ਭਾਰਤੀ ਦੌਰੇ ਤੋਂ ਪਹਿਲਾਂ ਬੰਗਲਾਦੇਸ਼ੀ ਕ੍ਰਿਕਟਰ ਹੜਤਾਲ ’ਤੇ

ਬੰਗਲਾਦੇਸ਼ ਦੇ ਅਗਲੇ ਦਿਨਾਂ ਵਿੱਚ ਭਾਰਤੀ ਦੌਰੇ ’ਤੇ ਉਸ ਸਮੇਂ ਸਵਾਲੀਆ ਨਿਸ਼ਾਨ ਲੱਗ ਗਏ, ਜਦੋਂ ਉਥੋਂ ਦੇ ਕ੍ਰਿਕਟਰਾਂ ਨੇ ਤਨਖ਼ਾਹ ਸਣੇ ਹੋਰ ਮੰਗਾਂ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਕ੍ਰਿਕਟ ਸਰਗਰਮੀਆਂ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਬੀਸੀਸੀਆਈ ਨੇ ਇਸ ਮਾਮਲੇ ’ਤੇ ਨੇੜਿਉਂ ਨਜ਼ਰ ਰੱਖੀ ਹੋਈ ਅਤੇ ਭਾਰਤੀ ਕ੍ਰਿਕਟ ਬੋਰਡ ਦੇ ਅਗਲੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਇਹ ਮਾਮਲਾ ਛੇਤੀ ਸੁਲਝਣ ਦੀ ਆਸ ਹੈ।
ਬੰਗਲਾਦੇਸ਼ ਕ੍ਰਿਕਟ ਟੀਮ ਦਾ ਭਾਰਤੀ ਦੌਰਾ ਤਿੰਨ ਨਵੰਬਰ ਨੂੰ ਸ਼ੁਰੂ ਹੋਣਾ ਹੈ, ਜਿੱਥੇ ਉਸ ਨੇ ਤਿੰਨ ਟੀ-20 ਕੌਮਾਂਤਰੀ ਅਤੇ ਦੋ ਟੈਸਟ ਮੈਚਾਂ ਦੀਆਂ ਲੜੀਆਂ ਖੇਡਣੀਆਂ ਹਨ। ਟੈਸਟ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਬੰਗਲਾਦੇਸ਼ ਖ਼ਿਲਾਫ਼ ਲੜੀ ਰੱਦ ਹੋਣ ਦੀ ਸੂਰਤ ਵਿੱਚ ਭਾਰਤ ਨੂੰ ਚੈਂਪੀਅਨਸ਼ਿਪ ਵਿੱਚ 120 ਅੰਕ ਮਿਲ ਜਾਣਗੇ।
ਟੈਸਟ ਅਤੇ ਟੀ-20 ਕਪਤਾਨ ਸ਼ਾਕਿਬ ਅਲ ਹਸਨ, ਮੁਹੰਮਦੁੱਲ੍ਹਾ ਅਤੇ ਮੁਸ਼ਫਿਕੁਰ ਰਹੀਮ ਵਰਗੇ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੇ ਅੱਜ ਇੱਥੇ ਪ੍ਰੈੱਸ ਕਾਨਰਫੰਸ ਕਰਕੇ ਹਰ ਤਰ੍ਹਾਂ ਦੀ ਕ੍ਰਿਕਟ ਸਰਗਰਮੀ ਦੇ ਬਾਈਕਾਟ ਦਾ ਐਲਾਨ ਕੀਤਾ। 50 ਦੇ ਕਰੀਬ ਕ੍ਰਿਕਟਰਾਂ ਨੇ ਇਸ ਪ੍ਰਦਰਸ਼ਨ ਦਾ ਸਮਰਥਨ ਕੀਤਾ। ਗਾਂਗੁਲੀ ਨੇ ਕੋਲਕਾਤਾ ਵਿੱਚ ਕਿਹਾ ਕਿ ਉਸ ਨੂੰ ਪੂਰਾ ਭਰੋਸਾ ਹੈ ਕਿ ਬੰਗਲਾਦੇਸ਼ ਇਸ ਦੌਰੇ ਨੂੰ ਰੱਦ ਨਹੀਂ ਹੋਣ ਦੇਵੇਗਾ।

Previous articleਸਾਊਦੀ ਅਰਬ ’ਚ ਪੰਜਾਬੀ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ
Next articleਬੰਗਲਾਦੇਸ਼ ਖ਼ਿਲਾਫ਼ ਖੇਡਣ ਬਾਰੇ ਫ਼ੈਸਲਾ ਕੋਹਲੀ ਦਾ: ਗਾਂਗੁਲੀ