ਭਾਰਤੀ ਕ੍ਰਿਕਟ ਟੀਮ ਦੇ ਮੁੜ ਕੋਚ ਬਣੇ ਰਵੀ ਸ਼ਾਸਤਰੀ ਨੇ ਕਿਹਾ ਕਿ ਉਸ ਦੀ ਕੋਸ਼ਿਸ਼ ਬਦਲਾਅ ਦੇ ਦੌਰ ਵਿੱਚੋਂ ਲੰਘ ਰਹੀ ਟੀਮ ਨੂੰ ਬਿਹਤਰ ਬਣਾਉਣ ਦੀ ਹੋਵੇਗੀ। ਉਸ ਨੇ ਕਿਹਾ ਕਿ ਇਸ ਦੌਰਾਨ ਟੀਮ ਤਜਰਬੇ ਕਰਨ ਤੋਂ ਪਿੱਛੇ ਨਹੀਂ ਹਟੇਗੀ।
ਸ਼ਾਸਤਰੀ ਨੂੰ ਕੱਲ੍ਹ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਦੂਜੀ ਵਾਰ ਟੀਮ ਦਾ ਮੁੱਖ ਕੋਚ ਚੁਣਿਆ ਹੈ। ਸ਼ਾਸਤਰੀ ਦੀ ਉਮਰ 57 ਸਾਲ ਹੈ ਅਤੇ ਬੀਸੀਸੀਆਈ ਸੰਵਿਧਾਨ ਮੁਤਾਬਕ ਕੌਮੀ ਟੀਮ ਦੇ ਕੋਚ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਅਜਿਹੇ ਵਿੱਚ ਸ਼ਾਸਤਰੀ ਕੋਲ ਟੀਮ ਨਾਲ ਇਹ ਆਖ਼ਰੀ ਮੌਕਾ ਹੋਵੇਗਾ। 2023 ਵਿਸ਼ਵ ਕੱਪ ਵਿੱਚ ਅਜੇ ਕਾਫ਼ੀ ਸਮਾਂ ਹੈ ਅਤੇ 2021 ਟੀ-20 ਵਿਸ਼ਵ ਕੱਪ ਜਿੱਤਣਾ ਟੀਮ ਲਈ ਆਸ਼ਾਵਾਦੀ ਟੀਚਾ ਹੋ ਸਕਦਾ ਹੈ।
ਸ਼ਾਸਤਰੀ ਨੇ ਬੀਸੀਸੀਆਈ.ਟੀਵੀ ਨੂੰ ਕਿਹਾ, ‘‘ਅਗਲੇ ਦੋ ਸਾਲ ਸਾਨੂੰ ਇਹ ਵੇਖਣਾ ਹੋਵੇਗਾ ਕਿ ਬਦਲਾਅ ਦਾ ਦੌਰ ਠੀਕ ਤਰ੍ਹਾਂ ਰਹੇ ਕਿਉਂਕਿ ਟੀਮ ਵਿੱਚ ਕਈ ਨੌਜਵਾਨ ਖਿਡਾਰੀ ਆਉਣਗੇ, ਖ਼ਾਸ ਕਰਕੇ ਇੱਕ ਰੋਜ਼ਾ ਵਿੱਚ, ਇਸ ਦੇ ਨਾਲ ਟੈਸਟ ਟੀਮ ਵਿੱਚ ਵੀ ਕੁੱਝ ਨੌਜਵਾਨ ਆਉਣਗੇ।’’ ਭਾਰਤੀ ਟੀਮ ਦੇ ਇਸ ਸਾਬਕਾ ਹਰਫ਼ਨਮੌਲਾ ਨੇ ਕਿਹਾ, ‘‘ਤੁਹਾਨੂੰ ਤਿੰਨ-ਚਾਰ ਗੇਂਦਬਾਜ਼ਾਂ ਦੀ ਪਛਾਣ ਕਰਨੀ ਹੋਵੇਗੀ ਤਾਂ ਕਿ ਉਨ੍ਹਾਂ ਨੂੰ ਪੂਲ ਵਿੱਚ ਜੋੜਿਆ ਜਾ ਸਕੇ, ਇਹ ਇੱਕ ਚੁਣੌਤੀ ਹੈ। ਮੈਂ ਚਾਹਾਂਗਾ ਕਿ 26 ਮਹੀਨੇ ਦੇ ਆਪਣੇ ਕਾਰਜਕਾਲ ਮਗਰੋਂ ਅਜਿਹੀ ਵਿਰਾਸਤ ਛੱਡ ਕੇ ਜਾਵਾਂ ਜਿੱਥੇ ਟੀਮ ਖ਼ੁਸ਼ ਰਹੇ।’’
Sports ਨਵੇਂ ਖਿਡਾਰੀਆਂ ਨਾਲ ਟੀਮ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗਾ: ਸ਼ਾਸਤਰੀ