ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਸਰਕਾਰੀ ਰਿਹਾਇਸ਼ ’ਤੇ ਭਾਜਪਾ ਦੇ 40 ਸੰਸਦ ਮੈਂਬਰਾਂ, ਜੋ ਓਬੀਸੀ (ਹੋਰ ਪੱਛੜੀਆਂ ਸ਼੍ਰੇਣੀਆਂ) ਨਾਲ ਸਬੰਧਤ ਹਨ, ਨਾਲ ਮੁਲਾਕਾਤ ਕੀਤੀ। ਇਹ ਪ੍ਰਧਾਨ ਮੰਤਰੀ ਵਲੋਂ ਭਾਜਪਾ ਸੰਸਦ ਮੈਂਬਰਾਂ ਨਾਲ 7, ਲੋਕ ਕਲਿਆਣ ਮਾਰਗ ਵਿਖੇ ਕੀਤੀਆਂ ਜਾਣ ਵਾਲੀਆਂ ਲੜੀਵਾਰ ਮੀਟਿੰਗਾਂ ’ਚੋਂ ਪਹਿਲੀ ਮੀਟਿੰਗ ਸੀ। ਵੀਰਵਾਰ ਨੂੰ ਪ੍ਰਧਾਨ ਮੰਤਰੀ ਵਲੋਂ ਅਨੁਸੂਚਿਤ ਜਾਤੀਆਂ (ਐੱਸਸੀ) ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ। ਸੂਤਰਾਂ ਅਨਸਾਰ ਇਸ ਮੀਟਿੰਗ ਲਈ ਕੋਈ ਵਿਸ਼ੇਸ਼ ਏਜੰਡਾ ਨਹੀਂ ਰੱਖਿਆ ਗਿਆ ਸੀ। ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨਾਲ ਗੈਰ-ਰਸਮੀ ਗੱਲਬਾਤ ਕੀਤੀ। ਇੱਕ ਸੰਸਦ ਮੈਂਬਰ ਅਨੁਸਾਰ, ‘‘ਮੋਦੀ ਜੀ ਨੇ ਸਾਡੇ ਨਾਲ ਕੁਝ ਸਮਾਂ ਗੱਲਬਾਤ ਕੀਤੀ ਅਤੇ ਸੰਸਦ ਮੈਂਬਰਾਂ ਨੇ ਆਪਣੇ ਬਾਰੇ ਦੱਸਿਆ।’’ ਮੀਟਿੰਗ ਵਿੱਚ 43 ਸੰਸਦ ਮੈਂਬਰ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਲਹਾਦ ਜੋਸ਼ੀ ਹਾਜ਼ਰ ਸਨ। ਭਾਜਪਾ ਸੰਸਦ ਮੈਂਬਰਾਂ ਨੂੰ ਸੱਤ ਵਰਗਾਂ ਵਿੱਚ ਵੰਡਿਆ ਗਿਆ ਹੈ ਜਿਵੇਂ ਨੌਜਵਾਨ ਐੱਮਪੀ, ਮਹਿਲਾ ਐੱਮਪੀ, ਐੱਸਸੀ ਐੱਮਪੀ, ਅਨੁਸੂਚਿਤ ਕਬੀਲੇ ਐੱਮਪੀ ਅਤੇ ਓਬੀਸੀ ਐੱਮਪੀ। ਹਰ ਗਰੁੱਪ ਵਲੋਂ ਵੱਖਰੇ ਤੌਰ ’ਤੇ ਮੋਦੀ ਨਾਲ ਮੁਲਾਕਾਤ ਕੀਤੀ ਜਾਵੇਗੀ।
INDIA ਭਾਜਪਾ ਦੇ 40 ਓਬੀਸੀ ਸੰਸਦ ਮੈਂਬਰਾਂ ਨੂੰ ਮਿਲੇ ਮੋਦੀ