ਤਿੰਨ ਸੂਬਿਆਂ ਵਿਚ ਮਿਲੀ ਹਾਰ ਤੋਂ ਨਿਰਾਸ਼ ਵਰਕਰਾਂ ਲਈ ਕਈ ਪ੍ਰੋਗਰਾਮ ਐਲਾਨ ਕੇ ਭਾਜਪਾ ਹਾਈਕਮਾਨ ਨੇ ਉਨ੍ਹਾਂ ਨੂੰ 2019 ਦੀਆਂ ਚੋਣਾਂ ਦੀ ਤਿਆਰੀ ਵਿਚ ਲਗਾ ਦਿੱਤਾ ਹੈ। ਭਾਜਪਾ ਦੇ ਮੁੱਖ ਦਫ਼ਤਰ ਵਿਚ ਪਾਰਟੀ ਦੇ ਕੌਮੀ ਅਹੁਦੇਦਾਰਾਂ, ਸੂਬਾ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਦੀ ਇੱਕ ਮੀਟਿੰਗ ਹੋਈ। ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਬਾਰੇ ਚਰਚਾ ਕੀਤੀ ਗਈ। ਸੂਤਰਾਂ ਮੁਤਾਬਕ ਅਮਿਤ ਸ਼ਾਹ ਨੇ ਕਿਹਾ ਕਿ ਤਿੰਨ ਸੂਬਿਆਂ ਵਿਚ ਚੋਣ ਨਤੀਜਿਆਂ ਵਿਚ ਸੱਤਾਧਾਰੀਆਂ ਦਾ ਵਿਰੋਧ ਵੱਡਾ ਕਾਰਨ ਰਿਹਾ ਹੈ, ਪਰ ਲੋਕ ਸਭਾ ਚੋਣ ਵਿਚ ਅਜਿਹਾ ਨਹੀਂ ਹੋਵੇਗਾ। ਮੀਟਿੰਗ ਵਿਚ ਮੋਦੀ ਸਰਕਾਰ ਦੀਆਂ ਗਰੀਬਾਂ ਲਈ ਬਣਾਈਆਂ ਕਲਿਆਣਕਾਰੀ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ’ਤੇ ਜ਼ੋਰ ਦਿੱਤਾ ਗਿਆ। ਇਸ ਮੀਟਿੰਗ ਦੇ ਅਖੀਰ ਵਿਚ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਾਮਲ ਹੋਣਾ ਸੀ ਪਰ ਬਾਅਦ ਵਿਚ ਇਹ ਪ੍ਰੋਗਰਾਮ ਟਾਲ ਦਿੱਤਾ ਗਿਆ। ਇਸ ਤੋਂ ਪਹਿਲਾਂ ਸੰਸਦ ਭਵਨ ਦੇ ਅਹਾਤੇ ਵਿਚ ਭਾਜਪਾ ਸੰਸਦੀ ਦਲ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਸ਼ਾਮਲ ਹੋਏ ਪਰ ਉਨ੍ਹਾਂ ਉੱਥੇ ਕੁਝ ਵੀ ਨਹੀਂ ਆਖਿਆ। ਭਾਜਪਾ ਵਰਕਰਾਂ ਲਈ ਐਲਾਨੇ ਪ੍ਰੋਗਰਾਮਾਂ ਤਹਿਤ ਪਾਰਟੀ ਦੇ ਸਾਰੇ ਸੱਤ ਮੋਰਚਿਆਂ ਦੇ ਸੈਸ਼ਨ ਹੋਣਗੇ। ਭਾਜਪਾ ਯੁਵਾ ਮੋਰਚਾ ਲਈ ਦਿੱਲੀ ਦੇ ਸਿਵਿਕ ਸੈਂਟਰ ਵਿਚ 15-16 ਦਸੰਬਰ ਨੂੰ ਵਰਕਸ਼ਾਪ ਲਾਈ ਜਾਵੇਗੀ। ਮਹਿਲਾ ਮੋਰਚਾ ਦਾ ਸੈਸ਼ਨ 21-22 ਦਸੰਬਰ ਨੂੰ ਅਹਿਮਦਾਬਾਦ ਵਿਚ ਹੋਵੇਗਾ। ਇਸ ਤੋਂ ਬਾਅਦ ਇੱਕ ਰੈਲੀ ਵੀ ਹੋਵੇਗੀ ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਲ ਹੋਣਗੇ। ਅਨੁਸੂਚਿਤ ਜਾਤੀ ਮੋਰਚਾ ਦਾ ਸੈਸ਼ਨ 19-20 ਜਨਵਰੀ ਨੂੰ ਨਾਗਪੁਰ ਵਿਚ ਹੋਵੇਗਾ। ਘੱਟ ਗਿਣਤੀ ਮੋਰਚੇ ਦਾ ਸੈਸ਼ਨ 31 ਜਨਵਰੀ ਤੇ ਇੱਕ ਫਰਵਰੀ ਨੂੰ ਦਿੱਲੀ ਅਤੇ ਅਨੁਸੂਚਿਤ ਜਨਜਾਤੀ ਮੋਰਚੇ ਦਾ ਸੈਸ਼ਨ 2-3 ਫਰਵਰੀ ਨੂੰ ਪਟਨਾ ਵਿਚ ਹੋਵੇਗਾ। ਕਿਸਾਨ ਮੋਰਚੇ ਦਾ ਸੈਸ਼ਨ 21-22 ਫਰਵਰੀ ਨੂੰ ਉੱਤਰ ਪ੍ਰਦੇਸ਼ ਵਿਚ ਹੋਵੇਗਾ।