ਉੱਤਰ ਪ੍ਰਦੇਸ਼ ’ਚ ਬੈਰੀਆ ਹਲਕੇ ਤੋਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀ ਭਾਸ਼ਾ ਅਤੇ ਵਤੀਰਾ ਬਦਲ ਲੈਣ ਨਹੀਂ ਤਾਂ ਉਸ ਦਾ ਹਸ਼ਰ ਵੀ ਕਾਂਗਰਸ ਆਗੂ ਪੀ ਚਿਦੰਬਰਮ ਵਰਗਾ ਹੋਵੇਗਾ।
ਜ਼ਿਕਰਯੋਗ ਹੈ ਕਿ ਸਾਬਕਾ ਗ੍ਰਹਿ ਮੰਤਰੀ ਚਿਦੰਬਰਮ ਭ੍ਰਿਸ਼ਟਾਚਾਰ ਦੇ ਦੋਸ਼ ’ਚ ਜੇਲ੍ਹ ’ਚ ਬੰਦ ਹਨ। ਵਿਧਾਇਕ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਸੁਪਰੀਮੋ ਨੂੰ ਬੰਗਲਾਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਣਾ ਚਾਹੀਦਾ ਹੈ ਕਿਉਂਕਿ ਉਹ ਨਾਗਰਿਕਾਂ ਬਾਰੇ ਕੌਮੀ ਰਜਿਸਟਰ (ਐੱਨਆਰਸੀ) ਦਾ ਵਿਰੋਧ ਕਰ ਰਹੀ ਹੈ। ਇਥੇ ‘ਕ੍ਰਿਸ਼ੀ ਮੇਲੇ’ ਦੌਰਾਨ ਸ਼ਨਿਚਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰੇਂਦਰ ਸਿੰਘ ਨੇ ਕਿਹਾ,‘‘ਮਮਤਾ ਬੈਨਰਜੀ ਵੱਲੋਂ ਐੱਨਆਰਸੀ ਖ਼ਿਲਾਫ਼ ਦਿੱਤੇ ਗਏ ਬਿਆਨਾਂ ਤੋਂ ਸਾਬਿਤ ਹੁੰਦਾ ਹੈ ਕਿ ਉਨ੍ਹਾਂ ਨੂੰ ਵਿਦੇਸ਼ੀ ਤਾਕਤਾਂ ਦੀ ਹਮਾਇਤ ਪ੍ਰਾਪਤ ਹੈ।’’ ਪੱਛਮੀ ਬੰਗਾਲ ਦੀ ਮੁੱਖ ਮੰਤਰੀ ’ਤੇ ਜ਼ੋਰਦਾਰ ਸ਼ਬਦੀ ਹਮਲੇ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਮਮਤਾ ਭੁੱਲ ਜਾਂਦੀ ਹੈ ਕਿ ਹੁਣ ਉਸ ਦੇ ਬੁਰੇ ਦਿਨ ਆਉਣ ਵਾਲੇ ਹਨ। ਸੁਰੇਂਦਰ ਸਿੰਘ ਨੇ ਕਿਹਾ ਕਿ ਬੰਗਾਲ ’ਚ ਭਗਵਾਨ ਰਾਮ ਅਤੇ ਹਨੂਮਾਨ ਦੇ ਰੂਪ ’ਚ ਅਮਿਤ ਸ਼ਾਹ ਤੇ ਯੋਗੀ ਆਦਿੱਤਿਆਨਾਥ ਦਾਖ਼ਲ ਹੋ ਗਏ ਹਨ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਬੰਗਾਲ ’ਚ ਸੱਤਾ ਬਦਲ ਕੇ ਰਹੇਗੀ।
INDIA ਭਾਜਪਾ ਵਿਧਾਇਕ ਨੇ ਮਮਤਾ ਨੂੰ ਧਮਕਿਆ