ਅੰਮ੍ਰਿਤਸਰ- ਪੰਜਾਬ ਸਰਕਾਰ ਵਲੋਂ ਬਿਜਲੀ ਦੀਆਂ ਦਰਾਂ ਵਿਚ ਵਾਧਾ ਕਰਨ ਦੇ ਫੈਸਲੇ ਖਿਲਾਫ਼ ਅੱਜ ਇਥੇ ਜ਼ਿਲਾ ਪ੍ਰਧਾਨ ਸੁਰੇਸ਼ ਮਹਾਜਨ ਦੀ ਅਗਵਾਈ ਹੇਠ ਅੱਜ ਭਾਜਪਾ ਵਲੋਂ ਇਥੇ ਹਾਥੀ ਗੇਟ ਵਿਖੇ ਸਰਕਾਰ ਖਿਲਾਫ ਰੋਸ ਵਿਖਾਵਾ ਕਰਦਿਆਂ ਆਖਿਆ ਕਿ ਕੈਪਟਨ ਸਰਕਾਰ ਨੇ ਬਿਜਲੀ ਦਰਾਂ ਵਿਚ ਵਾਧਾ ਕਰਕੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਸ੍ਰੀ ਮਹਾਜਨ ਨੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਅਜਿਹੇ ਤੋਹਫੇ ਨੂੰ ਨਾ ਤਾਂ ਸੂਬੇ ਦੀ ਜਨਤਾ ਅਤੇ ਨਾ ਹੀ ਭਾਜਪਾ ਸਵੀਕਾਰ ਕਰੇਗੀ। ਇਸ ਸਬੰਧ ਵਿਚ ਸੂਬੇ ਦੇ ਲੋਕ ਸੜਕਾਂ ’ਤੇ ਵੀ ਆਉਣ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸੂਬੇ ਵਿਚ ਕਾਂਗਰਸ ਸਰਕਾਰ ਸਥਾਪਤ ਹੋਈ ਹੈ, ਕਈ ਵਾਰ ਬਿਜਲੀ ਦਰਾਂ ਵਿਚ ਵਾਧਾ ਕੀਤਾ ਜਾ ਚੁੱਕਾ ਹੈ। ਜਦਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਪੰਜ ਰੁਪਏ ਪ੍ਰਤੀ ਰੁਪਏ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਚਿਤਾਵਨੀ ਦਿਤੀ ਕਿ ਜਦੋਂ ਤਕ ਸਰਕਾਰ ਬਿਜਲੀ ਦਰਾਂ ਵਿਚ ਵਾਧੇ ਨੂੰ ਵਾਪਸ ਨਹੀਂ ਲੈਂਦੀ, ਭਾਜਪਾ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਸਨਅਤ ਪਹਿਲਾਂ ਹੀ ਮਾੜੇ ਹਾਲਾਤ ਵਿਚੋਂ ਲੰਘ ਰਹੀ ਹੈ ਅਤੇ ਹੋਰਨਾਂ ਸੂਬਿਆਂ ਵੱਲ ਜਾ ਰਹੀ ਹੈ। ਇਸ ਵੇਲੇ ਬਿਜਲੀ ਦਰਾਂ ਵਿਚ ਕੀਤੇ ਵਾਧੇ ਨਾਲ ਸਨਅਤਾਂ ਨੂੰ ਹੋਰ ਢਾਹ ਲੱਗੇਗੀ। ਇਸ ਮੌਕੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਜਥੇਬੰਦੀ ਦੇ ਬੁਲਾਰੇ ਰਜੇਸ਼ ਹਨੀ, ਕੇਵਲ ਗਿੱਲ, ਕੰਵਰ ਜਗਦੀਪ ਸਿੰਘ, ਸਾਬਕਾ ਪ੍ਰਧਾਨ ਨਰੇਸ਼ ਸ਼ਰਮਾ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦਾ ਪੁਤਲਾ ਵੀ ਸਾੜਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਬਕਾ ਮੰਤਰੀ ਬਲਦੇਵ ਰਾਜ ਚਾਵਲਾ, ਡਾ. ਰਾਮ ਚਾਵਲਾ, ਅਨੁਜ ਸਿੱਕਾ, ਰਜੇਸ਼ ਕੰਧਾਰੀ, ਜਨਾਰਦਨ ਸ਼ਰਮਾ, ਜਰਨੈਲ ਸਿੰਘ ਢੋਟ, ਸਰਬਜੀਤ ਸ਼ੰਟੀ, ਜੋਤੀ ਬਾਲਾ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਕਾਰਕੁਨ ਹਾਜ਼ਰ ਸਨ।