ਚੰਡੀਗੜ੍ਹ (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਨੂੰ ਖ਼ਬਰਦਾਰ ਕਰਦਿਆਂ ਕਿਹਾ ਹੈ ਕਿ ਉਹ ਭਾਜਪਾ ਦੇ ‘ਦਲਿਤ ਇਨਸਾਫ ਯਾਤਰਾ’ ਦੇ ਸੌੜੇ ਏਜੰਡੇ ਨੂੰ ਪੰਜਾਬ ’ਤੇ ਥੋਪਣ ਨਹੀਂ ਦੇਣਗੇ ਜਿਸ ਨਾਲ ਜਾਤੀ ਆਧਾਰ ’ਤੇ ਸਮਾਜਿਕ ਵਖਰੇਵਾਂ ਖੜ੍ਹਾ ਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਵੀਰਵਾਰ ਨੂੰ ਬਿਨਾਂ ਇਜਾਜ਼ਤ ਦੇ ਅਖੌਤੀ ‘ਦਲਿਤ ਇਨਸਾਫ ਯਾਤਰਾ’ ਕੱਢਣ ਦੀ ਵਿਅਰਥ ਕੋਸ਼ਿਸ਼ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ,‘‘ਅਸੀਂ ਕਿਸੇ ਵੀ ਕੀਮਤ ’ਤੇ ਸੂਬੇ ਦਾ ਸ਼ਾਂਤ ਮਾਹੌਲ ਵਿਗਾੜਨ ਨਹੀਂ ਦੇਵਾਂਗੇ। ਵੰਡੀਆਂ ਪਾਉਣ ਵਾਲੀਆਂ ਚਾਲਾਂ ਪੰਜਾਬ ਵਿਚ ਕਦੇ ਵੀ ਸਫ਼ਲ ਨਹੀਂ ਹੋਣਗੀਆਂ।’’ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਦਲਿਤ ਅਧਿਕਾਰਾਂ ਬਾਰੇ ਗੱਲ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਿਉਂਕਿ ਉਹ ਆਪਣੀ ਪਾਰਟੀ ਦੇ ਸੱਤਾ ਵਾਲੇ ਸੂਬਿਆਂ ’ਚ ਉਨ੍ਹਾਂ ਨੂੰ ਬੇਰਹਿਮੀ ਨਾਲ ਦਰੜਦੀ ਰਹੀ ਹੈ। ਉਨ੍ਹਾਂ ਭਾਜਪਾ ਨੂੰ ਦਲਿਤਾਂ ਲਈ ਨਿਆਂ ਦੀ ਪਰਿਭਾਸ਼ਾ ਸਪੱਸ਼ਟ ਕਰਨ ਲਈ ਕਿਹਾ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਕਿਸਾਨ ਅਤੇ ਗੈਰ-ਸੰਵਿਧਾਨਕ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਪੂਰੀ ਤਰ੍ਹਾਂ ਫਸ ਗਈ ਹੈ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੇ ਉਦੇਸ਼ ਨਾਲ ਉਹ ਕੂੜ ਪ੍ਰਚਾਰ ਵਿਚ ਲੱਗੀ ਹੋਈ ਹੈ। ‘ਭਾਜਪਾ ਨੇ ਕਿਸਾਨਾਂ ਅਤੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੈ ਅਤੇ ਕੇਂਦਰ ਸਰਕਾਰ ਨੇ ਕੇਂਦਰੀ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤੋਂ ਹੱਥ ਝਾੜ ਕੇ ਉੱਚ ਸਿੱਖਿਆ ਤੱਕ ਪਹੁੰਚ ਤੋਂ ਉਨ੍ਹਾਂ ਨੂੰ ਵਾਂਝਾ ਕਰ ਦਿੱਤਾ ਸੀ।
ਕੈਪਟਨ ਨੇ ਕਿਹਾ ਕਿ ਭਾਜਪਾ ਸੂਬਾ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਤੋਂ ਘਬਰਾ ਗਈ ਹੈ ਜਿਸ ਕਰਕੇ ਉਨ੍ਹਾਂ ਰੈਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ-ਵਿਰੋਧੀ ਗਤੀਵਿਧੀਆਂ ਵਰਗੇ ਘਿਣਾਉਣੇ ਕਾਰਜਾਂ ਲਈ ਮੁਆਫ਼ੀ ਮੰਗਣ ਦੀ ਬਜਾਏ ਹੁਣ ਭਾਜਪਾ ‘ਵੰਡੋ ਅਤੇ ਰਾਜ ਕਰੋ’ ਵਰਗੀਆਂ ਚਾਲਾਂ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਜਪਾ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ।