ਭਾਰਤੀ ਕ੍ਰਿਕਟ ਬੋਰਡ ਚੋਣਾਂ: ਸੂਬਾਈ ਪ੍ਰਤੀਨਿਧਾਂ ਦੀ ਨਾਮਜ਼ਦਗੀ ਦੀ ਸਮਾਂ ਸੀਮਾ 4 ਤੱਕ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਚੋਣ ਅਧਿਕਾਰੀ ਐੱਨ ਗੋਪਾਲ ਸਵਾਮੀ ਨੇ ਅੱਜ ਭਾਰਤੀ ਕ੍ਰਿਕਟ ਬੋਰਡ ਦੇ ਸਾਲਾਨਾ ਆਮ ਇਜਲਾਸ ਵਿੱਚ ਸੂਬਾਈ ਪ੍ਰਤੀਨਿਧਾਂ ਦੀ ਨਾਮਜ਼ਦਗੀ ਦੀ ਸਮਾਂ ਸੀਮਾ 4 ਅਕਤੂਬਰ ਤੈਅ ਕੀਤੀ ਹੈ।
ਭਾਰਤ ਕ੍ਰਿਕਟ ਕੰਟਰੋਲ ਬੋਰਡ ਦਾ ਸਾਲਾਨਾ ਆਮ ਇਜਲਾਸ ਮੁੰਬਈ ਵਿੱਚ 23 ਅਕਤੂਬਰ ਨੂੰ ਹੋਣਾ ਹੈ ਅਤੇ ਇਸੇ ਦੌਰਾਨ ਬੋਰਡ ਦੀਆਂ ਚੋਣਾਂ ਵੀ ਹੋਣਗੀਆਂ। ਇਸ ਤੋਂ ਪਹਿਲਾਂ ਚੋਣਾਂ 22 ਅਕਤੂਬਰ ਨੂੰ ਹੋਣੀਆਂ ਸਨ ਪਰ ਮਹਾਰਾਸ਼ਟਰ ਤੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਕਰ ਕੇ ਇਨ੍ਹਾਂ ਨੂੰ ਇਕ ਦਿਨ ਟਾਲ ਦਿੱਤਾ ਗਿਆ। ਸ੍ਰੀ ਗੋਪਾਲ ਸਵਾਮੀ ਨੇ ਭਾਰਤੀ ਕ੍ਰਿਕਟ ਬੋਰਡ ਦੀਆਂ ਚੋਣਾਂ ਦੀ ਸਮਾਂ ਸੂਚੀ ਜਾਰੀ ਕੀਤੀ ਜਿਸ ਅਨੁਸਾਰ ਡਰਾਫ਼ਟ ਵੋਟਰ ਸੂਚੀ 4 ਅਕਤੂਬਰ ਨੂੰ ਸ਼ਾਮ 5 ਵਜੇ ਜਾਰੀ ਹੋਵੇਗੀ। ਅੰਤਿਮ ਵੋਟਰ ਸੂਚੀ 10 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ।

ਭਾਰਤੀ ਕ੍ਰਿਕਟ ਬੋਰਡ ਚੋਣਾਂ ਲਈ ਨਾਮਜ਼ਦਗੀ 11, 12 ਤੇ 14 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਿੱਤੀਆਂ ਜਾ ਸਕਦੀਆਂ ਹਨ। ਅਰਜ਼ੀਆਂ ਦੀ ਸਮੀਖਿਆ 15 ਅਕਤੂਬਰ ਨੂੰ ਹੋਵੇਗੀ ਅਤੇ ਇਸੇ ਦਿਨ ਯੋਗ ਨਾਮਜ਼ਦ ਉਮੀਦਵਾਰਾਂ ਦੀ ਸੂਚੀ ਐਲਾਨ ਦਿੱਤੀ ਜਾਵੇਗੀ। 23 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਚੋਣਾਂ ’ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਦਾ ਐਲਾਨ 16 ਅਕਤੂਬਰ ਨੂੰ ਕੀਤਾ ਜਾਵੇਗਾ। ਰਾਜ ਇਕਾਈਆਂ ਨੂੰ 4 ਅਕਤੂਬਰ ਤੱਕ ਆਪਣੀਆਂ ਚੋਣਾਂ ਕਰਵਾਉਣੀਆਂ ਹੋਣਗੀਆਂ। ਇਸ ਸਮਾਂ ਸੀਮਾ ਨੂੰ ਭਾਰਤੀ ਕ੍ਰਿਕਟ ਦਾ ਸੰਚਾਲਨ ਕਰ ਰਹੀ ਪ੍ਰਸ਼ਾਸਕਾਂ ਦੀ ਕਮੇਟੀ ਪਹਿਲਾਂ ਹੀ ਦੋ ਵਾਰ ਵਧਾ ਚੁੱਕੀ ਹੈ।

Previous articleਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ
Next articleਨਾਨੀ ਨੇ ਪੁੱਤ ਨਾਲ ਮਿਲ ਕੇ ਨਵਜੰਮੀਆਂ ਦੋਹਤੀਆਂ ਨਹਿਰ ’ਚ ਸੁੱਟੀਆਂ