ਲਖ਼ਨਊ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਲੋਕਾਂ ਨੂੰ ਸੋਧੇ ਗਏ ਨਾਗਰਿਕਤਾ ਐਕਟ ਬਾਰੇ ਕੋਈ ਗਲਤਫ਼ਹਿਮੀ ਨਹੀਂ ਰੱਖਣੀ ਚਾਹੀਦੀ। ਦੱਸਣਯੋਗ ਹੈ ਕਿ ਭਾਜਪਾ ਨੇ ਐਕਟ ਬਾਰੇ ਜਾਗਰੂਕਤਾ ਮੁਹਿੰਮ ਆਰੰਭੀ ਹੈ। ਲਖ਼ਨਊ ਲੋਕ ਸਭਾ ਹਲਕੇ ਦਾ ਦੌਰਾ ਕਰਦਿਆਂ ਰਾਜਨਾਥ ਜਸਟਿਸ ਖੇਮਕਰਨ ਦੇ ਘਰ ਗਏ ਤੇ ਐਕਟ ਬਾਰੇ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦਾ ਸਭਿਆਚਾਰ ‘ਸਰਵਧਰਮ ਸੰਭਾਵ’ ਦੀ ਸਿੱਖਿਆ ਦਿੰਦਾ ਹੈ ਤੇ ਭਾਰਤੀ ਕਦੇ ਜਾਤ ਜਾਂ ਧਰਮ ਦੇ ਨਾਂ ’ਤੇ ਪੱਖਪਾਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ‘ਵਾਸੂਦੇਵ ਕੁਟੁੰਬਕਮ’ (ਸੰਸਾਰ ਇਕ ਪਰਿਵਾਰ) ਦਾ ਸੁਨੇਹਾ ਭਾਰਤ ਵਿਚੋਂ ਹੀ ਪੂਰੀ ਦੁਨੀਆ ’ਚ ਗਿਆ ਹੈ ਤੇ ਪਾਰਟੀ ਭਾਰਤੀ ਸਭਿਆਚਾਰ ਦੀਆਂ ਕਦਰਾਂ-ਕੀਮਤਾਂ ਦਾ ਘਾਣ ਨਹੀਂ ਕਰ ਸਕਦੀ। ਅਸਾਮ ਵਿਚ ਐੱਨਆਰਸੀ ਬਾਰੇ ਪੁੱਛੇ ਜਾਣ ’ਤੇ ਰਾਜਨਾਥ ਨੇ ਕਿਹਾ ਕਿ ਇਹ ਪ੍ਰਕਿਰਿਆ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕੀਤੀ ਗਈ ਹੈ ਨਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ। ਅਸਾਮ ਤੋਂ ਇਲਾਵਾ ਐੱਨਆਰਸੀ ਬਾਰੇ ਭਾਰਤ ਸਰਕਾਰ ਨੇ ਅਜੇ ਕੋਈ ਫ਼ੈਸਲਾ ਨਹੀਂ ਲਿਆ। ਭਾਜਪਾ ਦੇ ਸੀਨੀਅਰ ਆਗੂ ਮੁਖ਼ਤਾਰ ਅੱਬਾਸ ਨਕਵੀ ਨੇ ਕਾਂਗਰਸ ’ਤੇ ਐਕਟ ਬਾਰੇ ‘ਭੰਬਲਭੂਸਾ’ ਪੈਦਾ ਕਰਨ ਦਾ ਦੋਸ਼ ਲਾਇਆ ਹੈ। ਯੂਪੀ ਦੇ ਰਾਮਪੁਰ ਇਲਾਕੇ ਵਿਚ ‘ਜਨ ਸੰਪਰਕ’ ਪ੍ਰੋਗਰਾਮ ਦੌਰਾਨ ਨਕਵੀ ਨੇ ਦਾਅਵਾ ਕੀਤਾ ਕਿ ਕਾਂਗਰਸ ਮੁਲਕ ਵਿਚ ‘ਅਸਥਿਰਤਾ’ ਪੈਦਾ ਕਰਨ ਦੀ ਕੋਸ਼ਿਸ਼ ’ਚ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਸਹਿਯੋਗੀਆਂ ਦੀ ਐਕਟ ਬਾਰੇ ਪਹੁੰਚ ਸੰਸਦ ਅਤੇ ਇਸ ਦੇ ਬਾਹਰ ਵੱਖ-ਵੱਖ ਰਹੀ ਹੈ। ਨਕਵੀ ਨੇ ਕਿਹਾ ਕਿ ਮੁਸਲਮਾਨ ਭਾਰਤ ’ਚ ‘ਮਜਬੂਰੀ’ ਨਾਲ ਨਹੀਂ ਬਲਕਿ ਰਾਸ਼ਟਰ ਲਈ ਜਤਾਈ ‘ਵਚਨਬੱਧਤਾ’ ਨਾਲ ਰਹਿ ਰਹੇ ਹਨ। ਇਨ੍ਹਾਂ ਦੇ ਸਮਾਜਿਕ, ਧਾਰਮਿਕ ਤੇ ਸੰਵਿਧਾਨਕ ਹੱਕ ਸੁਰੱਖਿਅਤ ਹਨ। ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਇਸ ਮਸਲੇ ’ਤੇ ਨੌਜਵਾਨਾਂ ਨਾਲ ਗੱਲਬਾਤ ਕਰੇਗੀ ਤੇ ਸ਼ੱਕ ਦੂਰ ਕਰੇਗੀ। ਪਰ ‘ਟੁਕੜੇ ਟੁਕੜੇ ਗੈਂਗ ਦਾ ਹਿੱਸਾ’ ਆਜ਼ਾਦੀ ਦੇ ਨਾਅਰੇ ਲਾਉਣ ਵਾਲਿਆਂ ਨਾਲ ਬਿਲਕੁਲ ਗੱਲ ਨਹੀਂ ਕਰੇਗੀ। ਪ੍ਰਸਾਦ ਨੇ ਕਿਹਾ ਕਿ ਭਾਰਤ ਲੋਕਤੰਤਰ ਹੈ ਤੇ ਰੋਸ ਪ੍ਰਗਟਾਉਣ ਦੀ ਆਜ਼ਾਦੀ ਹੈ ਪਰ ‘ਕੌਮੀ ਸੁਰੱਖਿਆ ਨਾਲ ਸਮਝੌਤਾ ਬਿਲਕੁਲ ਨਹੀਂ ਕੀਤਾ ਜਾ ਸਕਦਾ।’ ਉਨ੍ਹਾਂ ਕਿਹਾ ਕਿ ਸਰਕਾਰ ਨਿੰਦਾ ਸਵੀਕਾਰ ਕਰਦੀ ਹੈ ਪਰ ਦੇਸ਼ ਵਿਚ ਵੰਡ ਪਾਉਣ ਦੇ ਦੋਸ਼ ਮਨਜ਼ੂਰ ਨਹੀਂ ਹਨ। ਉਨ੍ਹਾਂ ਦਿੱਲੀ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਐਕਟ ਬਾਰੇ ਕਰਵਾਏ ਇਕ ਸਮਾਗਮ ਵਿਚ ਹਿੱਸਾ ਲਿਆ। ਇਸੇ ਲੜੀ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਾਂਗਰਸ ’ਤੇ ਵਿਸ਼ੇਸ਼ ਵਰਗ ਨੂੰ ‘ਖ਼ੁਸ਼ ਕਰਨ ਦੀ ਸਿਆਸਤ’ ਕਰਨ ਅਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲਾਏ। ਜੈਪੁਰ ਵਿਚ ਭਾਜਪਾ ਦਫ਼ਤਰ ਵਿਚ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਿੰਸਾ ਦੀ ਨਿੰਦਾ ਨਹੀਂ ਕੀਤੀ। ਸੀਤਾਰਾਮਨ ਨੇ ਕਿਹਾ ਕਿ ਕਿਸੇ ਦੀ ਨਾਗਰਿਕਤਾ ਖੁੱਸ ਨਹੀਂ ਰਹੀ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕੇਰਲ ਵਿਚ ਜਾਗਰੂਕਤਾ ਮੁਹਿੰਮ ਚਲਾਈ।
INDIA ਭਾਜਪਾ ਨੇ ਸੋਧ ਐਕਟ ਦੇ ਸਮਰਥਨ ’ਚ ਜਾਗਰੂਕਤਾ ਮੁਹਿੰਮ ਵਿੱਢੀ