ਚੰਡੀਗੜ੍ਹ ਤੋਂ ਭਾਜਪਾ ਦੀ ਟਿਕਟ ਹਾਸਲ ਕਰਨ ਲਈ ਸੰਸਦ ਮੈਂਬਰ ਕਿਰਨ ਖੇਰ, ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਅਤੇ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਅੱਜ ਨਾਟਕੀ ਢੰਗ ਨਾਲ ‘ਚੌਕੀਦਾਰ’ ਬਣ ਕੇ ਇਕੋ ਸਟੇਜ ’ਤੇ ਆਏ। ਤਿੰਨਾਂ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਚੌਕੀਦਾਰ ਗਰਦਾਨਦਿਆਂ ਕਿਹਾ ਕਿ ਉਹ ਵੀ ਚੌਕੀਦਾਰ ਹਨ। ਸੂਤਰਾਂ ਅਨੁਸਾਰ ਹਾਈ ਕਮਾਂਡ ਦੇ ਫੁਰਮਾਨ ਕਾਰਨ ਹੀ ਅੱਜ ਇਹ ਤਿੰਨੇ ਆਗੂ ਸਾਂਝੇ ਤੌਰ ’ਤੇ ਮੀਡੀਆ ਮੂਹਰੇ ਰੂ-ਬ-ਰੂ ਹੋਏ ਹਨ। ਭਾਜਪਾ ਵੱਲੋਂ ਦੇਸ਼ ਭਰ ਵਿਚ ‘ਮੈਂ ਭੀ ਚੌਕੀਦਾਰ ਹੂੰ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਅਤੇ ਹਰੇਕ ਸਟੇਟ ਤੇ ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀਜ਼) ਦੀਆਂ ਭਾਜਪਾ ਇਕਾਈਆਂ ਦੇ ਆਗੂਆਂ ਨੂੰ ਇਹ ਪ੍ਰੋਗਰਾਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਸਨ। ਇਹ ਤਿੰਨੇ ਆਗੂ ਚੰਡੀਗੜ੍ਹ ਤੋਂ ਪਾਰਟੀ ਦੀ ਟਿਕਟ ਹਾਸਲ ਕਰਨ ਦੇ ਦਾਅਵੇਦਾਰ ਹਨ। ਇਸ ਮੌਕੇ ਜਦੋਂ ਸਵਾਲ ਕੀਤਾ ਗਿਆ ਕਿ ਚੰਡੀਗੜ੍ਹ ਲੋਕ ਸਭਾ ਚੋਣਾਂ ਲਈ ਇਸ ਵਾਰ ਪਾਰਟੀ ਦਾ ਚੌਕੀਦਾਰ (ਉਮੀਦਵਾਰ) ਕੌਣ ਹੋਵੇਗਾ ਤਾਂ ਪਹਿਲਾਂ ਸ੍ਰੀ ਟੰਡਨ ਨੇ ਕਿਹਾ ਕਿ ਇਸ ਦਾ ਫੈ਼ਸਲਾ ਹਾਈ ਕਮਾਂਡ ਨੇ ਕਰਨਾ ਹੈ ਅਤੇ ਕੌਮੀ ਲੀਡਰਸ਼ਿਪ ਜਿਸ ਨੂੰ ਵੀ ਉਮੀਦਵਾਰ ਬਣਾਏਗੀ ਸਾਰੇ ਉਸ ਨੂੰ ਪ੍ਰਵਾਨ ਕਰਨਗੇ। ਇਸ ਤੋਂ ਬਾਅਦ ਕਿਰਨ ਖੇਰ ਨੇ ਕਿਹਾ ਕਿ ਹਾਈ ਕਮਾਂਡ ਦਾ ਫੈਸਲਾ ਸਾਰਿਆਂ ਨੂੰ ਪ੍ਰਵਾਨ ਹੋਵੇਗਾ। ਜਦੋਂ ਸਵਾਲ ਕੀਤਾ ਕਿ ਕੀ 2014 ਦੀਆਂ ਚੋਣਾਂ ਦੌਰਾਨ ਜਦੋਂ ਪਾਰਟੀ ਨੇ ਕਿਰਨ ਖੇਰ ਨੂੰ ਟਿਕਟ ਦਿੱਤੀ ਸੀ ਤਾਂ ਉਸ ਵੇਲੇ ਭਾਜਪਾ ਦੇ ਕੁਝ ਨਾਰਾਜ਼ ਆਗੂਆਂ ਨੇ ਉਨ੍ਹਾਂ ਉਪਰ ਕੀਤੀ ਅੰਡਿਆਂ ਦੀ ਬਰਸਾਤ ਵਾਂਗ ਇਸ ਵਾਰ ਵੀ ਕੋਈ ਵਿਰੋਧ ਉਠੇਗਾ? ਇਸ ਦੇ ਜਵਾਬ ਵਿਚ ਸ੍ਰੀ ਟੰਡਨ ਨੇ ਕਿਹਾ ਕਿ ਉਸ ਵੇਲੇ ਕਿਰਨ ਖੇਰ ਦੇ ਕਾਫਲੇ ਉਪਰ ਅੰਡੇ ਸੁੱਟਵਾਉਣ ਵਾਲੇ ਹੁਣ ਪਾਰਟੀ ਵਿਚ ਨਹੀਂ ਹਨ। ਦੱਸਣਯੋਗ ਹੈ ਕਿ ਸਾਲ 2014 ਵਿਚ ਸ੍ਰੀ ਧਵਨ ਸਮੇਤ ਸ੍ਰੀ ਟੰਡਨ ਤੇ ਸ੍ਰੀ ਜੈਨ ਟਿਕਟ ਦੇ ਮੁੱਖ ਦਾਅਵੇਦਾਰ ਸਨ ਪਰ ਪਾਰਟੀ ਨੇ ਇਨ੍ਹਾਂ ਤਿੰਨਾਂ ਨੂੰ ਦਰਕਿਨਾਰ ਕਰਦਿਆਂ ਕਿਰਨ ਖੇਰ ਨੂੰ ਟਿਕਟ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਹਰਮੋਹਨ ਧਵਨ ਨੇ ਬਗਾਵਤ ਕਰ ਦਿੱਤੀ ਸੀ ਤੇ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਮਨਾਇਆ ਗਿਆ ਸੀ। ਇਸੇ ਦੌਰਾਨ ਸ੍ਰੀ ਟੰਡਨ ਨੇ ਕਿਹਾ ਕਿ ਅਗਲੇ 7 ਦਿਨਾਂ ਵਿਚ ‘ਮੈਂ ਭੀ ਹੂੰ ਚੌਕੀਦਾਰ’ ਤਹਿਤ 10 ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸ੍ਰੀ ਮੋਦੀ ਵਰਗਾ ਚੌਕੀਦਾਰ ਰਾਸ ਨਹੀਂ ਆ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਨੇ ਪੂਰੇ 5 ਸਾਲ ਭ੍ਰਿਸ਼ਟਾਚਾਰ ਉਪਰ ਚੌਕੀਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸ੍ਰੀ ਮੋਦੀ ਵਿਰੁੱਧ ਗਲਤ ਪ੍ਰਚਾਰ ਕਰਕੇ ਅਤੇ ਪ੍ਰਧਾਨ ਮੰਤਰੀ ਵਿਰੁੱਧ ਮਾੜੀ ਸ਼ਬਦਾਵਲੀ ਵਰਤ ਕੇ ਇਸ ਅਹੁਦੇ ਦੀ ਮਰਿਆਦਾ ਦੀ ਮਾਨਹਾਨੀ ਕਰ ਰਹੀ ਹੈ, ਜਿਸ ਦਾ ਜਵਾਬ ਲੋਕ ਸਭਾ ਚੋਣਾਂ ’ਚ ਦਿੱਤਾ ਜਾਵੇਗਾ।
INDIA ਭਾਜਪਾ ਟਿਕਟ ਦੇ ਦਾਅਵੇਦਾਰ ਬਣੇ ‘ਚੌਕੀਦਾਰ’