ਭਾਜਪਾ ਯੁਵਾ ਮੋਰਚਾ ਨੇ ਸਰਕਾਰੀ ਗਊਸ਼ਾਲਾ ਦੇ ਪ੍ਰਬੰਧਾਂ ’ਤੇ ਚੁੱਕੇ ਸਵਾਲ

ਐਸ.ਏ.ਐਸ. ਨਗਰ (ਮੁਹਾਲੀ) (ਸਮਾਜ ਵੀਕਲੀ):

ਭਾਜਪਾ ਯੁਵਾ ਮੋਰਚਾ ਨੇ ਇੱਥੋਂ ਦੇ ਸਨਅਤੀ ਏਰੀਆ ਫੇਜ਼-1 ਸਥਿਤ ਸਰਕਾਰੀ ਗਊਸ਼ਾਲਾ ਦੇ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਭਾਜਪਾ ਯੁਵਾ ਮੋਰਚਾ ਮੁਹਾਲੀ ਦੇ ਮੀਤ ਪ੍ਰਧਾਨ ਆਸ਼ਮਨ ਅਰੋੜਾ ਅਤੇ ਅਕਸ਼ੈ ਅਰੋੜਾ ਵਾਸੀ ਫੇਜ਼-2 ਨੇ ਕਿਹਾ ਕਿ ਸਰਕਾਰੀ ਗਊਸ਼ਾਲਾ ਦੀ ਹਾਲਤ ਕਾਫ਼ੀ ਮਾੜੀ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾ ਨੂੰ ਸਮੇਂ ਸਿਰ ਕੋਈ ਵੀ ਫੰਡ, ਗਰਾਂਟਾਂ ਅਤੇ ਲੰਪੀ ਸਕਿਨ ਰੋਗ ਦੀ ਵੈਕਸੀਨ ਮੁਹੱਈਆ ਨਹੀਂ ਕਰਵਾਈ ਗਈ। ਵਿਧਾਇਕ ਕੁਲਵੰਤ ਸਿੰਘ ਨੇ ਨੌਜਵਾਨਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਲਈ ਸੱਦਿਆ। ਵਿਧਾਇਕ ਦੇ ਹੁਕਮਾਂ ’ਤੇ ਮੁਹਾਲੀ ਨਗਰ ਨਿਗਮ ਦੇ ਐੱਸਈ ਨਰੇਸ਼ ਬੱਤਾ, ਐਕਸੀਅਨ ਕਮਲਦੀਪ ਸਿੰਘ ਤੇ ਸੁਨੀਲ ਸ਼ਰਮਾ ਅਤੇ ਸਕੱਤਰ ਰੰਜੀਵ ਕੁਮਾਰ ਨੇ ਸ਼ਿਕਾਇਤਕਰਤਾਵਾਂ ਨੂੰ ਨਾਲ ਲੈ ਕੇ ਗਊਸ਼ਾਲਾ ਦਾ ਦੌਰਾ ਕੀਤਾ ਅਤੇ ਰਿਪੋਰਟ ਦਿੱਤੀ। ਨੌਜਵਾਨਾਂ ਨੇ ਦੱਸਿਆ ਕਿ ਗਊਸ਼ਾਲਾ ਤੱਕ ਵਧੀਆ ਸੜਕਾਂ ਤੇ ਟਿਊਬਵੈੱਲ ਦੀ ਲੋੜ ਹੈ ਪਰ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ। ਹਾਲਾਂਕਿ ਗਊਸ਼ਾਲਾ ਨੂੰ ਪ੍ਰਤੀ ਗਊ ਪ੍ਰਤੀ ਦਿਨ 50 ਰੁਪਏ ਦਿੱਤੇ ਜਾਣੇ ਸਨ ਪਰ ਮੌਜੂਦਾ ਸਮੇਂ ਵਿੱਚ ਸਿਰਫ਼ 13 ਰੁਪਏ ਪ੍ਰਤੀ ਦਿਨ ਪ੍ਰਤੀ ਪਸ਼ੂ ਮਿਲ ਰਹੇ ਹਨ। ਅਧਿਕਾਰੀਆਂ ਅਤੇ ਗਊਸ਼ਾਲਾ ਸਟਾਫ਼ ਨਾਲ ਲੰਮੀ ਵਿਚਾਰ-ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਜਲਦੀ ਹੀ ਗਊਸ਼ਾਲਾ ਨੂੰ ਪ੍ਰਤੀ ਪਸ਼ੂ 50 ਰੁਪਏ ਮੁਹੱਈਆ ਕਰਵਾਏ ਜਾਣਗੇ।

Previous article‘ਆਪ’ ਆਗੂਆਂ ਨੇ ਸੀਵਰੇਜ ਬੋਰਡ ਦੇ ਚੇਅਰਮੈਨ ਨੂੰ ਦੱਸੀਆਂ ਸਮੱਸਿਆਵਾਂ
Next articleਸਰਕਾਰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ: ਜੌੜੇਮਾਜਰਾ