ਭਾਰਤੀ ਕਿਸਾਨ ਯੂਨੀਅਨ ਨੇ ਜੋਗਾ ਥਾਣਾ ਘੇਰਿਆ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਅੱਜ ਜੋਗਾ ਥਾਣੇ ਦਾ ਘਿਰਾਓ ਕਰ ਕੇ ਧਰਨਾ ਲਾਇਆ। ਧਰਨਾਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਪੁਲੀਸ ਨੇ ਪਿੰਡ ਰੱਲਾ ਦੇ ਕਿਸਾਨ ਕਾਲਾ ਰਾਮ ਦੀ ਕੁੱਝ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਮਾਮਲੇ ਵਿੱਚ ਅੱਖਾਂ ਮੀਟੀਆਂ ਹੋਈਆਂ ਹਨ। ਪੁਲੀਸ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਪੁਲੀਸ ਨੂੰ ਜਗਾਉਣ ਲਈ ਧਰਨਾ ਲਗਾਇਆ ਗਿਆ ਹੈ। ਦਿਲਚਸਪ ਹੈ ਕਿ ਜਿਸ ਕਿਸਾਨ ਬੱਲਾਂ ਰਾਮ ਖਿਲਾਫ਼ ਧਰਨਾ ਲਾਇਆ ਗਿਆ ਹੈ, ਉਹ ਵੀ ਇੱਕ ਕਿਸਾਨ ਜਥੇਬੰਦੀ ਦਾ ਸਰਗਰਮ ਮੈਂਬਰ ਦੱਸਿਆ ਜਾਂਦਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਤੇ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿਛਲੇ ਦਿਨੀਂ ਕਿਸਾਨ ਕਾਲਾ ਰਾਮ ਰੱਲਾ ਦੀ ਉਸੇ ਪਿੰਡ ਦੇ ਕਿਸਾਨ ਬੱਲਾਂ ਰਾਮ ਨੇ ਕੁੱਝ ਲੋਕਾਂ ਨਾਲ ਮਿਲ ਕੇ ਕੁੱਟਮਾਰ ਕੀਤੀ ਸੀ। ਇਸ ਮਾਮਲੇ ਵਿੱਚ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਬੱਲਾਂ ਰਾਮ ਦਾ ਪੱਖ ਪੂਰ ਰਹੀ ਹੈ ਅਤੇ ਉਸ ਨੂੰ ਅਦਾਲਤ ‘ਚੋਂ ਜ਼ਮਾਨਤ ਕਰਵਾਉਣ ਦਾ ਸਮਾਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੁੱਝ ਲੋਕਾਂ ਦੀ ਅਦਾਲਤ ਵਲੋਂ ਜ਼ਮਾਨਤ ਹੋ ਗਈ ਹੈ, ਪਰ ਜਿੰਨਾਂ ਦੀ ਜ਼ਮਾਨਤ ਨਹੀਂ ਹੋਈ ਹੈ, ਉਨ੍ਹਾਂ ਨੂੰ ਪੁਲੀਸ ਵੱਲੋਂ ਫੜਿਆ ਨਹੀਂ ਜਾ ਰਿਹਾ ਹੈ। ਕਿਸਾਨ ਆਗੂ ਰਾਜ ਅਕਲੀਆਂ ਨੇ ਦੱਸਿਆ ਕਿ ਬੱਲਾਂ ਰਾਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਅਣ-ਪਛਾਤੇ ਵਿਅਕਤੀਆਂ ਦੀ ਪਛਾਣ ਪੁੱਛੀ ਜਾਵੇ। ਉਨ੍ਹਾਂ ਦੇ ਇਹ ਐਲਾਨ ਕਿ ਥਾਣੇ ਦਾ ਘਿਰਾਓ ਲਗਾਤਾਰ ਜਾਰੀ ਰਹੇਗਾ। ਉਪਰੰਤ ਐਸ.ਐਚ.ਓ. ਗੁਰਦੀਪ ਸਿੰਘ ਕਿਸਾਨ ਵਿੱਚ ਪੁੱਜੇ ਅਤੇ ਭਰੋਸਾ ਦਿੱਤਾ ਕਿ 10 ਜੁਲਾਈ ਤੱਕ ਰਹਿੰਦੇ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਭਰੋਸੇ ਮਗਰੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਨੇ ਕਿਹਾ ਕਿ ਜੇ ਕਸੂਰਵਾਰਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ 11 ਜੁਲਾਈ ਨੂੰ ਮੀਟਿੰਗ ਦੌਰਾਨ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਦੇਵੀ ਰਾਮ, ਕੇਵਲ ਸ਼ਰਮਾ, ਬਲਵਿੰਦਰ ਸ਼ਰਮਾ ਖਿਆਲਾਂ, ਮੱਖਣ ਸਿੰਘ ਭੈਣੀਬਾਘਾ, ਇਕਬਾਲ ਸਿੰਘ ਮਾਨਸਾ, ਮਨਜੀਤ ਸਿੰਘ ਉਲੱਕ, ਹਰਦੇਵ ਸਿੰਘ ਰਾਠੀ, ਮੇਲਾ ਸਿੰਘ, ਗੁਰਮੇਲ ਸਿੰਘ ਆਦਿ ਨੇ ਸੰਬੋਧਨ ਕੀਤਾ। ਦੂਜੇ ਪਾਸੇ ਬੱਲਾਂ ਰਾਮ ਦਾ ਕਹਿਣਾ ਹੈ ਕਿ ਉਹ ਪੰਜਾਬ ਕਿਸਾਨ ਜਥੇਬੰਦੀ ਦਾ ਮੈਂਬਰ ਹੈ ਅਤੇ ਇਹ ਧਰਨਾ ਦੂਜੀ ਜਥੇਬੰਦੀ ਨੇ ਉਸ ਨੂੰ ਬਦਨਾਮ ਕਰਨ ਵਾਸਤੇ ਲਾਇਆ ਹੈ। ਉਸ ਨੇ ਕਿਹਾ ਕਿ ਰੌਲਾ ਆਪਸੀ ਸਰੀਕੇਬਾਜ਼ੀ ਵਿਚਕਾਰ ਹੀ ਇੱਕ ਖਾਲ ਨੂੰ ਲੈ ਕੇ ਚੱਲ ਰਿਹਾ ਹੈ ਅਤੇ ਇਹ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ।

Previous articleਬੈਡਮਿੰਟਨ: ਕਸ਼ਯਪ ਤੇ ਸੌਰਭ ਕੈਨੇਡਾ ਓਪਨ ਦੇ ਆਖ਼ਰੀ 16 ਵਿੱਚ ਪਹੁੰਚੇ
Next articleਪੌਣੇ ਦੋ ਕਿਲੋ ਹੈਰੋਇਨ ਸਣੇ ਦਸ ਗ੍ਰਿਫ਼ਤਾਰ