ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਟਿੱਬਾ ਮੰਡੀ ਵਿਖੇ ਵਿਸ਼ਾਲ ਕਿਸਾਨ ਜਾਗਰੂਕਤਾ ਇਕੱਠ

ਕਾਲ਼ੇ ਖੇਤੀ ਕਾਨੂੰਨਾਂ ਅਤੇ ਸਾਮਰਾਜਵਾਦ ਵਿਰੁੱਧ ਲੜਨਾ ਸਮੇਂ ਦੀ ਲੋੜ- ਮਨਜੀਤ ਧਨੇਰ

ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ( ਡਕੌਂਦਾ) ਵੱਲੋਂ ਸਯੁੰਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਅੱਜ ਦਾਣਾ ਮੰਡੀ ਟਿੱਬਾ ਵਿਖੇ ਵਿਸ਼ਾਲ ਕਿਸਾਨ ਜਾਗਰੂਕਤਾ ਇਕੱਠ ਕਰਵਾਇਆ ਗਿਆ ਜਿਸ ਵਿੱਚ ਹਾਜ਼ਰ ਮਜ਼ਦੂਰਾਂ, ਦੁਕਾਨਦਾਰਾਂ, ਵਪਾਰੀਆਂ ਅਤੇ ਕਿਸਾਨਾਂ ਨੇ ਅਹਿਦ ਕੀਤਾ ਕਿ ਉਹ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਰਾਜਨੀਤਕ ਪਾਰਟੀਆਂ ਦੀਆਂ ਝੂਠੀਆਂ ਸੋਸੇਬਾਜੀਆਂ ਦਾ ਡੱਟ ਕੇ ਵਿਰੋਧ ਕਰਨਗੇ।

ਲੋਕ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ ਗਿੱਲ ਨੇ ਕਿਹਾ ਕਿ ਮੋਦੀ ਸਰਕਾਰ ਖੁੱਲੀ ਮੰਡੀ ਦਾ ਸੱਦਾ ਦੇ ਕੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਛੱਡ ਰਹੀ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿੱਚ ਭਿਆਨਕ ਨਤੀਜੇ ਨਿਕਲਣਗੇ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕਾਲ਼ੇ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਕਿਸਾਨੀ ਅਤੇ ਮੰਡੀ ਸਿਸਟਮ ਨਾਲ ਜੁੜੇ ਆੜ੍ਹਤੀਏ,ਪੱਲੇਦਾਰ, ਦੁਕਾਨਦਾਰ, ਟਰੱਕ ਮਾਲਕ, ਮਜ਼ਦੂਰ ਆਦਿ ਬੇਕਾਰ ਹੋ ਜਾਣਗੇ। ਉਨ੍ਹਾਂ ਦੇਸ਼ ਦੀਆਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਇਨ੍ਹਾਂ ਨੇ 1992 ਵਿੱਚ ਖੇਤੀ ਕਾਨੂੰਨਾਂ ਦੇ ਖਰੜੇ ਦਾ ਵਿਰੋਧ ਕੀਤਾ ਹੁੰਦਾ ਤਾਂ ਕਿਸਾਨਾਂ ਨੂੰ ਇਹ ਦਿਨ ਨਾਂ ਦੇਖਣੇ ਪੈਂਦੇ।

ਉਨ੍ਹਾਂ ਨੇ ਇਸ ਮੌਕੇ ਐਲਾਨ ਕਰਦਿਆਂ ਕਿਹਾ ਕਿ ਮਈ ਦੇ ਪਹਿਲੇ ਪੰਦਰਵਾੜੇ ਵਿੱਚ ਸੰਸਦ ਵੱਲ ਪੈਦਲ ਮਾਰਚ ਅਤੇ ਘਿਰਾਓ ਕੀਤਾ ਜਾਵੇਗਾ , ਅੰਤਿਮ ਫੈਸਲਾ ਮੋਰਚੇ ਦੀ ਮੀਟਿੰਗ ਵਿੱਚ ਲਿਆ ਜਾਵੇਗਾ।ਇਸ ਮੌਕੇ ਬੋਲਦਿਆਂ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ 90 ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਨੇ ਅਜਾਦੀ ਲਈ ਸਾਮਰਾਜਵਾਦ ਵਿਰੁੱਧ ਲੜਾਈ ਸ਼ੁਰੂ ਕੀਤੀ ਸੀ, ਅੱਜ ਸਾਡਾ ‌ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਮਰਾਜਵਾਦ ਵੱਲੋਂ ਕੀਤੀ ਜਾ ਰਹੀ ਲੁੱਟ-ਖਸੁੱਟ ਵਿਰੁੱਧ ਲੋਕ ਲਹਿਰ ਖੜ੍ਹੀ ਕਰੀਏ। ਕਾਰਪੋਰੇਟ ਘਰਾਣਿਆਂ ਦਾ ਇੱਕੋ ਇੱਕ ਮਕਸਦ ਦੇਸ਼ ਦੇ ਅਨਾਜ ਭੰਡਾਰ ਉੱਪਰ ਕਬਜ਼ਾ ਕਰਨਾ ਹੈ।ਉੱਘੇ ਲੋਕ ਗਾਇਕ ਪੰਮੀ ਬਾਈ ਨੇ ਬੋਲਦਿਆਂ ਕਿਹਾ ਕਿ ਸੰਸਾਰ ਟਰੇਡ ਆਰਗੇਨਾਈਜੇਸ਼ਨ ਅਤੇ ਸੰਸਾਰ ਬੈਂਕ ਅੱਗੇ ਮੋਦੀ ਸਰਕਾਰ ਨੇ ਗੋਡੇ ਟੇਕਦਿਆਂ ਇਹ ਕਾਲੇ ਖੇਤੀ ਕਾਨੂੰਨ ਲਾਗੂ ਕੀਤੇ ਹਨ। ਲੋਕ ਇਕੱਠ ਨੂੰ ਉੱਘੇ ਆਗੂ ਦਲਜੀਤ ਸਿੰਘ ਦੂਲੋਵਾਲ, ਸਰਬਜੀਤ ਸਿੰਘ ਆਰ.ਸੀ.ਐਫ ਇੰਪਲਾਈਜ ਯੂਨੀਅਨ, ਸਤਨਾਮ ਸਿੰਘ ਧਾਲੀਵਾਲ,ਗੁਰਦੇਵ ਸਿੰਘ ਨੇ ਵੀ ਸੰਬੋਧਨ ਕੀਤਾ।

ਇਸ ਦੌਰਾਨ ਰੇਲ ਕੋਚ ਫੈਕਟਰੀ ਤੋਂ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਨੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ,ਸਰਵਜੀਤ ਸਿੰਘ, ਅਮਰੀਕ ਸਿੰਘ ਗਿੱਲ ,ਜਸਪਾਲ ਸਿੰਘ ਸੇਖੋਂ, ਆਦਿ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਰੇਲਵੇ ਕਰਮਚਾਰੀ ਮੋਟਰ ਸਾਇਕਲ ਰੈਲੀ ਦੇ ਰੂਪ ਵਿੱਚ ਸ਼ਾਮਿਲ ਹੋਏ। ਗਾਇਕ ਦਲਵਿੰਦਰ ਦਿਆਲਪੁਰੀ , ਜਗਸੀਰ ਜੀਦਾ ਅਤੇ ਰਾਜ ਕੌਰ ਨੇ ਇਨਕਲਾਬੀ ਗੀਤ ਅਤੇ ਬੋਲੀਆਂ ਪੇਸ਼ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ। ਰੰਗ ਕਰਮੀ ਇੰਦਰਜੀਤ ਰੂਪੋਵਾਲੀ ਦੀ ਟੀਮ ਨੇ ਇਨਕਲਾਬੀ ਨਾਟਕ ਪੇਸ਼ ਕੀਤਾ। ਜ਼ਿਲਾ ਪ੍ਰਧਾਨ ਧਰਮਿੰਦਰ ਸਿੰਘ ਨੇ ਸਹਿਯੋਗ ਦੇਣ ਲਈ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਸੰਤ ਬਾਬਾ ਲੀਡਰ ਸਿੰਘ,ਸੰਤ ਬਾਬਾ ਗੁਰਚਰਨ ਸਿੰਘ, ਪ੍ਰੋ ਚਰਨ ਸਿੰਘ ਅਮਰਕੋਟ, ਪ੍ਰੋ ਬਲਜੀਤ ਸਿੰਘ ਸਰਪੰਚ ਟਿੱਬਾ ਵੱਲੋਂ ਆਰਥਿਕ ਸਹਾਇਤਾ ਵੀ ਕੀਤੀ ਗਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਯੂਥ ਕਲੱਬ ਕੋਰਟ ਜਰਮਨੀ ਦੇ ਇੰਦਰਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਵੱਲੋਂ ਸ਼ਹੀਦ ਕਿਸਾਨਾਂ ਦੇ ਚਾਰ ਪਰਿਵਾਰਾਂ ਨੂੰ 51000-51000 ਨਾਲ ਸਨਮਾਨਿਤ ਕੀਤਾ ਗਿਆ।

ਪ੍ਰੋ ਬਲਜੀਤ ਸਿੰਘ ਟਿੱਬਾ, ਸੁਖਦੇਵ ਸਿੰਘ ਔਜਲਾ ਸੁਰਖਪੁਰ, ਬਲਜਿੰਦਰ ਸਿੰਘ, ਸੈਕਟਰੀ ਤੇਜਪਾਲ ਸਿੰਘ, ਗੁਰਵਿੰਦਰ ਮਸੀਤਾਂ,ਸਰਪੰਚ ਲਖਵਿੰਦਰ ਸਿੰਘ ਸੈਦਪੁਰ, ਅਮਰਜੀਤ ਕੰਡਾ, ਗੁਰਨਾਮ ਸਿੰਘ ਟੋਡਰਵਾਲ, ਸਾਬਕਾ ਸਰਪੰਚ ਗੁਰਦੀਪ ਸਿੰਘ ਜਾਰਜਪੁਰ , ਸੁਰਜੀਤ ਟਿੱਬਾ, ਤੇਜਿੰਦਰਪਾਲ ਮੱਟਾ,ਨਛੱਤਰ ਸਿੰਘ ਦੂਲੋਵਾਲ, ਗੁਰਪ੍ਰੀਤ ਸਿੰਘ ਕੌੜਾ ਨਸੀਰਪੁਰ, ਸੁੱਚਾ ਸਿੰਘ ਮਿਰਜ਼ਾਪੁਰ,ਮਾਸਟਰ ਚਰਨ ਸਿੰਘ ਹੈਬਤਪੁਰ, ਗੀਤਕਾਰ ਭਜਨ ਸਿੰਘ ਥਿੰਦ, ਹਰਜਿੰਦਰ ਸਿੰਘ ਨਸੀਰਪੁਰ,ਮਿੱਠਾ ਦਰੀਏਵਾਲ, ਸੁਰਿੰਦਰ ਸਿੰਘ ਤਲਵੰਡੀ, ਤੇਜਪਾਲ ਸਿੰਘ ਕਪੂਰਥਲਾ, ਸੁਖਦੇਵ ਸਿੰਘ ਜੇ.ਈ, ਮਾਸਟਰ ਅਜੀਤ ਸਿੰਘ,ਰਾਜਾ ਭਗਤਪੁਰ,ਸਤਵੀਰ ਕਾਹਨਾ ਆਦਿ ਹਾਜ਼ਰ ਸਨ।

Previous article‘ਡਾ. ਭੀਮ ਰਾਓ ਤੇ ਮਾਤਾ ਰਾਮਾ ਬਾਈ’ ਟਰੈਕ ਰਿਲੀਜ਼
Next articleਯੂਨੀਵਰਸਿਟੀ ਵਿਖੇ ‘ਪੰਜਾਬ ਵਿੱਚ ਵੈਟਲੈਂਡਜ਼ ਉਤੇ ਪ੍ਰਦੂਸ਼ਣ ਦੇ ਪ੍ਰਭਾਵ’ ਵਿਸ਼ੇ ਉਪਰ ਵੈਬੀਨਾਰ ਦਾ ਆਯੋਜਨ