ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਭਾਜਪਾ ਦੀ ਅਗਵਾਈ ਵਾਲੀ ਤਤਕਾਲੀ ਦੇਵੇਂਦਰ ਫੜਨਵੀਸ ਸਰਕਾਰ ’ਤੇ ਐੱਨਸੀਪੀ ਅਤੇ ਕਾਂਗਰਸੀ ਆਗੂਆਂ ਦੇ ਫੋਨ ਟੈਪ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਹੈ ਕਿ ਤਤਕਾਲੀ ਸਰਕਾਰ ਨੇ ਕੁਝ ਅਧਿਕਾਰੀਆਂ ਨੂੰ ਜਾਸੂਸੀ ਸਾਫ਼ਟਵੇਅਰ ਲੈਣ ਇਜ਼ਰਾਈਲ ਭੇਜਿਆ ਸੀ। ਮੰਤਰੀ ਵੱਲੋਂ ਇਸ ਦੀ ਜਾਂਚ ਲਈ ਵੀ ਕਿਹਾ ਗਿਆ ਹੈ। ਸ਼ਿਵ ਸੈਨਾ ਆਗੂ ਸੰਜੈ ਰਾਊਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਇਕ ਭਾਜਪਾ ਆਗੂ ਨੇ ਚੌਕਸ ਕੀਤਾ ਸੀ ਕਿ ਫੋਨ ਟੈਪ ਕੀਤਾ ਗਿਆ ਹੈ। ਐੱਨਸੀਪੀ ਵੱਲੋਂ ਲਾਏ ਦੋਸ਼ਾਂ ਕਿ ਕੇਂਦਰ ਸਰਕਾਰ ਨੇ ਨਵੀਂ ਦਿੱਲੀ ਵਿਚ ਪਾਰਟੀ ਮੁਖੀ ਸ਼ਰਦ ਪਵਾਰ ਨੂੰ ਦਿੱਤੀ ਗਈ ਸੁਰੱਖਿਆ ਵਾਪਸ ਲੈ ਲਈ ਹੈ, ਬਾਰੇ ਪੁੱਛਣ ’ਤੇ ਰਾਊਤ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਸ਼ਿਵ ਸੈਨਾ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਕਾਇਮ ਕਰਨ ’ਚ ਪਵਾਰ ਦੀ ਅਹਿਮ ਭੂਮਿਕਾ ਸੀ। ਸ਼ਿਵ ਸੈਨਾ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਵਿਰੋਧੀ ਸੁਰਾਂ ਨੂੰ ਹਰ ਕੀਮਤ ’ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕਾਰਨ ਜਮਹੂਰੀ ਦੇਸ਼ਾਂ ਦੀ ਦਰਜਾਬੰਦੀ ’ਚ ਭਾਰਤ ਨਿਘਾਰ ਵੱਲ ਜਾ ਰਿਹਾ ਹੈ।