ਪਠਾਨਕੋਟ (ਸਮਾਜ ਵੀਕਲੀ) : ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਰਾਹ ਪਈ ਮਾਝਾ ਸੰਘਰਸ਼ ਕਮੇਟੀ ਗੁਰਦਾਸਪੁਰ (ਪੰਜਾਬ) ਵਲੋਂ ਅੱਜ ਸੈਂਕੜੇ ਕਿਸਾਨ ਭਰ ਗਰਮੀ ਵਿੱਚ ਹਰਚੋਵਾਲ ਤੋਂ ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਪਠਾਨਕੋਟ ਪੁੱਜੇ। ਕਿਸਾਨਾਂ ਨੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਨ੍ਹਾਂ ਦੀ ਕੋਠੀ ਵਿੱਚ ਮੰਗ ਪੱਤਰ ਦਿੱਤਾ। ਉਨ੍ਹਾਂ ਖੇਤੀ ਸੁਧਾਰਾਂ ਦੇ ਨਾਮ ’ਤੇ ਆਰਡੀਨੈਂਸਾਂ ਦੇ ਰੂਪ ਵਿੱਚ ਜਾਰੀ ਤਿੰਨ ਕਾਲੇ ਕਾਨੂੰਨਾਂ ਨੂੰ ਫ਼ੌਰੀ ਰੱਦ ਕਰਨ ਦੀ ਮੰਗ ਕੀਤੀ। ਪੁਲੀਸ ਨੇ ਹਾਲਾਂਕਿ ਅਸ਼ਵਨੀ ਸ਼ਰਮਾ ਦੀ ਕੋਠੀ ਵਾਲੇ ਖੇਤਰ ਨੂੰ ਪੁਲੀਸ ਛਾਉਣੀ ਵਿੱਚ ਬਦਲ ਰੱਖਿਆ ਸੀ।
ਸੰਘਰਸ਼ ਕਮੇਟੀ ਦੀ ਅਗਵਾਈ ਕਰ ਰਹੇ ਪ੍ਰਧਾਨ ਬਲਵਿੰਦਰ ਸਿੰਘ, ਬਲਜੀਤ ਸਿੰਘ, ਰਾਜਿੰਦਰ ਸਿੰਘ, ਦੀਪਇੰਦਰ ਸਿੰਘ, ਬਾਬਾ ਕੰਵਲਜੀਤ ਸਿੰਘ ਪੰਡੋਰੀ ਆਦਿ ਨੇ ਕਿਹਾ ਕਿ ਰਾਹ ਵਿੱਚ ਪੁਲੀਸ ਨੇ ਥਾਂ ਥਾਂ ਰੋਕ ਕੇ ਉਨ੍ਹਾਂ ਦੀ ਭਾਰੀ ਖੱਜਲ ਖੁਆਰੀ ਕੀਤੀ। ਵਾਹਨਾਂ ਦਾ ਕਾਫਲਾ ਪਠਾਨਕੋਟ ਦੇ ਕੋਰਟ ਕੰਪਲੈਕਸ ਕੋਲ ਪੁੱਜਾ ਤਾਂ ਪੁਲੀਸ ਨੇ ਉਨ੍ਹਾਂ ਦੇ ਵਾਹਨ ਊਥੇ ਹੀ ਪਾਰਕ ਕਰਵਾ ਦਿੱਤੇ। ਕਿਸਾਨਾਂ ਨੇ ਇਥੋਂ ਅਸ਼ਵਨੀ ਸ਼ਰਮਾ ਦੀ ਕੋਠੀ ਤੱਕ ਦਾ ਪੈਂਡਾ ਪੈਦਲ ਤੈਅ ਕੀਤਾ। ਜਥੇਬੰਦੀ ਦੇ 10 ਆਗੂਆਂ ਨੇ ਅਸ਼ਵਨੀ ਸ਼ਰਮਾ ਨਾਲ ਕਰੀਬ ਪੌਣਾ ਘੰਟਾ ਗੱਲਬਾਤ ਕੀਤੀ। ਭਾਜਪਾ ਪ੍ਰਦੇਸ਼ ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ ਅਤੇ ਆਰਡੀਨੈਂਸਾਂ ਬਾਰੇ ਕਿਸਾਨਾਂ ਦੇ ਸ਼ੰਕੇ ਦੂਰ ਕੀਤੇ ਜਾਣਗੇ।
ਉਨ੍ਹਾਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਦਿੱਲੀ ਜਾ ਕੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕਰਵਾਉਣਗੇ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਅੱਜ ਦਾ ਐਕਸ਼ਨ ਮਹਿਜ਼ ਟਰੇਲਰ ਸੀ ਅਤੇ ਅੱਗੇ ਜਾ ਕੇ ਦਿੱਲੀ ਨੂੰ ਘੇਰਿਆ ਜਾਵੇਗਾ। ਕਿਸਾਨ ਆਗੂਆਂ ਨੇ ਸਾਫ਼ ਕਰ ਦਿੱਤਾ ਕਿ ਇਹ ਆਰਡੀਨੈਂਸ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਡੀਆਂ ਕੰਪਨੀਆਂ ਰਾਹੀਂ ਕਿਸਾਨਾਂ ਦੀ ਲੁੱਟ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੁਗਾਉਣਾ ਤਾ ਕੀ ਸੀ, ਉਲਟਾ ਆਰਡੀਨੈਂਸ ਲੈ ਆਂਦਾ। ਭਾਜਪਾ ਪ੍ਰਧਾਨ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਵਿਰੋਧੀ ਪਾਰਟੀਆਂ ਦੇ ਬਹਿਕਾਵੇ ਵਿੱਚ ਨਾ ਆਉਣ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਉਪਰ ਨਿਸ਼ਾਨਾ ਸੇਧਦਿਆਂ ਕਿਹਾ ਕਿ ਹਿਮਾਚਲ ਸਰਕਾਰ ਨੇ ਤਾਂ ਜਿਣਸਾਂ ਦੇ ਰੇਟ ਕੁੱਝ ਠੀਕ ਕੀਤੇ ਹਨ, ਪਰ ਪੰਜਾਬ ਸਰਕਾਰ ਆਪਣੇ ਕੋਲੋਂ ਕੁਝ ਨਹੀਂ ਕਰ ਰਹੀ।