ਸਿੱਖ ਰੈਜਮੈਂਟ ਨਾਲ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਸਾਂਝ ਦੇ 100 ਸਾਲ
ਭਾਰਤੀ ਫੌਜ ਅਤੇ ਸਿੱਖ ਰੈਜਮੈਂਟ ਨਾਲ ਆਪਣੇ ਪਰਿਵਾਰ ਦੀ ਸਾਂਝ ਦੇ ਇੱਕ ਸੌ ਸਾਲ ਪੂਰੇ ਹੋਣ ਦੇ ਜਸ਼ਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਰਾਤ ਨੂੰ ਚੰਡੀਮੰਦਰ ਵਿੱਚ ਰੈਜਮੈਂਟ ਦੇ ਅਫਸਰਾਂ ਅਤੇ ਜਵਾਨਾਂ ਨਾਲ ਮਨਾਏ। ਇਸ ਮੌਕੇ ਇੱਕ ਸ਼ਾਨਦਾਰ ਦਾਅਵਤ ਦਿੱਤੀ ਗਈ। ਇਸ ਮੌਕੇ ਰੈਜਮੈਂਟ ਦੇ ਜਵਾਨਾਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਸਿੱਖ ਰੈਜਮੈਂਟ (ਪੁਰਾਣੀ 15 ਲੁਧਿਆਣਾ ਸਿੱਖ) ਦੇ ਪਰਿਵਾਰਾਂ ਅਤੇ ਬੱਚਿਆਂ ਨੂੰ ਵੀ ਮਿਲੇ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੱਕ ਜਵਾਨ ਵਜੋਂ ਭਾਰਤੀ ਫੌਜ ਵਿੱਚ ਸ਼ਾਮਲ ਹੋ ਕੇ ਦੇਸ਼ ਸੇਵਾ ਵਿੱਚ ਪਾਏ ਯੋਗਦਾਨ ’ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਣ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਰੈਜਮੈਂਟ ਦੀ ਦੂਜੀ ਬਟਾਲੀਅਨ ਵਿੱਚ 1963 ਤੋਂ ਲੈ ਕੇ 1969 ਤੱਕ ਸੇਵਾ ਨਿਭਾਈ ਹੈ। ਭਾਵੇਂ ਕਿ ਇਸ ਦੌਰਾਨ ਥੋੜ੍ਹੇ ਅਰਸੇ ਲਈ ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਬਟਾਲੀਅਨ ਛੱਡ ਵੀ ਗਏ ਸਨ ਪਰ 1965 ਦੀ ਭਾਰਤ- ਪਾਕਿ ਜੰਗ ਦੌਰਾਨ ਬਟਾਲੀਅਨ ਨਾਲ ਆਪਣੇ ਪਿਆਰ ਸਦਕਾ ਉਹ ਮੁੜ ਬਟਾਲੀਅਨ ਵਿੱਚ ਸ਼ਾਮਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਲੈਫਟੀਨੈਂਟ ਜਨਰਲ ਮਹਾਰਾਜਾ ਯਾਦਵਿੰਦਰ ਸਿੰਘ ਨੇ 1935 ਵਿੱਚ ਰੈਜਮੈਂਟ ਵਿੱਚ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਦੇ ਦਾਦਾ ਮੇਜਰ ਜਨਰਲ ਮਹਾਰਾਜਾ ਭੁਪਿੰਦਰ ਸਿੰਘ 15ਵੀਂ ਲੁਧਿਆਣਾ ਸਿੱਖ ਰੈਜਮੈਂਟ ਵਿੱਚ 1918 ਤੋਂ 1922 ਤੱਕ ਕਰਨਲ ਦੇ ਅਹੁਦੇ ਉੱਤੇ ਰਹੇ ਅਤੇ ਫਿਰ 1922 ਤੋਂ 1938 ਤੱਕ 2/11 ਰੌਇਲ ਸਿੱਖ ਰੈਜੀਮੈਂਟ ਵਿੱਚ ਸੇਵਾਵਾਂ ਨਿਭਾਈਆਂ। ਇਸ ਮੌਕੇ ਮੁੱਖ ਮੰਤਰੀ ਨੇ ਚਾਂਦੀ ਦਾ ਇੱਕ ਯਾਦ ਚਿੰਨ੍ਹ ਬਟਾਲੀਅਨ ਨੂੰ ਸੌਂਪਿਆ, ਜਿਸ ਵਿੱਚ ਸਿੱਖ ਫੌਜੀ ਲੜਦਾ ਹੋਇਆ ਦਿਖਾਇਆ ਗਿਆ ਹੈ। ਇਸ ਨੂੰ ਅਫ਼ਸਰ ਮੈੱਸ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਮੌਕੇ ਕੈਪਟਨ ਨਾਲ ਉਨ੍ਹਾਂ ਦੇ ਭਰਾ ਮਾਲਵਿੰਦਰ ਸਿੰਘ, ਉਨ੍ਹਾਂ ਦੀ ਭੈਣ ਅਤੇ ਭਣੋਈਆ ਹੇਮਿੰਦਰ ਕੌਰ, ਉਨ੍ਹਾਂ ਦੇ ਪਤੀ ਕੇ. ਨਟਵਰ ਸਿੰਘ ਅਤੇ ਰੂਪਇੰਦਰ ਕੌਰ, ਉਨ੍ਹਾਂ ਦੇ ਪਤੀ ਮੇਜਰ ਕੇ. ਐਸ. ਢਿੱਲੋਂ (ਆਰਮਰਡ ਕੋਰ) ਤੋਂ ਇਲਾਵਾ ਪਰਿਵਾਰ ਦੇ ਹੋਰਨਾਂ ਮੈਂਬਰਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ, ਧੀ ਜੈ ਇੰਦਰ ਕੌਰ ਅਤੇ ਦੋਹਤਾ ਨਿਰਵਾਣ ਸਿੰਘ ਹਾਜ਼ਰ ਸਨ।