ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਜਪਾ ਅਤੇ ਆਰਐੱਸਐੱਸ ਦੀਆਂ ਨੀਤੀਆਂ ਕਾਰਨ ਅਸਾਮ ’ਚ ਮੁੜ ਹਿੰਸਾ ਦਾ ਦੌਰ ਸ਼ੁਰੂ ਹੋ ਸਕਦਾ ਹੈ। ਇਥੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸਾਮ ਸਮਝੌਤੇ ਦੀ ਭਾਵਨਾ ਨੂੰ ਤਬਾਹ ਨਹੀਂ ਕਰਨਾ ਚਾਹੀਦਾ ਹੈ ਜਿਸ ਨਾਲ ਸੂਬੇ ’ਚ ਸ਼ਾਂਤੀ ਦਾ ਮਾਹੌਲ ਪੈਦਾ ਹੋਇਆ ਹੈ। ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਸੂਬਾ ਅਤੇ ਕੇਂਦਰ ਸਰਕਾਰਾਂ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਮਾਹੌਲ ਵਿਗੜ ਸਕਦਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਨੂੰ ਅਸਾਮ ਅਤੇ ਉੱਤਰ-ਪੂਰਬ ਦੇ ਸੱਭਿਆਚਾਰ, ਭਾਸ਼ਾ ਅਤੇ ਪਛਾਣ ’ਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ,‘‘ਅਸਾਮ ਕਦੇ ਵੀ ਨਫ਼ਰਤ ਅਤੇ ਹਿੰਸਾ ਨਾਲ ਤਰੱਕੀ ਨਹੀਂ ਕਰ ਸਕਦਾ ਹੈ।’’ ਉਨ੍ਹਾਂ ਸਾਰਿਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਭਾਜਪਾ ਨੂੰ ਦੱਸਣ ਕਿ ਸੂਬੇ ਦੇ ਸੱਭਿਆਚਾਰ, ਭਾਸ਼ਾ, ਪਛਾਣ ਅਤੇ ਇਤਿਹਾਸ ’ਤੇ ਹਮਲਾ ਨਹੀਂ ਕੀਤਾ ਜਾ ਸਕਦਾ ਹੈ। ਸੋਧੇ ਹੋਏ ਨਾਗਰਿਕਤਾ ਕਾਨੂੰਨ ਖ਼ਿਲਾਫ਼ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ, ਆਰਐੱਸਐੱਸ ਅਤੇ ‘ਚੱਡੀ ਵਾਲਿਆਂ’ ਨੂੰ ਅਸਾਮ ਦੇ ਸੱਭਿਆਚਾਰ, ਭਾਸ਼ਾ ਅਤੇ ਪਛਾਣ ’ਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ‘ਆਰਐੱਸਐੱਸ ਅਤੇ ਨਾਗਪੁਰ ਅਸਾਮ ਨੂੰ ਨਹੀਂ ਚਲਾ ਸਕਦੇ ਹਨ। ਜੇਕਰ ਉਹ ਉੱਤਰ-ਪੂਰਬ ਦੀ ਭਾਸ਼ਾ ਅਤੇ ਪਛਾਣ ਨੂੰ ਦਬਾਉਣ ਬਾਰੇ ਸੋਚਦੇ ਹਨ ਤਾਂ ਉਨ੍ਹਾਂ ਅਜੇ ਤੱਕ ਲੋਕਾਂ ਨੂੰ ਜਾਣਿਆ ਨਹੀਂ ਹੈ।’ ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਅਸਾਮ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਖ਼ਬਰਦਾਰ ਕੀਤਾ ਸੀ ਕਿ ਜੇਕਰ ਭਾਜਪਾ ਸੱਤਾ ’ਚ ਆਈ ਤਾਂ ਬੜੀ ਮੁਸ਼ਕਲ ਨਾਲ ਕਾਇਮ ਕੀਤੀ ਗਈ ਸ਼ਾਂਤੀ ਖ਼ਤਰੇ ’ਚ ਪੈ ਸਕਦੀ ਹੈ ਅਤੇ ਅੱਜ ਇਹ ਸੱਚ ਸਾਬਤ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਥੇ ਵੀ ਭਾਜਪਾ ਜਾਂਦੀ ਹੈ, ਉਥੇ ਲੋਕਾਂ ਵਿਚਕਾਰ ਨਫ਼ਰਤ, ਹਿੰਸਾ ਅਤੇ ਲੜਾਈ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਉਹ ਲੋਕਾਂ ਦੀ ਆਵਾਜ਼ ਸੁਣਨ ਦੀ ਬਜਾਏ ਉਸ ਨੂੰ ਦਬਾਉਣ ’ਚ ਯਕੀਨ ਕਰਦੇ ਹਨ। ‘ਜੇਕਰ ਲੋਕ ਸ਼ਾਂਤਮਈ ਢੰਗ ਨਾਲ ਕੁਝ ਆਖਦੇ ਹਨ ਤਾਂ ਉਨ੍ਹਾਂ ਨੂੰ ਮਾਰਨ ਦੀ ਲੋੜ ਨਹੀਂ ਹੈ। ਗੱਲ ਨੂੰ ਪਿਆਰ ਨਾਲ ਵੀ ਸੁਣਿਆ ਜਾ ਸਕਦਾ ਹੈ।’ ਰਾਹੁਲ ਨੇ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਅਰਥਚਾਰੇ ਨੂੰ ਤਬਾਹ ਕਰ ਰਹੀ ਹੈ ਜਿਸ ਕਾਰਨ ਰੁਜ਼ਗਾਰ ਦੇ ਮੌਕੇ ਖੁੱਸ ਰਹੇ ਹਨ ਅਤੇ ਜੀਡੀਪੀ ਡਿੱਗ ਰਹੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ 135ਵੇਂ ਸਥਾਪਨਾ ਦਿਵਸ ਮੌਕੇ ਦਿੱਲੀ ’ਚ ਰਾਹੁਲ ਗਾਂਧੀ ਨੇ ਕੌਮੀ ਅਬਾਦੀ ਰਜਿਸਟਰ ਅਤੇ ਪ੍ਰਸਤਾਵਿਤ ਐੱਨਆਰਸੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਹਮਲਾ ਬੋਲਦਿਆਂ ਇਨ੍ਹਾਂ ਕਾਨੂੰਨਾਂ ਨੂੰ ‘ਨੋਟਬੰਦੀ ਨੰਬਰ 2’ ਗਰਦਾਨਿਆ ਅਤੇ ਚਿਤਾਵਨੀ ਦਿੱਤੀ ਕਿ ਇਹ ਨੋਟਬੰਦੀ ਨਾਲੋਂ ਵੱਧ ਖ਼ਤਰਨਾਕ ਹੋਣਗੇ। ਆਲ ਇੰਡੀਆ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ’ਤੇ ਝੰਡਾ ਲਹਿਰਾਉਣ ਦੀ ਰਸਮ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਕਾਨੂੰਨਾਂ ਰਾਹੀਂ ਸਾਰੇ ਗਰੀਬ ਲੋਕਾਂ ਨੂੰ ਪੁੱਛਣਾ ਚਾਹੁੰਦੀ ਹੈ ਕਿ ਉਹ ਭਾਰਤੀ ਹਨ ਜਾਂ ਨਹੀਂ। ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਸ ਪੂਰੇ ਤਮਾਸ਼ੇ ਨਾਲ ਨੋਟਬੰਦੀ ਤੋਂ ਵੀ ਦੁੱਗਣਾ ਅਸਰ ਪਵੇਗਾ। ਉਨ੍ਹਾਂ ਕਿਹਾ,‘‘ਪ੍ਰਧਾਨ ਮੰਤਰੀ ਦੇ 15 ਦੋਸਤਾਂ ਨੂੰ ਕੋਈ ਦਸਤਾਵੇਜ਼ ਨਹੀਂ ਦਿਖਾਉਣਾ ਪਵੇਗਾ ਅਤੇ ਲੋਕਾਂ ਤੋਂ ਵਸੂਲਿਆ ਜਾਣ ਵਾਲਾ ਪੈਸਾ ਇਨ੍ਹਾਂ 15 ਅਮੀਰ ਲੋਕਾਂ ਦੀਆਂ ਜੇਬਾਂ ’ਚ ਜਾਵੇਗਾ।’’ ਰਾਹੁਲ ਨੇ ਕਿਹਾ ਕਿ ਸ੍ਰੀ ਮੋਦੀ ਦੇ ਬਿਆਨ ਕਿ ਮੁਲਕ ’ਚ ਕੋਈ ਬੰਦੀ ਕੇਂਦਰ ਨਹੀਂ ਹਨ ਅਤੇ ਉਨ੍ਹਾਂ ਦੇ ਦਿਖਾਏ ਜਾ ਰਹੇ ਵੀਡੀਓ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੌਣ ਝੂਠਾ ਹੈ।
HOME ਭਾਜਪਾ-ਆਰਐੱਸਐੱਸ ਨੂੰ ਅਸਾਮ ਦੀ ਪਛਾਣ ਖਤਮ ਨਹੀਂ ਕਰਨ ਦੇਵਾਂਗੇ: ਰਾਹੁਲ