ਭਾਜਪਾ ਫਿਰਕੂ ਨਫ਼ਰਤ ਦਾ ਵਾਇਰਸ ਫੈਲਾ ਰਹੀ ਹੈ: ਸੋਨੀਆ

ਨਵੀਂ ਦਿੱਲੀ  (ਸਮਾਜਵੀਕਲੀ) – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ ’ਤੇ ਮੁਲਕ ’ਚ ਫਿਰਕੂ ਅਤੇ ਨਫ਼ਰਤ ਦਾ ਵਾਇਰਸ ਫੈਲਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਮਾਜਿਕ ਸਦਭਾਵਨਾ ਨੂੰ ‘ਵੱਡਾ ਖੋਰਾ’ ਲਗਾਇਆ ਜਾ ਰਿਹਾ ਹੈ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਸੋਨੀਆ ਨੇ ਕਿਹਾ ਕਿ ਹਰੇਕ ਭਾਰਤੀ ਨੂੰ ਇਸ ਦੀ ਫਿਕਰ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਪਾਰਟੀ ਨੂੰ ਇਸ ਨੁਕਸਾਨ ਨੂੰ ਪੂਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ।

ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਬੈਠਕ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਲੌਕਡਾਊਨ ਦੀ ਸਫ਼ਲਤਾ ਕੋਵਿਡ-19 ਨਾਲ ਸਿੱਝਣ ਦੀ ਕਸੌਟੀ ’ਤੇ ਪਰਖੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਿਆਂ ਵਿਚਕਾਰ ਸਹਿਯੋਗ ਨਾਲ ਹੀ ਕਰੋਨਾਵਾਇਰਸ ਖ਼ਿਲਾਫ਼ ਜੰਗ ’ਚ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 3 ਮਈ ਨੂੰ ਲੌਕਡਾਊਨ ਖ਼ਤਮ ਹੋਣ ਮਗਰੋਂ ਸਿਰਫ਼ ਰੈੱਡ ਜ਼ੋਨ ਵਾਲੇ ਇਲਾਕਿਆਂ ’ਚ ਹੀ ਪਾਬੰਦੀਆਂ ਲਾਗੂ ਰਹਿਣੀਆਂ ਚਾਹੀਦੀਆਂ ਹਨ। ਕਾਂਗਰਸ ਵਰਕਿੰਗ ਕਮੇਟੀ ਨੇ ਪਿਛਲੇ ਤਿੰਨ ਹਫ਼ਤਿਆਂ ’ਚ ਦੂਜੀ ਵਾਰ ਬੈਠਕ ਕੀਤੀ ਹੈ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ,‘‘ਲੌਕਡਾਊਨ ਤੋਂ ਬਾਅਦ ਮੈਂ ਪ੍ਰਧਾਨ ਮੰਤਰੀ ਨੂੰ ਕਈ ਸੁਝਾਅ ਦਿੱਤੇ ਹਨ ਪਰ ਬਦਕਿਸਮਤੀ ਨਾਲ ਉਨ੍ਹਾਂ ’ਤੇ ਅਮਲ ਅੰਸ਼ਕ ਰੂਪ ’ਚ ਹੀ ਹੋਇਆ ਹੈ। ਕੇਂਦਰ ਨੇ ਖੁੱਲ੍ਹਦਿਲੀ ਅਤੇ ਹਮਦਰਦੀ ਨਹੀਂ ਦਿਖਾਈ।’’ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਲੌਕਡਾਊਨ ਦੇ ਪਹਿਲੇ ਪੜਾਅ ਦੌਰਾਨ ਕਰੀਬ 12 ਕਰੋੜ ਰੁਜ਼ਗਾਰ ਦੇ ਮੌਕੇ ਖੁੱਸ ਗਏ।

ਉਨ੍ਹਾਂ ਐੱਮਐੱਸਐੱਮਈ ਸੈਕਟਰ ਲਈ ਰਾਹਤ ਪੈਕੇਜ ਦੀ ਮੰਗ ਵੀ ਕੀਤੀ ਹੈ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪੁੱਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਆਪਣੇ ਵਿਚਾਰ ਰੱਖਦਿਆਂ ਕੇਂਦਰ ਤੋਂ ਸੂਬਿਆਂ ਲਈ ਸਹਾਇਤਾ ਮੰਗੀ।

Previous articleMamata, Dhankhar in letter war amidst Covid-19 pandemic
Next articleਬੱਚਾ ਵੇਚਣ ਦੇ ਦੋਸ਼ ਹੇਠ ਪਿਤਾ ਤੇ ਮਾਮਾ ਗ੍ਰਿਫ਼ਤਾਰ