ਨਵੀਂ ਦਿੱਲੀ- ਮੌਜੂਦਾ ਵਿੱਤੀ ਸਾਲ ’ਚ ਜੀਡੀਪੀ ਦੇ ਘਟਦੇ ਅਨੁਮਾਨਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤੀ ਅਰਥਚਾਰੇ ਦੇ ਮੌਲਿਕ ਸਿਧਾਂਤ ਇੰਨੇ ਕੁ ਮਜ਼ਬੂਤ ਹਨ ਕਿ ਇਹ ਖੁਦ ਬਖੁ਼ਦ ਮੁੜ ਪੈਰਾ ਸਿਰ ਹੋਣ ਦੇ ਸਮਰੱਥ ਹੈ। ਸ੍ਰੀ ਮੋਦੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਹੋਵੇਗਾ ਤੇ ਇਕ ਰਾਸ਼ਟਰ ਵਜੋਂ ਸੋਚਣਾ ਸ਼ੁਰੂ ਕਰਨਾ ਹੋਵੇਗਾ। ਸ੍ਰੀ ਮੋਦੀ ਅਗਾਮੀ ਆਮ ਬਜਟ ਤੋਂ ਪਹਿਲਾਂ ਅੱਜ ਇਥੇ ਨੀਤੀ ਆਯੋਗ ਵਿੱਚ ਅਰਥਸ਼ਾਸਤਰੀਆਂ, ਆਰਥਿਕ ਤੇ ਖੇਤੀ ਮਾਹਿਰਾਂ, ਕਾਰੋਬਾਰੀ ਆਗੂਆਂ ਤੇ ਸਫ਼ਲ ਨੌਜਵਾਨ ਉੱਦਮੀਆਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਅਰਥਚਾਰੇ ਦੇ ਮੌਜੂਦਾ ਹਾਲਾਤ ’ਤੇ ਚਰਚਾ ਕਰਦਿਆਂ ਵਿਕਾਸ ਦਰ ਨੂੰ ਮੁੜ ਸੁਰਜੀਤ ਕਰਨ ਲਈ ਛੋਟੇ ਤੇ ਵੱਡੇ ਮਿਆਦ ਦੇ ਹਰ ਉਪਾਅ ਨੂੰ ਅਮਲ ਵਿੱਚ ਲਿਆਉਣ ਦਾ ਵਾਅਦਾ ਕੀਤਾ। ਢਾਈ ਘੰਟਿਆਂ ਦੀ ਮੀਟਿੰਗ ਦੌਰਾਨ ਮਾਹਿਰਾਂ ਨੇ ਆਰਥਿਕ ਵਿਕਾਸ, ਜਿਸ ਦੇ ਮੌਜੂਦਾ ਵਿੱਤੀ ਸਾਲ ’ਚ 5 ਫੀਸਦ ਰਹਿਣ ਦਾ ਅਨੁਮਾਨ ਹੈ, ਨੂੰ ਮੁੜ ਪੈਰਾਂ ਸਿਰ ਕਰਨ ਲਈ ਪ੍ਰਧਾਨ ਮੰਤਰੀ ਨੂੰ ਕਈ ਸੁਝਾਅ ਦਿੱਤੇ। ਚੇਤੇ ਰਹੇ ਕਿ ਅਰਥਚਾਰੇ ’ਚ ਮੰਦੀ ਨੂੰ ਲੈ ਕੇ ਸਰਕਾਰ ਦੀ ਹੋ ਰਹੀ ਨੁਕਤਾਚੀਨੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਕੁਝ ਦਿਨਾਂ ਵਿੱਚ ਸਬੰਧਤ ਭਾਈਵਾਲਾਂ ਨਾਲ 12 ਦੇ ਕਰੀਬ ਮੀਟਿੰਗਾਂ ਕਰ ਚੁੱਕੇ ਹਨ।
ਸੂਤਰਾਂ ਮੁਤਾਬਕ ਬੁਲਾਰਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਰੈਡਿਟ ਦੇ ਫੈਲਾਅ, ਬਰਾਮਦਾਂ ’ਚ ਵਾਧੇ, ਸਰਕਾਰੀ ਬੈਂਕਾਂ ਦੇ ਸੁਸ਼ਾਸਨ, ਖਪਤ ਨੂੰ ਵਧਾਉਣ ਤੇ ਰੁਜ਼ਗਾਰ ਦੀ ਸਿਰਜਣਾ ਜਿਹੇ ਖੇਤਰਾਂ ਵੱਲ ਧਿਆਨ ਕੇਂਦਰਿਤ ਕਰੇ। ਮੀਟਿੰਗ ਵਿੱਚ 40 ਦੇ ਕਰੀਬ ਮਾਹਿਰ ਤੇ ਅਰਥਸ਼ਾਸਤਰੀ ਸ਼ਾਮਲ ਸਨ। ਸ੍ਰੀ ਮੋਦੀ ਨੇ ਹਾਜ਼ਰ ਉੱਦਮੀਆਂ ਨੂੰ ਯਕੀਨ ਦਿਵਾਇਆ ਕਿ ਉਹ ਅਜਿਹੇ ਸੁਝਾਵਾਂ ’ਤੇ ਕਾਰਵਾਈ ਕਰਨਗੇ, ਜਿਨ੍ਹਾਂ ਨੂੰ ਛੋਟੀ ਮਿਆਦ ’ਚ ਲਾਗੂ ਕੀਤਾ ਜਾ ਸਕਦਾ ਹੈ। ਲੰਮੀ ਮਿਆਦ ਦੇ ਸੁਝਾਵਾਂ ’ਤੇ ਵੀ ਗੌਰ ਹੋਵੇਗੀ, ਪਰ ਇਨ੍ਹਾਂ ’ਚ ਲੋੜੀਂਦੇ ਬੁਨਿਆਦੀ ਸੁਧਾਰਾਂ ਕਰਕੇ ਥੋੜ੍ਹਾ ਸਮਾਂ ਲੱਗ ਸਕਦਾ ਹੈ। ਮੀਟਿੰਗ ਵਿੱਚ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੜਕ ਆਵਾਜਾਈ ਤੇ ਹਾਈਵੇਅਜ਼ ਮੰਤਰੀ ਨਿਤਿਨ ਗਡਕਰੀ, ਵਣਜ ਤੇ ਸਨਅਤ ਮੰਤਰੀ ਪਿਯੂਸ਼ ਗੋਇਲ ਤੋਂ ਇਲਾਵਾ ਨੀਤੀ ਆਯੋਗ ਦੇ ਉਪ ਚੇਅਰਮੈਨ ਅਮਿਤਾਭ ਕਾਂਤ ਤੇ ਥਿੰਕ ਟੈਂਕ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਪਾਰਟੀ ਵਰਕਰਾਂ ਨਾਲ ਪ੍ਰੀ-ਬਜਟ ਮੀਟਿੰਗ ’ਚ ਰੁੱਝੇ ਹੋਣ ਕਰਕੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਇਸ ਮੌਕੇ ਗੈਰਹਾਜ਼ਰ ਸਨ। ਚੇਤੇ ਰਹੇ ਕਿ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਸਿਖਰਲੇ ਕਾਰੋਬਾਰੀਆਂ ਦੇ ਰੂਬਰੂ ਹੁੰਦਿਆਂ ਅਰਥਚਾਰੇ ਨੂੰ ਦਰਪੇਸ਼ ਮੁਸ਼ਕਲਾਂ ਤੇ ਵਿਕਾਸ ਦਰ ਨੂੰ ਹੁਲਾਰਾ ਦੇਣ ਜਿਹੇ ਮਾਪਦੰਡਾਂ ’ਤੇ ਚਰਚਾ ਕੀਤਾ ਸੀ।
ਅੱਜ ਦੀ ਮੀਟਿੰਗ ਵਿੱਚ ਸਾਬਕਾ ਮੁੱਖ ਆਰਥਿਕ ਸਲਾਹਕਾਰ ਸ਼ੰਕਰ ਅਚਾਰੀਆ, ਕੇਕੇਆਰ ਇੰਡੀਆ ਦੇ ਸੀਈਓ ਸੰਜੈ ਨਾਇਰ, ਡਾਬਰ ਇੰਡੀਆ ਦੇ ਮੋਹਿਤ ਮਲਹੋਤਰਾ, ਬੰਧਨ ਬੈਂਕ ਦੇ ਐਮਡੀ ਤੇ ਸੀਈਓ ਚੰਦਰ ਸ਼ੇਖਰ ਘੋਸ਼ ਆਦਿ ਹਾਜ਼ਰ ਸਨ।
INDIA ਭਾਰਤੀ ਅਰਥਚਾਰਾ ਖ਼ੁਦ ਪੈਰਾਂ ਸਿਰ ਹੋਣ ਦੇ ਸਮਰੱਥ: ਮੋਦੀ