ਹਾਕੀ ਇੰਡੀਆ ਨੇ 20 ਮਈ ਤੋਂ ਕੋਰੀਆ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਲਈ ਸ਼ੁੱਕਰਵਾਰ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦੀ ਘੋਸ਼ਣਾ ਕਰ ਦਿੱਤੀ ਜਿਸ ਵਿੱਚ ਸਟ੍ਰਾਈਕਰ ਰਾਣੀ ਰਾਮਪਾਲ ਕਪਤਾਨ ਹੋਵੇਗੀ। ਮੁੱਖ ਕੋਚ ਸੋਰਡ ਮਾਰਿਨੇ ਦੇ ਮਾਰਗ ਦਰਸ਼ਨ ਵਾਲੀ ਟੀਮ ਵਿੱਚ ਗੋਲਕੀਪਰ ਸਵਿਤਾ ਉਪ ਕਪਤਾਨ ਹੋਵੇਗੀ। ਰਾਣੀ ਸੱਟ ਲੱਗਣ ਕਾਰਨ ਮਲੇਸ਼ੀਆਈ ਦੌਰੇ ਦੌਰਾਨ ਨਹੀਂ ਖੇਡ ਸਕੀ ਸੀ। ਇਹ ਮੈਚ ਜਾਪਾਨ ਦੇ ਹੀਰੋਸ਼ਿਮਾ ਵਿੱਚ 15 ਤੋਂ 23 ਜੂਨ ਤਕ ਚੱਲਣ ਵਾਲੇ ਐਫ਼ਆਈਐਚ ਮਹਿਲਾ ਸੀਰੀਜ਼ ਫਾਈਨਲ ਦੀ ਤਿਆਰੀਆਂ ਦੇ ਮੱਦੇਨਜ਼ਰ ਭਾਰਤੀ ਟੀਮ ਲਈ ਮਦਦਗਾਰ ਸਾਬਤ ਹੋਣਗੇ। ਸਾਲ ਦੇ ਸ਼ੁਰੂ ਵਿੱਚ ਭਾਰਤੀ ਟੀਮ ਨੇ ਸਪੇਨ ਅਤੇ ਆਇਰਲੈਂਡ ਦੇ ਦੌਰੇ ਕੀਤੇ ਸੀ। ਭਾਰਤ ਨੇ ਦੋ ਮੈਚ ਜਿੱਤੇ, ਤਿੰਨ ਡਰਾਅ ਕਰਾਏ ਜਦ ਕਿ ਇਕ ਵਿੱਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਟੀਮ ਨੇ ਮਲੇਸ਼ੀਆ ਦਾ ਦੌਰਾ ਵੀ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ 4-0 ਨਾਲ ਜਿੱਤ ਹਾਸਲ ਕੀਤੀ ਸੀ। ਸਵਿਤਾ ਅਤੇ ਰਜਨੀ ਇਤੀਮਾਰਪੂ ਕੋਰੀਆਈ ਦੌਰੇ ਵਿੱਚ ਤਿੰਨ ਮੈਚਾਂ ਵਿੱਚ ਗੋਲਕੀਪਿੰਗ ਦੀ ਜ਼ਿੰਮੇਵਾਰੀ ਸੰਭਾਲਣਗੀਆਂ ਜਦ ਕਿ ਸੱਟ ਕਾਰਨ ਮਲੇਸ਼ੀਆ ਦੌਰੇ ’ਤੇ ਨਹੀ ਜਾ ਸਕੀ ਗੁਰਜੀਤ ਕੌਰ ਵਾਪਸੀ ਕਰੇਗੀ। ਕੋਨ ਮਾਰਿਨੇ ਨੇ ਕਿਹਾ, ‘‘ਮੈਂ ਰਾਣੀ ਅਤੇ ਗੁਰਜੀਤ ਕੌਰ ਵਰਗੀਆਂ ਤਜ਼ਰਬੇਕਾਰ ਖਿਡਾਰਨਾਂ ਦੇ ਟੀਮ ਵਿੱਚ ਵਾਪਸੀ ਤੋਂ ਖੁਸ਼ ਹਾਂ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਇਨ੍ਹਾਂ ਮੈਚਾਂ ਨੂੰ ਖੇਡਣ ਵਿੱਚ ਪੁੂਰੀ ਤਰ੍ਹਾਂ ਫਿੱਟ ਹਨ। ਇਹ ਦੌਰਾ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਹੀਰੋਸ਼ੀਮਾ 2019 ਦੀਆਂ ਤਿਆਰੀਆਂ ਲਈ ਅਹਿਮ ਹੋਵੇਗਾ।’’
Sports ਭਾਰਤੀ ਮਹਿਲਾ ਹਾਕੀ ਦੀ ਕਪਤਾਨ ਬਣੀ ‘ਰਾਣੀ’