ਟੋਕੀਓ ਓਲੰਪਿਕ ਵਿੱਚ ਹੁਣ ਜਦੋਂ ਸਾਲ ਦੇ ਲਗਪਗ ਸਮਾਂ ਬਚਿਆ ਹੈ ਤਾਂ ਭਾਰਤ ਦੀ ਮਹਿਲਾ ਸਿੰਗਲਜ਼ ਬੈਡਮਿੰਟਨ ਕੋਚ ਦੱਖਣੀ ਕੋਰੀਆ ਦੀ ਕਿਮ ਜੀ ਹਿਊਨ ਨੇ ਨਿਊਜ਼ੀਲੈਂਡ ਵਿੱਚ ਆਪਣੇ ਬਿਮਾਰ ਪਤੀ ਦੀ ਦੇਖਭਾਲ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਨੇ ਇਸੇ ਸਾਲ ਕਿਮ ਨਾਲ ਸਮਝੌਤਾ ਕੀਤਾ ਸੀ ਅਤੇ ਉਸ ਦੇ ਮਾਰਗਦਰਸ਼ਨ ਵਿੱਚ ਹੀ ਪੀਵੀ ਸਿੰਧੂ ਨੇ ਸਵਿਟਜ਼ਰਲੈਂਡ ਦੇ ਬਾਸੇਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਸੀ।
ਬੁਸਾਨ ਦੀ ਰਹਿਣ ਵਾਲੀ 45 ਸਾਲ ਦੀ ਕਿਮ ਨੂੰ ਹਾਲਾਂਕਿ ਆਪਣੇ ਪਤੀ ਰਿਚੀ ਮਾਰ ਕੋਲ ਨਿਊਜ਼ੀਲੈਂਡ ਜਾਣਾ ਪਿਆ, ਜਿਸ ਨੂੰ ਲਗਪਗ 15 ਦਿਨ ਪਹਿਲਾਂ ‘ਨਿਊਰੋ ਸਟ੍ਰੋਕ’ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਦੇ ਮੁੱਖ ਕੌਮੀ ਕੋਚ ਪੁਲੇਲਾ ਗੋਪੀਚੰਦ ਨੇ ਦੱਸਿਆ, ‘‘ਇਹ ਸੱਚ ਹੈ, ਕਿਮ ਨੇ ਅਸਤੀਫ਼ਾ ਦੇ ਦਿੱਤਾ ਹੈ ਕਿਉਂਕਿ ਉਸ ਦੇ ਪਤੀ ਕਾਫ਼ੀ ਬਿਮਾਰ ਹਨ। ਵਿਸ਼ਵ ਚੈਂਪੀਅਨਸ਼ਿਪ ਦੌਰਾਨ ਉਸ ਨੂੰ ਨਿਊਰੋ ਸਟ੍ਰੋਕ ਦਾ ਸਾਹਮਣਾ ਕਰਨਾ ਪਿਆ। ਇਸ ਲਈ ਉਹ ਵਾਪਸ ਪਰਤ ਗਈ। ਉਸ ਨੂੰ ਆਪਣੇ ਪਤੀ ਦੀ ਦੇਖਭਾਲ ਕਰਨੀ ਹੋਵੇਗੀ ਕਿਉਂਕਿ ਇਸ ਤੋਂ ਉਭਰਨ ਵਿੱਚ ਚਾਰ ਤੋਂ ਛੇ ਮਹੀਨੇ ਦਾ ਸਮਾਂ ਲੱਗੇਗਾ।’’ ਕਿਮ ਨੇ ਸਿੰਧੂ ਨਾਲ ਚੰਗੀ ਜੋੜੀ ਬਣਾਈ ਸੀ ਅਤੇ ਭਾਰਤੀ ਖਿਡਾਰਨ ਵੀ ਆਪਣੀ ਸਫ਼ਲਤਾ ਵਿੱਚ ਕੋਰਿਆਈ ਕੋਚ ਦੀ ਭੂਮਿਕਾ ਸਵੀਕਾਰ ਕਰ ਚੁੱਕੀ ਹੈ। ਸਿੰਧੂ ਨੇ ਕਿਹਾ, ‘‘ਇਹ ਮੰਦਭਾਗਾ ਹੈ ਕਿ ਕਿਮ ਸਾਨੂੰ ਇਸ ਹਾਲਾਤ ਵਿੱਚ ਛੱਡ ਗਈ… ਮੈਂ ਕਾਮਨਾ ਕਰਦੀ ਹਾਂ ਕਿ ਉਸ ਦਾ ਪਤੀ ਜਲਦੀ ਠੀਕ ਹੋਵੇ।’’ ਕਿਮ ਭਾਰਤ ਦੀ ਤੀਜੀ ਵਿਦੇਸ਼ੀ ਕੋਚ ਹੈ, ਜਿਸ ਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ। ਇੰਡੋਨੇਸ਼ੀਆ ਦੇ ਮੰਨੇ-ਪ੍ਰਮੰਨੇ ਮੁਲਿਓ ਹੰਦੋਯੋ ਨੇ ਵੀ ਸਾਲ 2017 ਵਿੱਚ ਨਿੱਜੀ ਕਾਰਨਾਂ ਕਰਕੇ ਭਾਰਤੀ ਕੌਮੀ ਬੈਡਮਿੰਟਨ ਟੀਮ ਦਾ ਸਾਥ ਛੱਡ ਦਿੱਤਾ ਸੀ। ਉਹ ਮਗਰੋਂ ਸਿੰਗਾਪੁਰ ਦੀ ਟੀਮ ਨਾਲ ਜੁੜ ਗਿਆ ਸੀ। ਹੰਦੋਯੋ ਨੇ ਵਿਸ਼ਵ ਪੱਧਰ ’ਤੇ ਭਾਰਤ ਦੇ ਪੁਰਸ਼ ਸਿੰਗਲਜ਼ ਖਿਡਾਰੀਆਂ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਮਲੇਸ਼ੀਆ ਦੇ ਟੇਨ ਕਿਮ ਹਰ ਨੇ ਵੀ ਇਸ ਸਾਲ ਦੇ ਸ਼ੁਰੂ ਵਿੱਚ ਭਾਰਤੀ ਡਬਲਜ਼ ਕੋਚ ਦੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਦਕਿ ਉਸ ਦਾ ਕਾਰਜਕਾਲ ਟੋਕੀਓ ਓਲੰਪਿਕ ਤੱਕ ਸੀ। ਬੀਏਆਈ ਨੂੰ ਹੁਣ ਛੇਤੀ ਹੀ ਕਿਮ ਦਾ ਬਦਲ ਲੱਭਣਾ ਹੋਵੇਗਾ ਕਿਉਂਕਿ ਓਲੰਪਿਕ ਕੁਆਲੀਫੀਕੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਟੋਕੀਓ ਓਲੰਪਿਕ ਖੇਡਾਂ ਸ਼ੁਰੂ ਹੋਣ ਵਿੱਚ ਸਿਰਫ਼ ਦਸ ਮਹੀਨੇ ਬਚੇ ਹਨ। ਗੋਪੀਚੰਦ ਨੇ ਕਿਹਾ, ‘‘ਅਸੀਂ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਲਿਆਉਣ ਦਾ ਯਤਨ ਕਰ ਰਹੇ ਹਾਂ, ਪਰ ਇਹ ਕੰਮ ਚਲਾਊ ਪ੍ਰਬੰਧ ਹੋਵੇਗਾ। ਸਾਨੂੰ ਪੱਕਾ ਹੱਲ ਲੱਭਣਾ ਹੋਵੇਗਾ।’’ ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਦੇ ਜਨਰਲ ਸਕੱਤਰ ਅਜੈ ਕੇ ਸਿੰਘਾਨੀਆ ਨੇ ਹਾਲਾਂਕਿ ਕਿਹਾ ਕਿ ਨਾ ਤਾਂ ਕੌਮੀ ਐਸੋਸੀਏਸ਼ਨ ਅਤੇ ਨਾ ਹੀ ਭਾਰਤੀ ਖੇਡ ਅਥਾਰਟੀ (ਸਾਈ) ਨੂੰ ਉਸ ਦਾ ਅਸਤੀਫ਼ਾ ਮਿਲਿਆ ਹੈ।
Sports ਭਾਰਤੀ ਬੈਡਮਿੰਟਨ ਨੂੰ ਝਟਕਾ; ਕੋਚ ਕਿਮ ਜੀ ਹਿਊਨ ਦਾ ਅਸਤੀਫ਼ਾ