ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਦੇ ਉਸ ਬਿਆਨ ’ਤੇ ਨਿਰਾਸ਼ਾ ਪ੍ਰਗਟਾਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਜਪਾ ਵਲੋਂ ਮਹਾਰਾਸ਼ਟਰ ਵਿੱਚ ਸੱਤਾ ਦੀ ਬਰਾਬਰ ਵੰਡ ਦੇ ਫਾਰਮੂਲੇ ਦਾ ਵਾਅਦਾ ਨਹੀਂ ਕੀਤਾ ਗਿਆ ਸੀ।
ਸੂਤਰਾਂ ਅਨੁਸਾਰ ਸ਼ਿਵ ਸੈਨਾ ਵਲੋਂ ਵਿਧਾਇਕ ਦਲ ਦਾ ਆਗੂ ਚੁਣਨ ਲਈ ਦਾਦਰ ਸਥਿਤ ਸੈਨਾ ਹੈੱਡਕੁਆਰਟਰਜ਼ ਵਿਚ ਰੱਖੀ ਮੀਟਿੰਗ ਦੌਰਾਨ ਠਾਕਰੇ ਨੇ ਕਿਹਾ ਕਿ ਸੈਨਾ ਨੂੰ ਸੱਤਾ ਵਿੱਚ ਬਰਾਬਰ ਹਿੱਸੇਦਾਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਸਰਕਾਰ ਵਿੱਚ 2014 ਦੇ ਮੁਕਾਬਲੇ ਵੱਡਾ ਹਿੱਸਾ ਚਾਹੁੰਦੇ ਹਨ। ਸੈਨਾ ਮੁਖੀ ਨੇ ਪਾਰਟੀ ਵਿਧਾਇਕਾਂ ਨੂੰ ਦੱਸਿਆ ਕਿ ਹਾਲੇ ਤੱਕ ਭਾਜਪਾ ਨੇ ਸਰਕਾਰ ਬਣਾਉਣ ਲਈ ਸੱਤਾ ਦੀ ਵੰਡ ਬਾਰੇ ਕੋਈ ਪ੍ਰਸਤਾਵ ਨਹੀਂ ਰੱਖਿਆ ਹੈ। ਇਸ ਦੌਰਾਨ ਸ਼ਿਵ ਸੈਨਾ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਅੱਜ ਏਕਨਾਥ ਸ਼ਿੰਦੇ ਨੂੰ ਪਾਰਟੀ ਦੇ ਵਿਧਾਇਕ ਦਲ ਦਾ ਆਗੂ ਚੁਣ ਲਿਆ ਹੈ। ਸੁਨੀਲ ਪ੍ਰਭੂ ਨੂੰ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਪਾਰਟੀ ਦਾ ਚੀਫ ਵ੍ਹਿਪ ਚੁਣਿਆ ਗਿਆ ਹੈ। ਦੱਸਣਯੋਗ ਹੈ ਕਿ ਠਾਣੇ ਤੋਂ ਵਿਧਾਇਕ ਸ਼ਿੰਦੇ ਪਿਛਲੀ ਸਰਕਾਰ ਦੌਰਾਨ ਵੀ ਵਿਧਾਨ ਸਭਾ ਵਿੱਚ ਪਾਰਟੀ ਦੇ ਆਗੂ ਸਨ। ਉਹ ਭਾਜਪਾ-ਸੈਨਾ ਸਰਕਾਰ ਦੌਰਾਨ ਕੈਬਨਿਟ ਮੰਤਰੀ ਵੀ ਸਨ। ਪਹਿਲੀ ਵਾਰ ਵਿਧਾਇਕ ਚੁਣ ਗਏ ਠਾਕਰੇ ਪਰਿਵਾਰ ਦੇ ਚਿਰਾਗ ਆਦਿੱਤਿਆ ਨੇ ਸ਼ਿੰਦੇ ਨੂੰ ਸਦਨ ਦਾ ਆਗੂ ਚੁਣਨ ਸਬੰਧੀ ਮਤਾ ਪੇਸ਼ ਕੀਤਾ, ਜਿਸ ਦਾ ਪ੍ਰਤਾਪ ਸਾਰਨਾਇਕ ਨੇ ਸਮਰਥਨ ਕੀਤਾ। ਸੈਨਾ ਦੇ ਸੂਤਰਾਂ ਅਨੁਸਾਰ ਪਾਰਟੀ ਪ੍ਰਧਾਨ ਅਤੇ ਆਦਿੱਤਿਆ ਦੇ ਪਿਤਾ ਊਧਵ ਠਾਕਰੇ ਆਪਣੇ ਪੁੱਤਰ ਨੂੰ ਸੈਨਾ ਦੇ ਵਿਧਾਨਿਕ ਵਿੰਗ ਦਾ ਆਗੂ ਨਿਯੁਕਤ ਕਰਨ ਦੇ ਹੱਕ ਵਿੱਚ ਨਹੀਂ ਸਨ।
HOME ਭਾਜਪਾ ਨੇ ਸੱਤਾ ਦੀ ਬਰਾਬਰ ਵੰਡ ਦਾ ਵਾਅਦਾ ਕੀਤਾ ਸੀ: ਊਧਵ