ਨਵੀਂ ਦਿੱਲੀ/ਪੇਈਚਿੰਗ (ਸਮਾਜ ਵੀਕਲੀ) : ਪੂਰਬੀ ਲੱਦਾਖ ਵਿਚ ਰੇਜ਼ਾਂਗ-ਲਾ ਰਿੱਜਲਾਈਨ ਦੇ ਮੁਖਪਰੀ ਇਲਾਕੇ ’ਚ ਸਥਿਤ ਭਾਰਤੀ ਪੋਸਟ ਵੱਲ ਚੀਨੀ ਫ਼ੌਜ ਦੇ ਜਵਾਨ ਬਰਛੇ, ਭਾਲੇ, ਡੰਡੇ ਅਤੇ ਹੋਰ ਤੇਜ਼ਧਾਰ ਹਥਿਆਰ ਲੈ ਕੇ ਆ ਗਏ। ਸਰਕਾਰੀ ਸੂਤਰਾਂ ਮੁਤਾਬਕ ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਜਦੋਂ ਤਣਾਅ ਵਧਿਆ ਤਾਂ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਦੇ 50-60 ਜਵਾਨ ਸੋਮਵਾਰ ਸ਼ਾਮ ਕਰੀਬ ਛੇ ਵਜੇ ਪੈਂਗੌਂਗ ਝੀਲ ਦੇ ਦੱਖਣੀ ਸਿਰੇ ’ਤੇ ਭਾਰਤੀ ਚੌਕੀ ਵੱਲ ਆ ਗਏ। ਉੱਥੇ ਮੌਜੂਦ ਭਾਰਤੀ ਫ਼ੌਜ ਨੇ ਉਨ੍ਹਾਂ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਤੇ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।
ਸੂਤਰਾਂ ਦਾ ਕਹਿਣਾ ਹੈ ਕਿ ਚੀਨੀ ਫ਼ੌਜਾਂ ਕੋਲ ਰਾਡਾਂ ਤੇ ਤਿੱਖੇ ਹਥਿਆਰ ਸਨ। ਜਦ ਭਾਰਤੀ ਫ਼ੌਜ ਨੇ ਚੀਨੀ ਫ਼ੌਜਾਂ ਨੂੰ ਪਰਤ ਜਾਣ ਲਈ ਕਿਹਾ ਤਾਂ ਉਨ੍ਹਾਂ ਭਾਰਤੀ ਫ਼ੌਜੀਆਂ ਨੂੰ ਡਰਾਉਣ-ਧਮਕਾਉਣ ਲਈ 10-15 ਹਵਾਈ ਫਾਇਰ ਕੀਤੇ। ਐਲਏਸੀ ’ਤੇ ਇਸ ਤਰ੍ਹਾਂ ਹਥਿਆਰਾਂ ਦੀ ਵਰਤੋਂ 45 ਸਾਲਾਂ ਬਾਅਦ ਹੋਈ ਹੈ। ਇਸ ਤੋਂ ਪਹਿਲਾਂ 1975 ਵਿਚ ਅਸਲ ਕੰਟਰੋਲ ਰੇਖਾ ’ਤੇ ਗੋਲੀ ਚੱਲੀ ਸੀ। ਸੂਤਰਾਂ ਮੁਤਾਬਕ ਭਾਰਤ ਨੇ ਕੋਈ ਹਥਿਆਰ ਨਹੀਂ ਵਰਤਿਆ। ਸੂਤਰਾਂ ਦਾ ਕਹਿਣਾ ਹੈ ਕਿ ਚੀਨੀ ਫ਼ੌਜ ਦੀ ਇਹ ਕਾਰਵਾਈ ਭਾਰਤੀ ਫ਼ੌਜ ਨੂੰ ਰਣਨੀਤਕ ਚੋਟੀਆਂ- ਮੁਖਪਰੀ ਪੀਕ ਤੇ ਰੇਜ਼ਾਂਗ-ਲਾ ਤੋਂ ਹਟਾਉਣ ਲਈ ਸੀ।
ਪੀਐਲਏ ਪਿਛਲੇ ਤਿੰਨ-ਚਾਰ ਦਿਨਾਂ ਤੋਂ ਰਣਨੀਤਕ ਚੋਟੀਆਂ ਉਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸੋਮਵਾਰ ਸ਼ਾਮ ਚੀਨੀ ਫ਼ੌਜੀਆਂ ਨੇ ਇਕ ਲੋਹੇ ਦੀ ਵਾੜ ਨੂੰ ਨੁਕਸਾਨ ਪਹੁੰਚਾਇਆ ਜੋ ਕਿ ਇਲਾਕੇ ਵਿਚ ਭਾਰਤੀ ਫ਼ੌਜ ਵੱਲੋਂ ਲਾਈ ਗਈ ਸੀ। ਪੈਂਗੌਂਗ ਝੀਲ ਦੇ ਦੱਖਣੀ ਸਿਰੇ ਦੁਆਲੇ ਸਥਿਤ ਰਣਨੀਤਕ ਤੌਰ ’ਤੇ ਮਹੱਤਵਪੂਰਨ ਚੋਟੀਆਂ ਭਾਰਤ ਦੇ ਕਬਜ਼ੇ ਵਿਚ ਹਨ ਤੇ ਇੱਥੋਂ ਅਹਿਮ ਚੀਨੀ ਰੱਖਿਆ ਟਿਕਾਣੇ ਉਪਰੋਂ ਨਜ਼ਰ ਆਉਂਦੇ ਹਨ। ਚੀਨ ਦੀ ਇਹ ਫ਼ੌਜੀ ਤਾਇਨਾਤੀ ਮੋਲਡੋ ਇਲਾਕੇ ਵਿਚ ਹੈ।
ਪੀਐਲਏ ਨੇ ਸੋਮਵਾਰ ਰਾਤ ਦੋਸ਼ ਲਾਇਆ ਸੀ ਕਿ ਭਾਰਤੀ ਫ਼ੌਜ ਨੇ ਐਲਏਸੀ ਪਾਰ ਕੀਤੀ ਹੈ ਤੇ ਪੈਂਗੌਂਗ ਝੀਲ ਲਾਗੇ ਫਾਇਰ ਕੀਤੇ ਹਨ। ਇਸ ਲਈ ਚੀਨੀ ਫ਼ੌਜ ਨੂੰ ਜਵਾਬ ਦੇਣਾ ਪਿਆ।’ ਜਦਕਿ ਭਾਰਤੀ ਫ਼ੌਜ ਨੇ ਅੱਜ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਫ਼ੌਜ ਨੇ ਕਿਹਾ ਕਿ ‘ਐਨਾ ਜ਼ਿਆਦਾ ਉਕਸਾਉਣ’ ਦੇ ਬਾਵਜੂਦ ਭਾਰਤੀ ਜਵਾਨਾਂ ਨੇ ‘ਬਹੁਤ ਸੰਜਮ’ ਤੋਂ ਕੰਮ ਲਿਆ ਹੈ ਤੇ ਜ਼ਿੰਮੇਵਾਰ ਵਿਹਾਰ ਕੀਤਾ ਹੈ। ਫ਼ੌਜ ਨੇ ਕਿਹਾ ਕਿ ਪੀਐਲਏ ਦੇ ਬਿਆਨ ਘਰੇਲੂ ਤੇ ਕੌਮਾਂਤਰੀ ਪੱਧਰ ਉਤੇ ਗੁਮਰਾਹ ਕਰਨ ਵਾਲੇ ਹਨ। ਫ਼ੌਜ ਸ਼ਾਂਤੀ ਤੇ ਸਥਿਰਤਾ ਲਈ ਵਚਨਬੱਧ ਹੈ, ਪਰ ਹਰ ਹਾਲ ਕੌਮੀ ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਵੀ ਕੀਤੀ ਜਾਣੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਚੀਨੀ ਮੀਡੀਆ ਵਿਚ ਐਨਐੱਸਏ ਅਜੀਤ ਡੋਵਾਲ ਦੇ ਹਵਾਲੇ ਨਾਲ ਛਪੀਆਂ ਕੁਝ ਖ਼ਬਰਾਂ ਨੂੰ ਝੂਠਾ ਦੱਸਿਆ ਹੈ। ਭਾਰਤੀ ਫ਼ੌਜ ਨੇ ਸਪੱਸ਼ਟ ਕੀਤਾ ਹੈ ਕਿ ਨਾ ਤਾਂ ਜਵਾਨਾਂ ਨੇ ਐਲਏਸੀ ਪਾਰ ਕੀਤੀ ਹੈ ਤੇ ਨਾ ਹੀ ਫਾਇਰ ਕੀਤੇ ਹਨ। ਫ਼ੌਜ ਨੇ ਕਿਹਾ ਕਿ ਇਹ ਪੀਐਲਏ (ਚੀਨੀ ਫ਼ੌਜ) ਹੈ, ਜੋ ਸਮਝੌਤਿਆਂ ਦੀ ਉਲੰਘਣਾ ਕਰ ਰਹੀ ਹੈ ਤੇ ਹਮਲਾਵਰ ਤੌਰ-ਤਰੀਕੇ ਅਖ਼ਤਿਆਰ ਕੀਤੇ ਜਾ ਰਹੇ ਹਨ। ਫ਼ੌਜੀ, ਕੂਟਨੀਤਕ ਤੇ ਸਿਆਸੀ ਪੱਧਰ ’ਤੇ ਤਾਲਮੇਲ ਦੇ ਬਾਵਜੂਦ ਇਸ ਸਭ ਕੀਤਾ ਜਾ ਰਿਹਾ ਹੈ।