ਭਾਜਪਾ ਵਿਧਾਇਕ ਨੇ ਲੌਕਡਾਊਨ ਦੀਆਂ ਧੱਜੀਆਂ ਉਡਾਈਆਂ

ਬੰਗਲੌਰ  (ਸਮਾਜਵੀਕਲੀ) : ਕਰਨਾਟਕ ਵਿੱਚ ਤੁਰੂਵੇਕਰ ਹਲਕੇ ਤੋਂ ਭਾਜਪਾ ਦੇ ਵਿਧਾਇਕ ਮਸਾਲੇ ਜੈਰਾਮ ਵੱਲੋਂ ਲੌਕਡਾਊਨ ਦੌਰਾਨ ਇਕ ਸਰਕਾਰੀ ਸਕੂਲ ਵਿਚ ਆਪਣੇ ਜਨਮ ਦਿਨ ਦੀ ਪਾਰਟੀ ਕੀਤੀ ਗਈ। ਇਸ ਦੌਰਾਨ ਸਮਾਜਿਕ ਦੂਰੀ ਸਬੰਧੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ।

ਇਸ ਸਬੰਧੀ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਹਲਕਾ ਤੁਰੂਵੇਕਰ ਤੋਂ ਭਾਜਪਾ ਵਿਧਾਇਕ ਮਸਾਲੇ ਜੈਰਾਮ ਵੱਲੋਂ ਇੱਥੋਂ ਸਿਰਫ਼ ਛੇ ਕਿਲੋਮੀਟਰ ਦੂਰ ਜ਼ਿਲ੍ਹਾ ਤੁਮਾਕੁਰੂ ’ਚ ਪੈਂਦੇ ਪਿੰਡ ਇਡਾਗੁਰੂ ਦੇ ਸਰਕਾਰੀ ਸਕੂਲ ਵਿੱਚ 100 ਹੋਰ ਵਿਅਕਤੀਆਂ ਨਾਲ ਮਿਲ ਕੇ ਆਪਣੇ ਜਨਮ ਦਿਨ ਦੀ ਪਾਰਟੀ ਕੀਤੀ ਗਈ।

ਇਸ ਦੌਰਾਨ ਵਿਧਾਇਕ ਦੀ ਸੁਰੱਖਿਆ ਵਿੱਚ ਤਾਇਨਾਤ ਪੁਲੀਸ ਮੁਲਾਜ਼ਮ ਵੀ ਮੌਕੇ ’ਤੇ ਮੌਜੂਦ ਸਨ। ਇਸ ਪਾਰਟੀ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ ਵਿੱਚ ਭਾਜਪਾ ਵਿਧਾਇਕ ਪੱਗ ਬੰਨ੍ਹੀਂ ਤੇ ਸ਼ਾਲ ਲਏ ਦਿਸ ਰਹੇ ਹਨ। ਉਨ੍ਹਾਂ ਨੂੰ ਚੁਫੇਰਿਓਂ ਲੋਕਾਂ ਤੇ ਬੱਚਿਆਂ ਨੇ ਘੇਰਿਆ ਹੋਇਆ ਹੈ ਤੇ ਵਿਧਾਇਕ ਕੇਕ ਕੱਟ ਰਹੇ ਹਨ।

ਇਸ ਦੌਰਾਨ ਪਾਰਟੀ ’ਚ ਸ਼ਾਮਲ ਲੋਕਾਂ ਨੂੰ ਬਿਰਯਾਨੀ ਵੀ ਵਰਤਾਈ ਗਈ। ਵਿਧਾਇਕ ਵੱਲੋਂ ਕਰੋਨਾਵਾਇਰਸ ਅਤੇ ਇਸ ਤੋਂ ਬਚਾਅ ਸਬੰਧੀ ਭਾਸ਼ਣ ਵੀ ਦਿੱਤਾ ਗਿਆ। ਇਸ ਬਾਰੇ ਗੱਲ ਕਰਨ ’ਤੇ ਤਹਿਸੀਲਦਾਰ ਪ੍ਰਦੀਪ ਕੁਮਾਰ ਹੀਰੇਮਥ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਮਿਲ ਚੁੱਕੀ ਹੈ ਅਤੇ ਇਸ ਸਬੰਧੀ ਸਰਕਲ ਇੰਸਪੈਕਟਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

Previous articleVegetables to be sold in morning in Azadpur while fruits in evening
Next articleCoronavirus cases top 8000 in India; 34 deaths in 24 hours