾਕਟਰ ਜੋੜੇ ਨੇ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਡਾਕਟਰਾਂ ਅਤੇ ਸਿਹਤ ਸੇਵਾ ਕਾਮਿਆਂ ਦੀ ਵਿਅਕਤੀਗਤ ਸੁਰੱਖਿਆ ਉਪਕਰਣਾਂ (ਪੀ. ਪੀ. ਈ.) ਨਾਲ ਜੁੜੀਆਂ ਸੁਰੱਖਿਆ ਸਬੰਧੀ ਚਿੰਤਾਵਾਂ ਨਜਿੱਠਣ ਤੋਂ ਇਨਕਾਰ ਕਰਨ ਨੂੰ ਲੈ ਕੇ ਬ੍ਰਿਟਿਸ਼ ਸਰਕਾਰ ਖਿਲਾਫ ਅਦਾਲਤ ਵਿਚ ਜੰਗ ਦੀ ਸ਼ੁਰੂਆਤ ਕੀਤੀ ਹੈ।
ਡਾਕਟਰ ਨਿਸ਼ਾਂਤ ਜੋਸ਼ੀ ਤੇ ਉਨ੍ਹਾਂ ਦੀ ਗਰਭਵਤੀ ਪਤਨੀ ਡਾ. ਮੀਨਲ ਵਿਜ ਨੇ ਬ੍ਰਿਟੇਨ ਦੇ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਅਤੇ ਜਨ ਸਿਹਤ ਵਿਭਾਗ ਦੇ ਸਵਾਲਾਂ ਦਾ ਜਵਾਬ ਮੰਗਦੇ ਹੋਏ ਅਪ੍ਰੈਲ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਸੀ। ਉਨ੍ਹਾਂ ਬੁੱਧਵਾਰ ਨੂੰ ਇਸ ਮਾਮਲੇ ਵਿਚ ਲੰਡਨ ਦੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੇ।
ਜੋੜੇ ਨੇ ਬਿਆਨ ਵਿਚ ਕਿਹਾ,” ਅਸੀਂ ਇਹ ਨਹੀਂ ਕਰਨਾ ਚਾਹੁੰਦੇ ਸੀ। ਅਸੀਂ ਕੋਰੋਨਾ ਨਾਲ ਨਜਿੱਠ ਰਹੇ ਡਾਕਟਰ ਹਾਂ। ਅਸੀਂ ਲੋਕਾਂ ਦੀ ਜ਼ਿੰਦਗੀ ਬਚਾਉਣ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ।” ਉਨ੍ਹਾਂ ਕਿਹਾ ਕਿ ਸਾਡੇ ਵਲੋਂ ਚੁੱਕੇ ਗਏ ਮਾਮਲਿਆਂ ਨਾਲ ਨਜਿੱਠਣ ਤੋਂ ਸਰਕਾਰ ਨੇ ਇਨਕਾਰ ਕਰ ਦਿੱਤਾ, ਜਿਸ ਕਾਰਨ ਸਾਨੂੰ ਇਹ ਕਦਮ ਚੁੱਕਣਾ ਪਿਆ।
ਜੋੜੇ ਦੀ ਅਗਵਾਈ ਕਰ ਰਹੀ ਕਾਨੂੰਨੀ ਕੰਪਨੀ ਬਿੰਜਮਾਨਸ ਨੇ ਕਿਹਾ ਕਿ ਕਾਨੂੰਨੀ ਸਮੀਖਿਆ ਲਈ ਦਿੱਤੀ ਗਈ ਅਪੀਲ ਵਿਚ ਵਿਅਕਤੀਗਤ ਸੁਰੱਖਿਆ ਉਪਕਰਣਾਂ ਸਬੰਧੀ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਤੇ ਵਿਸ਼ਵ ਸਿਹਤ ਸੰਗਠਨ ਵਲੋਂ ਤੈਅ ਦਿਸ਼ਾ-ਨਿਰਦੇਸ਼ਾਂ ਵਿਚਕਾਰ ਅੰਤਰ ਨੂੰ ਰੇਖਾਂਕਿਤ ਕੀਤਾ ਗਿਆ ਹੈ।
ਡਾਕਟਰ ਜੋਸ਼ੀ ਤੇ ਉਨ੍ਹਾਂ ਦੀ ਪਤਨੀ ਡਾ. ਵਿਜ ਨੇ ਅਪ੍ਰੈਲ ਵਿਚ ਬ੍ਰਿਟੇਨ ਦੇ ਸਿਹਤ ਤੇ ਸਮਾਜਕ ਦੇਖਭਾਲ ਵਿਭਾਗ ਤੇ ਲੋਕ ਸਿਹਤ ਵਿਭਾਗ ਤੋਂ ਜਵਾਬ ਮੰਗਿਆ ਸੀ। ਸਰਕਾਰ ਵਲੋਂ ਉਚਿਤ ਜਵਾਬ ਨਾ ਮਿਲਣ ‘ਤੇ ਉਨ੍ਹਾਂ ਨੇ ਲੰਡਨ ਵਿਚ ਉੱਚ ਅਦਾਲਤ ਵਿਚ ਮਾਮਲਾ ਲੈ ਜਾਣ ਦਾ ਫੈਸਲਾ ਕੀਤਾ। ਜੋੜੇ ਨੇ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ, ਜਿਸ ਤਹਿਤ ਸਿਹਤ ਕਾਮਿਆਂ ਨੂੰ ਵਿਅਕਤੀਗਤ ਸੁਰੱਖਿਆ ਉਪਕਰਣ ਦੀ ਵਰਤੋਂ ਬਹੁਤ ਘੱਟ ਕਰਨ ਜਾਂ ਵਰਤੇ ਹੋਏ ਉਪਕਰਣਾਂ ਨੂੰ ਮੁੜ ਵਰਤਣ ਲਈ ਕਿਹਾ ਗਿਆ ਹੈ।