ਕੋਲਕਾਤਾ- ਇੱਥੇ ਅੱਜ ਡੇਂਗੂ ਦੇ ਮਾਮਲਿਆਂ ’ਚ ਹੋਏ ਵਾਧੇ ਖ਼ਿਲਾਫ਼ ਕੀਤੀ ਜਾ ਰਹੀ ਰੈਲੀ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਦੀ ਪੁਲੀਸ ਨਾਲ ਝੜਪ ਹੋ ਗਈ। ਇਹ ਰੋਸ ਮਾਰਚ ਭਾਜਪਾ ਦੇ ਯੁਵਾ ਮਾਰਚ ਵੱਲੋਂ ਸ਼ਹਿਰ ਦੇ ਸੈਂਟਰਲ ਐਵੇਨਿਊ ਇਲਾਕੇ ’ਚੋਂ ਕੱਢਿਆ ਗਿਆ ਅਤੇ ਇਸ ਦੀ ਸਮਾਪਤੀ ਕੋਲਕਾਤਾ ਨਗਰ ਨਿਗਮ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਨ ਮਗਰੋਂ ਹੋਣੀ ਸੀ।
ਪੁਲੀਸ ਦੇ ਸੂਤਰਾਂ ਅਨੁਸਾਰ ਅਧਿਕਾਰੀਆਂ ਨੇ ਭਾਜਪਾ ਕਾਰਕੁਨਾਂ ਨੂੰ ਸਮਝਾ ਕੇ ਵਾਪਸ ਭੇਜਣ ਦੀ ਕਾਫ਼ੀ ਕੋਸ਼ਿਸ਼ ਕੀਤੀ। ਇਸ ਦੇ ਜਵਾਬ ਵਿੱਚ ਭਾਜਪਾ ਸਮਰਥਕਾਂ ਨੇ ਪੁਲੀਸ ’ਤੇ ਪੱਥਰ ਤੇ ਪਾਣੀ ਦੀਆਂ ਬੋਤਲਾਂ ਸੁੱਟੀਆਂ। ਇਸ ’ਤੇ ਪੁਲੀਸ ਨੇ ਭੀੜ ਨੂੰ ਖਦੇੜਨ ਲਈ ਜਲ ਤੋਪਾਂ ਦਾ ਇਸਤੇਮਾਲ ਕੀਤਾ। ਪੁਲੀਸ ਸੂਤਰਾਂ ਅਨੁਸਾਰ ਇਸ ਝੜਪ ਦੌਰਾਨ ਕਈ ਭਾਜਪਾ ਕਾਰਕੁਨ ਹਿਰਾਸਤ ’ਚ ਲਏ ਗਏ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੀ ਇਕ ਰਿਪੋਰਟ ਮੁਤਾਬਕ ਕੋਲਕਾਤਾ ਤੇ ਇਸ ਦੇ ਆਸਪਾਸ ਦੇ ਖੇਤਰਾਂ ’ਚ ਡੇਂਗੂ ਦੇ 44,852 ਕੇਸ ਸਾਹਮਣੇ ਆ ਚੁੱਕੇ ਹਨ। ਸਰਕਾਰੀ ਅਧਿਕਾਰੀਆਂ ਅਨੁਸਾਰ ਜਨਵਰੀ ਤੋਂ ਲੈ ਕੇ ਹੁਣ ਤੱਕ ਰਾਜ ਵਿੱਚ 25 ਲੋਕਾਂ ਦੀ ਡੇਂਗੂ ਕਾਰਨ ਮੌਤ ਹੋ ਚੁੱਕੀ ਹੈ।
INDIA ਭਾਜਪਾ ਕਾਰਕੁਨਾਂ ਦੀ ਪੁਲੀਸ ਨਾਲ ਝੜਪ