ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਨਾਲ਼ ਜੁੜੇ ਵਿਵਾਦ ਦਾ ਕੱਚ-ਸੱਚ

ਭਾਈ ਨਿਰਮਲ ਸਿੰਘ ਖਾਲਸਾ
ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਅਤੇ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ ਜੀ ਦੀ ਸੋਗਮਈ ਮੌਤ ਤੋਂ ਬਾਅਦ ਇਹ ਅਵਾਜਾਂ ਉੱਠ ਰਹੀਆਂ ਹਨ ਕਿ ਭਾਈ ਸਾਹਿਬ ਦਾ ਸਸਕਾਰ ਰੋਕਣ ਵਿੱਚ ਕਿਤੇ ਨਾ ਕਿਤੇ ਜਾਤ-ਪਾਤ ਦਾ ਰੌਲਾ ਸੀ । ਇਲਜਾਮ ਹੈ ਕਿ ਜਿਵੇਂ ਭਾਈ ਸਾਹਿਬ ਨੇ ਇੱਕ ਸੈਮੀਨਾਰ ਵਿੱਚ ਬੋਲਿਆ ਸੀ ਕਿ ਮੈਂ ਮਜਬੀ ਸਿੱਖਾਂ ਦਾ ਪੰਜਵੀਂ ਪਾਸ ਗਰੀਬ ਬੱਚਾ ਹਾਂ ਪਰ ਮੇਰੇ ਗੁਰੂ ਦੀ ਬਖਸ਼ਿਸ ਸਦਕਾ ਮੇਰੀਆਂ ਲਿਖੀਆਂ ੨ ਪੁਸਤਕਾਂ ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿੱਚ ਸਿਲੇਬਸ ਦਾ ਹਿੱਸਾ ਹਨ । ਗੁਰੂ ਦੇ ਇਸ ਨਿਮਾਣੇ ਤੇ ਗਰੀਬ ਸਿੱਖ ਤੇ ੨੬ ਵਿਦਿਆਰਥੀ ਪੀ.ਐਚ. ਡੀ .ਕਰ ਚੁੱਕੇ ਹਨ ਜਾਂ ਫਿਰ ਕਰ ਰਹੇ ਹਨ (ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਅਤੇ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ) ਦੇ ਕਾਰਨ ਹੀ ਵੇਰਕਾ ਵਾਸੀਆਂ ਨੇ ਵਿਰੋਧ ਕੀਤਾ ਅਤੇ ਪਦਮ ਸ੍ਰੀ ਦੀ ਉਪਾਧੀ ਲੈਣ ਤੋਂ ਬਾਅਦ ਵੀ ਉੱਚ ਜਾਤੀ ਦੇ ਲੋਕਾਂ ਨੇ ਉਹਨਾਂ ਨੂੰ ਸਵੀਕਾਰਿਆ ਨਹੀਂ ਇਹ ਕਿੰਨਾ ਕੁ ਠੀਕ ਹੈ ਅੱਗੇ ਵੀਚਾਰਦੇ ਹਾਂ?
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ

ਕੁੱਝ ਲੋਕ ਉਹਨਾਂ ਦੀ ਸਿਰੋਮਣੀ ਕਮੇਟੀ ਨੂੰ ਲਿਖੀ ਦੁਖੜੇ ਭਰੀ ਚਿੱਠੀ ਦਾ ਵੀ ਜਿਕਰ ਕਰਦੇ ਹਨ ਜਿਸ ਦਾ ਹਵਾਲਾ ਦੇ ਕੇ ਉਹ ਜਾਤ ਪਾਤ ਦੇ ਪੱਖ ਨੂੰ ਹੀ ਉਜਾਗਰ ਕਰਦੇ ਹਨ ਇਸ ਨੂੰ  ਸਸਕਾਰ ਵਾਲੀ ਘਟਨਾ ਨਾਲ਼ ਜੋੜਨਾ ਕਿੰਨਾ ਕੁ ਠੀਕ ਹੈ? ਸਹੀ ਅਤੇ ਅਹਿਮ ਤੱਥ ਸਾਹਮਣੇ ਆਉਣੇ ਜਰੂਰੀ ਹਨ ਕਿਤੇ ਕੋਈ ਉਲਝਣ ਬਾਕੀ ਨਾ ਰਹਿ ਜਾਵੇ । ਉਸ ਚਿੱਠੀ ਵਿੱਚ ਭਾਈ ਸਾਹਿਬ ਨੇ ਉਸ ਸਮੇਂ ਦੇ ਹੈਡ ਗ੍ਰੰਥੀ ਮੋਹਣ ਸਿੰਘ ਵਲੋਂ ਉਹਨਾਂ ਪ੍ਰਤੀ ਦੋ ਵਾਰੀ ਜਾਤ ਚਿਤਾਰਨ ਵਾਲ਼ੇ ਲਫਜ਼ਾਂ ਦਾ ਜਿਕਰ ਕੀਤਾ ਹੈ ।

ਕੀ ਇਹਨਾਂ ਗੱਲਾਂ ਕਰਕੇ ਕਿ ਉਹ ਮਜਬੀ ਸਿੱਖ ਸਨ, ਹੀ ਵੇਰਕਾ ਵਾਸੀਆਂ ਵਲੋਂ ਸਸਕਾਰ ਲਈ ਮਨਾ ਕੀਤਾ ਜਾਂ ਕੁੱਝ ਹੋਰ ਕਾਰਨ ਸਨ ? ਇਹਨਾਂ ਦੀ ਪੜਤਾਲ਼ ਜਰੂਰੀ ਹੈ ?
ਇਹਨਾਂ ਸਾਰੀਆਂ ਗੱਲਾਂ ਦੀ ਗੰਢ ਖੋਹਲਣ ਲਈ ਅੱਗੇ ਚੱਲਦੇ ਹਾਂ । ਸਾਰੀ ਸਥਿਤੀ ਸਾਫ ਕਰਨ ਦੀ ਕੋਸ਼ਿਸ਼ ਕਰਾਂਗੇ ।
ਭਾਈ ਸਾਹਿਬ ਨੂੰ ਹਜੂਰੀ ਰਾਗੀ ਦਾ ਰੁਤਬਾ ਹੁੰਨਰ, ਸੁਰੀਲੀ ਅਵਾਜ਼, ਸਿੱਖ ਹੋਣ ਦੇ ਗੁਣ ਕਾਰਨ ਹੀ ਮਿਲ਼ਿਆ ਸੀ, ਨਾ ਕਿ ਕੋਈ ਕੋਟੇ ਅਧੀਨ(ਰਿਜਰਵੇਸਨ ਅਧੀਨ) । ਉਹਨਾਂ ਦਾ ਪੰਥ ਵਿੱਚ ਸਤਿਕਾਰ ਪੰਥਕ ਸਖਸੀਅਤ ਅਤੇ ਗੁਰੂ ਰਾਮਦਾਸ ਜੀ ਦੇ ਘਰ ਦਾ ਕੀਰਤਨੀਆਂ ਹੋਣ ਕਾਰਨ ਹੀ ਸੀ ।ਸਾਰੀ ਉਮਰ ਕੌਮ ਨੇ ਉਹਨਾਂ ਨੂੰ ਵੱਡਾ ਸਤਿਕਾਰ ਦਿੱਤਾ ਅਤੇ ਕਿਸੇ ਨੇ ਜਾਤ ਨਹੀਂ ਪੁੱਛੀ ਜਦੋਂ ਉਹਨਾਂ ਨੂੰ ਘਰ ਜਾਂ ਹੋਰ ਵੱਡੇ ਸਮਾਗਮਾਂ ਵਿੱਚ ਕੀਰਤਨ ਕਰਨ ਲਈ ਬੁਲਾਇਆ ।
ਅੁਪਰੇਸਨ ਬਲੈਕ ਥੰਡਰ ਵੇਲ਼ੇ ਮਰਿਆਦਾ ਕਾਇਮ ਰੱਖਣ ਲਈ ਭਾਈ ਸਾਹਿਬ ਨੇ ਗੋਲ਼ੀ ਬਾਰੀ ‘ਚ ਨੌ ਘੰਟੇ ਕੀਰਤਨ ਕੀਤਾ । ਇਹੋ ਜਿਹਾ ਰੋਲ ਸਾਕਾ ਨੀਲਾ ਤਾਰਾ ਵੇਲ਼ੇਗੁਰੂ ਦੇ ਹੋਰ ਲਾਲਾਂ ਨੇ ਵੀ ਅਦਾ ਕੀਤਾ ਸੀ ਜਦੋਂ ਹਾਲਾਤ ਹੋਰ ਵੀ ਭਿਅੰਕਰ ਸਨ । ਭਾਈ ਸਾਹਿਬ ਭਾਵੇ ਆਪਣੇ ਆਪ ਨੂੰ ਮਜਬੀ ਸਿੱਖਾਂ ਦਾ ਬੱਚਾ ਦੱਸਦੇ ਹਨ ।ਉਹਨਾਂ ਦਾ ਆਪਣੇ ਆਪ ਨੂੰ ਮਜਬੀ ਸਿਖਾਂ ਦਾ ਬੱਚਾ ਦੱਸਣਾ ਸਿਰਫ ਤੇ ਸਿਰਫ ਗੁਰੂ ਪ੍ਰਤੀ ਸਮਰਪਣ ਅਤੇ ਊਚ ਨੀਚ ਛੂਤਛਾਤ ਤੋਂ ਉੱਪਰ ਸਿੱਖ ਧਰਮ ਦੀ ਮਹਾਨਤਾ ਨੂੰ ਦਰਸਾਉਣਾ ਹੀ ਸੀ । ਉਹਨਾਂ ਦੇ ਕਹਿਣ ਦਾ ਭਾਵ ਇਹ ਸੀ ਕਿ ਇਕੱਲਾ ਸਕੂਲ ਵਿੱਚ ਪੜਨ ਨਾਲ਼ ਹੀ ਗਿਆਨ ਨੀ ਹੁੰਦਾ, ਗਿਆਨ ਤਾਂ ਖੁਦ ਨੂੰ ਗੁਰੂ ਨੂੰ ਅਰਪਣ ਕਰਨ ਨਾਲ਼ ਹੀ ਮਿਲਦਾ ਹੈ, ਭਾਵੇਂ ਹੁਣ ਕਈ ਉਹਨਾਂ ਦੀ ਪਛਾਣ ਦਲਿਤ ਵਜੋਂ ਉਭਾਰ ਰਹੇ ਨੇ ਪਰ ਸਿੱਖੀ ਨੇ ਉਹ ਬੁਲੰਦੀਆਂ ਬਖਸੀਆਂ ਜੋ ਉਹ ਸੋਚ ਵੀ ਨਹੀਂ ਸੀ ਸਕਦੇ ।
ਗੁਰਬਾਣੀ ਦਾ ਫੁਰਮਾਣ ਹੈ :- ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ । ਰਿਦੈ ਰਾਮ ਗੋਬਿੰਦ ਗੁਨ ਸਾਰੰ ॥ਰਹਾਉ॥ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀਂ ਪਾਨੰ ॥ ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥ ਭਗਤਿ ਭਾਗਉਤ ਲਿਖੀਅੇ ਤਿਹ ਊਪਰੇ ਪੂਜੀਏ ਕਰਿ ਨਮਸਕਾਰੰ ॥ ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ । ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਾਉਤਿ ਤੇਰੇ ਨਾਮ ਸਰਣਾਇ ਰਵਿਦਾਸ ਦਾਸਾ ॥੩॥ਪੰਨਾ ੧੨੯੩॥
ਸਮੁੱਚਾ ਸਿੱਖ ਇਤਿਹਾਸ ਅਤੇ ਸਿੱਖ ਫਿਲਾਸਫੀ ਜਾਤਪਾਤ ਦੀਆਂ ਖੋਖਲੀਆਂ ਰੀਤਾਂ ਨੂੰ ਨਕਾਰ ਕੇ ਇੱਕ ਪੰਥ ਨੂੰ ਹੀ ਮਾਨਤਾ ਦਿੰਦੀ ਹੈ । ਜਾਤ ਰਹਿਤ ਸਮਾਜ ਸਿਰਜਣਾ ਹੀ ਗੁਰੂਆਂ ਦਾ ਨਿਸਾਨਾ ਸੀ । ‘ਸਿੱਖ ਦੀ ਕੋਈ ਜਾਤ ਨਹੀਂ ਜਾਤ ਵਾਲਾ ਸਿੱਖ ਨਹੀਂ’ ਦੇ ਸਿਧਾਤ ਦੀ ਦ੍ਰਿੜਤਾ ਹੀ ਸਿੱਖੀ ਦੇ ਮਹਿਕਾਂ ਬਿਖੇਰਦੇ ਬੂਟੇ ਦੀ ਸ਼ਾਨ ਹੈ ।
ਮੈਂ ਇਥੇ ਨਿੱਜੀ ਜਿਕਰ ਕਰਨਾ ਵਾਜਬ ਸਮਝਦਾ ਹਾਂ । ਜਦੋਂ ਦਾਸ ਨੇ ਹੋਦ-ਚਿੱਲੜ ਵਾਲ਼ੇ ਸਿੱਖ ਕਤਲੇਆਮ ਨੂੰ ਨੰਗਾ ਕੀਤਾ ਸੀ ਤਾਂ ਉਹ ਪੰਥਕ ਤੇ ਮਾਨਵੀ ਫਰਜ਼ ਸਮਝ ਕੇ ਕੀਤਾ ਤੇ ਉਹ ਲੜਾਈ ਹੁਣ ਵੀ ਜਾਰੀ ਹੈ । ਮੇਰੀ ਕਿਸੇ ਨੇ ਜਾਤ ਨਹੀਂ ਪੁੱਛੀ । ਜਦੋਂ ਸ੍ਰੀ ਫਤਹਿਗੜ੍ਹ ਸਾਹਿਬ ਰਿਜਰਵ ਹਲਕੇ ਤੋਂ ਲੋਕ ਸਭਾ ਦੀ ਚੋਣ ਲੜਿਆ ਤਾਂ ਫਿਰ ਸਮੁੱਚੇ ਪੰਥ ਦਰਦੀ ਹਲਕਿਆਂ ਵਿੱਚ ਸਹਾਇਤਾ ਆਈ ਕਿਤੋਂ ਜਾਤ ਪਾਤ ਦੀ ਗੱਲ ਨਹੀਂ ਆਈ । ਗੁਰੂ ਦੇ ਸਿੱਖ ਦੀ ਹਮਾਇਤ ਗੁਰੂ ਦੇ ਸਿੱਖਾਂ ਨੇ ਕੀਤੀ ਤੇ ਜਾਤ ਕਦੇ ਨਾ ਮੈਂ ਉਨ੍ਹਾ ਨੂੰ ਪੁੱਛੀ ਨਾ ਉਨ੍ਹਾ ਨੂੰ ਕੋਈ ਲਾਗਾ ਦੇਗਾ ਸੀ । ਸਿੱਖਾਂ ਦੇ ਕੁੱਝ ਹਿੱਸਿਆਂ ‘ਚ ਜਾਤ-ਪਾਤ ਦੀ ਗੱਲ ਹਾਲੇ ਹੈ ਵੀ, ਪਰ ਕੌਮ ਦਾ ਚੋਖਾ ਹਿੱਸਾ ਇਸ ਦੇ ਖਿਲਾਫ ਸੁਚੇਤ ਵੀ ਹੈ । ਜਿਹੜੇ ਅਜੇ ਵੀ ਜਾਤ-ਪਾਤ ਵਾਲ਼ ਿਸੋਚ ਰੱਖਦੇ ਨੇ ਅਸਲ ‘ਚ ਉਹ ਗੁਰੂ ਨਾਲ਼ੋ ਜਿਆਦਾ ਮਨੂੰ ਦੇ ਨੇੜੇ ਨੇ ਤੇ ਏਹੋ ਜਿਹੇ ਬੰਦਿਆਂ ਨੂੰ ਨਾਲ਼ੋ ਨਾਲ਼ ਨੰਗੇ ਕਰਦੇ ਰਹਿਣਾ ਚਾਹੀਦਾ ਹੈ ।
ਕਈ ਭੁਲੱਕੜ ਵੀਰ ਸਿੱਖ ਇਤਿਹਾਸ ਦੇ ਨਾਇਕਾਂ ਨੂੰ ਜਾਤਪਾਤ ਦੇ ਰੂੜੀਵਾਦੀ ਬੰਧਨਾ ਵਿੱਚ ਬੰਨ ਕੇ ਸਿੱਖੀ ਨੂੰ ਮੰਨੂਵਾਦ ਦੇ ਦਾਇਰੇ ਵਿੱਚ ਲਿਆਉਣ ਦੀ ਅਸਫਲ ਕੋਸਿਸ ਕਰਦੇ ਰਹਿੰਦੇ ਹਨ । ਜੇ ਇਤਿਹਾਸ ਵਿਚਲੀ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਸਹੀਦੀ ਦੀ ਘਟਨਾ ਨੂੰ ਜੇ ਜਾਤ-ਪਾਤ ਦੇ ਗੁਣਾ ਘਟਾਓ ਵਿੱਚ ਇਹ ਨਿਖੇੜਦੇ ਦੇਖਦੇ ਹਾਂ ਕਿ ਕਿ ਰੂੰ ਵਿੱਚ ਲਪੇਟ ਕੇ ਭਾਈ ਮਤੀ ਦਾਸ, ਸਤੀ ਦਾਸ ਜੀ  ਨੂੰ ਸਾੜਿਆ ਗਿਆ ਸੀ, ਕੌਣ ਸਨ? ਦੇਗ ਵਿੱਚ ਭਾਈ ਦਿਆਲਾ ਜੀ ਨੂੰ ਸਾੜਿਆ,ਕੌਣ ਸਨ? ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ, ਕੌਣ ਸਨ? ਤੇ ਮੱਖਣ ਸਿੰਘ ਲੁਬਾਣਾ ਜਿਹਨਾਂ ਆਪਣਾ ਰੂੰ ਦਾ ਗੁਦਾਮ ਹੀ ਫੂਕ ਦਿੱਤਾ ਸੀ ਜੋ ਕਿ ਉਹ ਸਮੇਂ ਰੂੰ ਦੇ ਬਹੁਤ ਵੱਡੇ ਵਪਾਰੀ ਸਨ । ਕੌਣ ਸਨ? ਇਹ ਸਾਰੇ ਸਹੀਦ ਮੰਨੂੰ ਦੀ ਬਣਾਈ ਵਰਣਵੰਡ ਤਹਿਤ ਵੱਖੋ ਵੱਖਰੇ ਵਰਨ ਵਿੱਚੋਂ ਸਨ । ਇਹਨਾਂ ਸਾਰੇ ਸ਼ਹੀਦਾਂ ਨੂੰ ਜਾਤ ਬਰਾਦਰੀਆਂ ਵਿੱਚ ਵੰਡਣ ਵਾਲ਼ੇ ਭੁੱਲੜ ਲੋਕ ਗੁਰੂ ਸਾਹਿਬ ਦੇ ਸੰਕਲਪ ਤੋਂ ਕੋਰੇ ਹਨ ਗੁਰੂ ਸਾਹਿਬ ਦਾ ਕਥਨ ‘ਨੀਚਾ ਅੰਦਰਿ ਨੀਚ ਜਾਤ ਨੀਚੀ ਹੂ ਅਤਿ ਨੀਚ  ਨਾਨਕ ਤਿਨਕੇ ਸੰਗ ਸਾਥ ਵਡਿਆ ਸਿਉ ਕਿਆ ਰੀਸ’ ਗੁਰੂ ਘਰ ਦਾ ਸਿਧਾਂਤ ਹੈ ਜੋ ਸਾਰੀਆਂ ਜਾਤਾਂ ਪਾਤਾਂ ਦਾ ਸਰਵਨਾਸ ਕਰਕੇ ਉੱਤਮ ਪੁਰਖ ਖਾਲਸਾ ਪੈਦਾ ਕਰਨ ਦੇ ਸਮਰੱਥ ਹੈ । ਕੁੱਝ ਹੈਡ ਗ੍ਰੰਥੀ ਮੋਹਣ ਸਿੰਘ ਵਰਗੇ ਭੁੱਲੜ ਹਨ ।ਜਾਤ ਤੇ ਗਰਬ ਕਰਨ ਵਾਲ਼ੇ ਕਈ ਮੂਰਖ ਸਿੱਖਾਂ ਵਿੱਚ ਵੀ ਹਨ ਜਿਹਨਾਂ ਦੀ ਪੰਥ ਨੂੰ ਤਸਦੀਕ ਕਰਨੀ ਜਰੂਰੀ ਹੈ । ਅਜਿਹੇ ਸਿਰਫਿਰੇ ਦਲਿਤ ਸਮਾਜ ਵਿੱਚ ਵੀ ਹਨ ਜਿਹੜੇ ਹਰ ਝੂਠੀ ਸੱਚੀ ਗੱਲ ਨੂੰ ਸਿੱਖਾਂ ਤੇ ਜਾਤਪਾਤ ਦੀ ਤੁਹਮਤ ਲਗਾਉਣ ਲੱਗਿਆ ਦੇਰ ਨਹੀਂ ਲਗਾਉਂਦੇ ।ਇਸੇ ਕਰਕੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਵਾਰ ਵਾਰ ਪੰਜਾਬ ਦੇ ਦਲਿਤਾਂ ਨੂੰ ਸਿੱਖ ਵਿਰੋਧੀ ਆਰੀਆਂ ਸਮਾਜੀ ਸੋਚ ਤੋਂ ਬਚਣ ਲਈ ਕਹਿੰਦੇ ਰਹਿੰਦੇ ਸਨ । ਸਿੱਖਾਂ ਨੂੰ ਵੀ ਆਪਣੀ ਸੋਚ ਅਤੇ ਅਮਲ ਵਿੱਚ ਘੁਸਚੁੱਕੀ ਮੰਨੂਵਾਦ ਤੇ ਜਾਤ ਪਾਤ ਦੇ ਕੋਹੜ ਨੂੰ ਗਲੋਂ ਲਾਹੁਣ ਲਈ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਸੰਦੇਸ਼ਾਂ ਨੂੰ ਸਮਰਪਿਤ ਹੋਣ ਦੀ ਜਰੂਰਤ ਹੈ ।
ਭਾਈ ਸਾਹਿਬ ਦੀ ਅਖੀਰਲੀ ਕਾਲ ਰਿਕਾਡਿੰਗ ਬਾਹਰ ਆਉਣ ਤੋਂ ਬਾਅਦ ਪ੍ਰਸਾਸਨ ਦੀ ਲਾਪਰਵਾਹੀ ਵਾਲ਼ਾ ਪੱਖ ਕਾਪੀ ਉੱਪਰ ਹੈ ਤੇ ਪੰਜਾਬ ਸਰਕਾਰ ਨੇ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਹਨ ।ਭਾਈ ਸਾਹਿਬ ਦੇ ਸਪੁੱਤਰ ਭਾਈ ਮਸਕੀਨ ਸਿੰਘ ਜੀ ਅਨੁਸਾਰ ੨੪-੨੫ ਮਾਰਚ ਚੰਡੀਗੜ੍ਹ ਵਿਖੇ ਇੱਕ ਪ੍ਰਭਾਵਸ਼ਾਲੀ ਸਿੱਧੂ ਪਰਿਵਾਰ ਦੇ ਘਰ ਕੀਰਤਨ ਕਰ ਕੇ ਆਏ ਸਨ। ਉਹਨਾਂ ਦੀ ਜਿੰਦਗੀ ਬਹੁਤ ਹੀ ਰੁਝੇਵਿਆਂ ਭਰੀ ਹੁੰਦੀ ਸੀ, ਇਸ ਕਰਕੇ ਉਹਨਾਂ ਦਾ ਸਰੀਰ ਢਿੱਲਾ-ਮੱਠਾ ਰਹਿੰਦਾ ਸੀ । ਛਾਤੀ ਵਿੱਚ ਇੰਨਫੈਕਸਨ ਸੀ ਬਾਕੀ ਕੋਈ ਹੋਰ ਮੁਸਕਿਲ ਨਹੀਂ ਸੀ ।ਅਗਲੇ ਦਿਨ ਗੁਰੂ ਰਾਮਦਾਸ ਹਸਪਤਾਲ ਚੱੈਕ ਕਰਵਾਉਣ ਗਏ, ਡਾਕਟਰ ਨੇ ਚੈਕ ਕਰਕੇ ਕੋਈ ਤੇਜ ਦਵਾਈ ਦੇ ਦਿੱਤੀਜਿਸ ਕਰਕੇ ਉਹਨਾਂ ਨੂੰ ਇੱਕ ਦਿਨ ਵਿੱਚ ਬਹੁਤ ਵਾਰ ਪੇਸਾਬ ਆਇਆ ਤੇ ਉਹ ਬਾਥਰੂਮ ਵਿੱਚ ਹੀ ਗਿਰ ਗਏ ।ਉਹਨਾਂ ਦੀ ਛਾਤੀ ਦਾ ਦਰਦ ਅਤੇ ਖੰਘ ਪਹਿਲਾਂ ਨਾਲ਼ੋ ਵੱਧ ਗਈ, ਪਰਿਵਾਰ ਨੇ ਹੌਸਲਾ ਦਿੱਤਾ ਕਿ ਬੁਖਾਰ ਵੀ ਨਹੀਂ ਹੈ ਤੁਸੀਂ ਠੀਕ ਹੋ । ੧੦-੧੫ ਡਾਕਟਰ ਬਦਲੇ ਪੀ.ਜੀ.ਆਈ. ਦਿੱਲ਼ੀ, ਚੰਡੀਗੜ੍ਹ ਤੋਂ ਵੀ ਡਾਕਟਰਾਂ ਨਾਲ਼ ਗੱਲ ਕੀਤੀ ਉਹ ਕਹਿੰਦੇ ਇਹ ਆਮ ਖੰਘ ਹੈ । ਫਿਰ ਗੁਰੂ ਰਾਮਦਾਸ ਹਸਪਤਾਲ ਗਏ ਛਾਤੀ ਦਾ ਅੈਕਸਰਾ ਤੇ ਹੋਰ ਟੈਸਟ ਕੀਤੇ ਸਾਰੇ ਟੈਸਟ ਨਾਰਮਲ ਸਨ ਪਰ ਤਕਲੀਫ ਜਿਆਦਾ ਸੀ। ਗੁਰੂ ਰਾਮਦਾਸ ਵਾਲ਼ਿਆਂ ਸਾਨੂੰ ਦਾਖਲ ਕਰਨ ਤੋਂ ਮਨਾ ਕਰ ਦਿੱਤਾ ਤੇ ਉਹਨਾਂ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਜਾਣ ਲਈ ਕਿਹਾ, ਕਿਉਂਕਿ ਕਰੋਨਾ ਦੇ ਸੱਕੀਆਂ ਨੂੰ ਉਥੇ ਦਾਕਲ ਕਰਨ ਦੇ ਸਰਕਾਰੀ ਆਦੇਸ਼ ਸਨ ।ਓਥੇ ਦਾਖਲ ਕਰਵਾਇਆ । ਐਸ.ਜੀ.ਪੀ.ਸੀ. ਦੇ ਸਕੱਤਰ ਡਾ ਰੂਪ ਸਿੰਘ ਤੇ ਡੀ.ਸੀ. ਸਾਹਿਬ ਲਗਾਤਾਰ ਸਾਡੇ ਨਾਲ਼ ਸੰਪਰਕ ਵਿੱਚ ਸਨ ਤੇ ਹਰ ਮੱਦਦ ਦਾ ਭਰੋਸਾ ਦੇ ਰਹੇ ਸਨ । ਗੁਰੂ ਨਾਨਕ ਦੇਵ ਹਸਪਤਾਲ਼ ਜਾ ਕੇ ਉਹਨਾਂ ਸੇਬ ਖਾਧਾ, ਸੂਪ ਪੀਤਾ ਕਰੋਨਾ ਦਾ ਟੈਸਟ ਕਰਨ ਤੇ ਨੈਗਟਿਵ ਆਇਆ। ਅਸੀਂ ਬਹੁਤ ਖੁਸ਼ ਹੋਏ ਅਸੀਂ ਕਿਹਾ ਕਿ ਘਰ ਲੈ ਜਾਂਦੇ ਹਾਂ ਪਰ ਡਾ ਨੇ ਕਿਹਾ ਕਿ ਇੱਕ ਹੋਰ ਟੈਸਟ ਦੀ ਰਿਪੋਰਟ ੩;੦੦ ਤੇ ਆਉਣੀ ਹੈ ਉਸ ਤੋਂ ਬਾਅਦ ਦੱਸਾਂਗੇ । ਅਸੀਂ ਬਹੁਤ ਹੈਰਾਨ ਪਰੇਸਾਨ ਹੋਏ । ਸਮਾਂ ਬੀਤਿਆ ੩:੦੦ ਤੋਂ ਬਾਅਦ ਡਾ. ਨੇ ਕਿਹਾ ਕਿ ਭਾਈ ਸਾਹਿਬ ਨੂੰ ਕਰੋਨਾ ਹੈ । ਭਾਈ ਸਾਹਿਬ ਦੀ ਕਾਲ ਰਿਕਾਡਿੰਗ ਦੱਸਦੀ ਹੈ ਕਿ ੪ ਘੰਟੇ ਤੱਕ ਉਹਨਾਂ ਨੂੰ ਕੋਈ ਡਾ. ਚੈੱਕ ਕਰਨ ਹੀ ਨਹੀਂ ਆਇਆ । ਸਾਨੂੰ ਨਰਸਾਂ ਨੇ ਦੱਸਿਆ ਕਿ ਡਾਕਟਰਾਂ ਨੇ ਦੋ ਟੀਕੇ ਲਗਾਉਣ ਲਈ ਕਿਹਾ ਸੀ  ਅਸੀਂ  ਉਹ ਦੋ ਟੀਕੇ ਲਗਾਏ (ਪਰ ਏਸ ਗੱਲ ਬਾਰੇ ਕੁੱਝ ਪਤਾ ਨਹੀਂ ਹੈ) । ਮੀਡੀਆਂ ਰਾਹੀਂ ਵੀ ਇਹ ਗੱਲ ਸਾਹਮਣੇ ਆ ਗਈ ਹੈ ਕਿ ਮਰੀਜਾਂ ਨੂੰ ਦੇਖਣ ਕੋਈ ਵੀ ਮੁੱਖ ਡਾਕਟਰ ਨਹੀਂ ਜਾਂਦਾ ਬੱਸ ਜੂਨੀਅਰ ਹੀ ਦੇਖਦੇ ਹਨ ।
ਅਗਰ ਅਸੀਂ ਭਾਈ ਸਹਿਬ ਦੇ ਸਸਕਾਰ ਵਾਲ਼ੇ ਦਿਨ ਦੀ ਘਟਨਾ ਨੂੰ ਤਰਤੀਬ ਬੱਧ ਕਰੀਏ ਤਾਂ ਅਖਬਾਰੀ ਖਬਰ ਅਨੁਸਾਰ ੨ ਅਪਰੈਲ ੨੦੨੦ ਤੜਕੇ ਸਾਢੇ ਚਾਰ ਵਜੇ ਅਚਾਨਕ ਪਏ ਦਿਲ ਦੇ ਦੌਰੇ ਨਾਲ਼ ਭਾਈ ਸਾਹਿਬ ਦਾ ਦਿਹਾਂਤ ਹੋ ਜਾਂਦਾ ਹੈ ।ਪਰਿਵਾਰ ਨੂੰ ਪਹਿਲਾਂ ਤਾਂ ਡਾ ਕਹਿਣ ਲੱਗੇ ਕਿ ਮ੍ਰਿਤਕ ਦੇਹ ਤੁਹਾਨੂੰ ਦੇ ਦੇਵਾਂਗੇ ਪਰ ਬਾਅਦ ਵਿਚ ਓਹੀ ਡਾਕਟਰ ਮ੍ਰਿਤਕ ਦੇਹੀ ਦੇਣ ਤੋਂ ਇਨਕਾਰ ਕਰਨ ਲੱਗੇ । ਫਿਰ ਅਸੀਂ ਡੀ.ਸੀ., ਤੇ ਡਾ. ਰੂਪ ਸਿੰਘ ਨਾਲ਼ ਡਾਕਟਰਾਂ ਦੀ ਮੋਬਾਈਲ ਤੇ ਗੱਲ ਕਰਵਾ ਕੇ ਲਾਸ਼ ਦੇਣ ਨੂੰ ਮੰਨਵਾ ਲਿਆ ।ਪ੍ਰਸਾਸਨ ਨੇ ਹਸਪਤਾਲ ਦੇ ਨੇੜੇ ਵੇਰਕਾ ਪਿੰਡ ਵਿੱਚ ਸਮਸਾਨ ਘਾਟ ਹੋਣ ਕਾਰਨ ਉਸ ਦੀ ਚੋਣ ਕਰ ਲਈ । ਜਦ ਅਸੀਂ ਭਾਈ ਸਾਹਿਬ ਦੀ ਮ੍ਰਿਤਕ ਦੇਹੀ ਨੂੰ ਲੈ ਕੇ ਸਸਕਾਰ ਲਈ ਵੇਰਕਾ ਲੈ ਕੇ ਗਏ ਤਾਂ ਉਥੇ ਇਕੱਠੇ ਹੋਏ ਲੋਕਾਂ ਨੇ ਪੰਜਾਬ ਪ੍ਰਦੇਸ ਕਾਗਰਸ ਪਾਰਟੀ ਦੇ ਜਨਰਲ ਸਕੱਤਰ ਹਰਪਾਲ ਸਿੰਘ ਵੇਰਕਾ ਦੀ ਅਗਵਾਈ ਹੇਠ ਸੱਭ ਤੋਂ ਪਹਿਲਾ ਵੇਰਕਾ ਦੀ ਸਮਸਾਨਘਾਟ ਨੂੰ ਤਾਲਾ ਮਾਰ ਦਿੱਤਾ ਅਤੇ ਉਹਨਾਂ ਅੰਦਰ ਸਸਕਾਰ ਲਈ ਲਗਾਏ ਬਾਲਣ ਨੂੰ ਵੀ ਕਬਜੇ ਵਿੱਚ ਲੈ ਲਿਆ, ਅਤੇ ਨਾਹਰੇਬਾਜੀ ਕਰਨ ਲੱਗੇ ਇਸ ਸਸਕਾਰ ਦਾ ਦੁਪਿਹਰ ੨ ਵਜੇ ਤੋਂ ਸਾਮ ੬ ਵਜੇ ਤੱਕ ਵਿਰੋਧ ਹੁੰਦਾ ਰਿਹਾ ।
ਮੇਰੀ ਜਾਚੇ ਸਾਰੇ ਵਿਵਾਦ ਦੇ ਮੁੱਖ ਦੋਸੀ ਪ੍ਰਸਾਸਨ ਹੈ ਜਿਹੜਾ ਇਲਾਕੇ ਦੇ ਲੋਕਾਂ ਨੂੰ ਨਾ ਤਾਂ ਇਹ ਸਮਝਾ ਸਕਿਆ ਕਿ ਸਹਿਰ ਦੇ ਮੁੱਖ ਸਮਸਾਨਘਾਟ ਛੱਡ ਕੇ ਵੇਰਕੇ ਦਾ ਸਮਸਾਨਘਾਟ ਕਿਉਂ ਚੁਣਿਆ ਤੇ ਫਿਰ ਇਹ ਸਮਝਾਉਣ ‘ਚ ਵੀ ਅਸਮਰੱਥ ਰਿਹਾ ਕਿ ਸਸਕਾਰ ਉਥੇ ਹੋਣ ਨਾਲ਼ ਬਿਮਾਰੀ ਫੈਲਣ ਦਾ ਕੋਈ ਡਰ ਨਹੀਂ । ਇਸੇ ਕਰਕੇ ਭਾਈ ਨਿਰਮਲ ਸਿੰਘ ਦੀ ਮਿਰਤਕ ਦੇਹ ਦਾ ਨਿਰਾਦਰ ਵੀ ਹੋਇਆ ਤੇ ਸਮੁੱਚੇ ਸਿੱਖ ਜਗਤ ਦੇ ਹਿਰਦਿਆਂ ਨੂੰ ਵੀ ਠੇਸ ਲੱਗੀ ।
ਕੈਪਟਨ, ਮੋਦੀ ਹੁਣਾ ਸਮੇਤ ਸਮੁੱਚੇ ਮੀਡੀਏ ਨੇ ਕਰੋਨਾ ਪ੍ਰਤੀ ਲੋਕਾਂ ਨੂੰ ਸੁਚੇਤ ਘੱਟ ਕੀਤਾ, ਖੌਫਜ਼ਦਾ ਜਿਆਦਾ ਕੀਤਾ । ਉਹ ਲੋਕਾਂ ਨੂੰ ਇਹ ਦੱਸਣ ਵਿੱਚ ਨਾਕਾਮ ਰਹੇ ਕਿ ਕਿਸੇ ਥਾਂ ਕਰੋਨਾ ਵਾਇਰਸ ਦੇ ਰੋਗੀ ਦਾ ਸਸਕਾਰ ਕਰਨ ਨਾਲ਼ ਕਰੋਨਾ ਦੇ ਫੈਲਣ ਦਾ ਕੋਈ ਡਰ ਨਹੀਂ । ਭਾਈ ਸਾਹਿਬ ਦੀ ਮ੍ਰਿਤਕ ਦੇਹੀ ਸੜਕ ਉਪਰ ਹੀ ਇੱਕ ਸਟੈਚਰ ਤੇ ਪਈ ਹੋਈ ਸੀ ।ਸੁਰੂ ਤੋਂ ਲੈ ਕੇ ਅੰਤ ੨ ਵਜੇ ਤੋਂ ਸਾਮ ੬ ਵਜੇ ਤੱਕ ਸਸਕਾਰ ਪ੍ਰਤੀ ਸਾਰਾ ਰੌਲਾ ਕੈਮਰੇ ਤੇ ਰਿਕਾਰਡ ਹੋ ਰਿਹਾ ਸੀ , ਕਿਸੇ ਨੇ ਵੀ ਜਾਤਪਾਤ ਦੀ ਕੋਈ ਗੱਲ ਨਹੀਂ ਕੀਤੀ ਲੋਕਾਂ ਵਿੱਚ ਡਰ ਅਤੇ ਅਗਿਆਨਤਾ ਹੀ ਜਿਆਦਾ ਭਾਰੂ ਸੀ ਜੋ ਸਾਫ ਦਿਖ ਰਹੀ ਸੀ । ਇਸ ਘਟਨਾ ਨੂੰ ਦੇਖਦੇ ਅਸੀਂ ਕਹਿ ਸਕਦੇ ਹਾਂ ਕਿ ਭਾਈ ਸਾਹਿਬ ਦੇ ਸਸਕਾਰ ਵਿੱਚ ਪਾਈ ਗਈ ਦਾ ਰੁਕਾਵਟ, ਜਾਤਪਾਤੀ ਊਚਨੀਚ ਨਹੀਂ ਬਲਕਿ ਕਰੋਨਾ ਵਾਇਰਸ ਦੇ ਸਰਕਾਰੀ ਪ੍ਰਚਾਰ ਦੀ ਪਾਈ ਹੋਈ ਦਹਿਸਤ ਹੈ । ਲੋਕਾਂ ਦੀ ਸੋਝੀ ਅਤੇ ਸਮਝ ਦਾ ਅੰਦਾਜਾ ਤੁਸੀ ਇਸ ਗੱਲ ਤੋਂ ਵੀ ਲਗਾ ਸਕਦੇ ਹੋ ਕਿ ਲੋਕ ਥਾਲ਼ੀਆਂ ਤਾੜੀਆਂ ਮਾਰ ਕਰੋਨਾ ਨੂੰ ਭਜਾਉਣ ਦੀ ਗੱਲ ਕਰਦੇ ਹਨ ਅਤੇ ਥਾਲੀਆਂ , ਤਾੜੀਆਂ ਵਜਾਉਣ ਤੋਂ ਬਾਅਦ ਖੁਸੀ ਵਿੱਚ ਜਲੂਸ ਦੀ ਸਕਲ ਵਿੱਚ ਸੜਕਾ ਤੇ ਆਉਂਦੇ ਹਨ । ਇਹਨਾਂ ਲੋਕਾਂ ਦੀ ਸਮਝ ਦਾ ਅੰਦਾਜਾ ਇਸ ਗੱਲ ਤੋਂ ਵੀ ਲਗਾ ਸਕਦੇ ਹੋ ਕਿ ਲੋਕਾਂ ਨੇ ਕਰੋਨਾ ਨੂੰ ਭਜਾਉਣ ਲਈ ਦੀਵੇ ਹੀ ਨਹੀਂ ਜਗਾਏ ਸਗੋਂ ਪਟਾਕੇ,ਆਤਿਸਬਾਜੀਆਂ ਚਲਾ ਕੇ ਪ੍ਰਦੂਸਨ ਵੀ ਫੈਲਾਇਆਂ , ਜਦੋਂ ਕਿ ਕਰੋਨਾ ਵਾਇਰਸ ਸਾਹ ਪ੍ਰਣਾਲੀ ਤੇ ਹੀ ਹਮਲਾ ਕਰਦਾ ਹੈ । ਪ੍ਰਦੂਸਨ ਸਾਹ ਪ੍ਰਣਾਲ਼ੀ ਦਾ ਦੁਸਮਣ ਹੈ। ਪੂਰਾ ਸੰਸਾਰ ਵੈਟੀਲੇਟਰਾਂ ਦੀ ਮੰਗ ਕਰ ਰਿਹਾ ਹੈ, ਕਿਉਂਕਿ ਸਾਹ-ਪ੍ਰਣਾਲ਼ੀ ਤੇ ਹਮਲੇ ਦੌਰਾਨ ਮਰੀਜ ਨੂੰ ਬਨਾਵਟੀ ਸਾਹ ਦੇਣ ਲਈ ਵੈਟੀਲੇਟਰ ਦੀ ਜਰੂਰਤ ਪੈਂਦੀ ਹੈ । ਵੇਰਕਾ ਦੇ ਲੋਕ ਅਗਿਆਨਤਾ ਵੱਸ ਇਸ ਗੱਲੋਂ ਭੈ ਭੀਤ ਸਨ ਕਿ ਜੇ ਏਥੇ ਸਸਕਾਰ ਕੀਤਾ ਤਾਂ ਧੂੰਏ ਨਾਲ਼ ਕਰੋਨਾ ਵਾਇਰਸ ਹਵਾ ਵਿੱਚ ਫੈਲ ਜਾਵੇਗਾ ਤੇ ਉਹਨਾਂ ਨੂੰ ਇਹ ਨਾ-ਮੁਰਾਦ ਬਿਮਾਰੀ ਲੱਗ ਜਾਵੇਗੀ, ਜਦੋਂ ਕਿ ਪ੍ਰਸਾਸਨ ਦੀ ਡਿਊਟੀ ਸੀ ਕਿ ਲੋਕਾਂ ਨੂੰ ਸਮਝਾਉਂਦਾ ਕਿ ਅੱਗ ਨਾਲ਼ ਸੱਭ ਕੁੱਝ ਰਾਖ ਹੋ ਜਾਣਾ, ਫਿਰ ਵਾਇਰਸ ਕਿਵੇਂ ਬਚ ਸਕਦਾ ? ਲੋਕਾਂ ਦੀ ਅਗਿਆਨਤਾ ਤੇ ਡਰ ਦਾ ਅੰਦਾਜਾ ਇਸ ਤਾਜਾ ਘਟਨਾ ਤੋਂ ਲਗਾਇਆ ਜਾ ਸਕਦਾ ਜਿਸ ਅਨੁਸਾਰ ਬਜੁਰਗ ਮਾਤਾ ਸੁਰਿੰਦਰ ਕੌਰ(ਸਿਮਲਾਪੁਰੀ,ਲੁਧਿਆਣਾ)  ਦਾ ਅੰਤਿਮ ਸਸਕਾਰ ਉਸ ਦੇ ਆਪਣੇ ਹੀ ਬੱਚਿਆਂ ਨੇ ਕਰੋਨਾ ਤੋਂ ਡਰਦਿਆਂ ਨਹੀਂ ਕੀਤਾ । ਉਹ ੧੦੦ ਮੀਟਰ ਤੋਂ ਕਾਰ ਵਿੱਚ ਬੈਠੇ ਹੀ ਸਸਕਾਰ ਦੇਖਦੇ ਰਹੇ ਜਦੋਂ ਕਿ ਸਰਕਾਰੀ ਅਧਿਕਾਰੀਤੇ ਮੁਲਾਜਮਾਂ ਨੇ ਹੀ ਸਾਰਾ ਸਸਕਾਰ ਕੀਤਾ ਸਮੇਤ ਲਾਂਬੂ ਲਗਾਉਣ ਦੇ । ਲੁਧਿਆਣੇ ਦੀ ਇਹ ਹਿਰਦੇਵੇਧਕ ਘਟਨਾ ਜ਼ਾਹਰ ਕਰਦੀ ਹੈ ਕਿ ਲੋਕਾਂ ‘ਚ ਡਰ ਕਿੰਨਾ ਜਿਆਦਾ ਹੈ । ਜਿਹੜੇ ਲੋਕ ਵੇਰਕੇ ਵਾਲ਼ੀ ਘਟਨਾ ‘ਚ ਡਰ ਵਾਲ਼ੇ ਕਾਰਨ ਨੂੰ ਪਾਸੇ ਰੱਖ ਕੇ ਜਾਤ-ਪਾਤ ਦਾ ਰੌਲਾ ਪਾ ਰਹੇ ਨੇ ਉਹ ਆਪਣੀ ਬੌਧਿਕ ਬੇਈਮਾਨੀ ਤੇ ਹੋਛੇ ਸਿਆਸੀ ਹਿੱਤਾਂ ਦਾ ਵਿਖਾਵਾ ਕਰ ਰਹੇ ਹਨ । ਦਰਅਸਲ ਕੁੱਝ ਬ੍ਰਾਹਮਣਵਾਦੀ ਸੋਚ ਵਾਲ਼ੀਆਂ ਸਕਤੀਆਂ ਤੇ ਬ੍ਰਾਹਮਣਵਾਦੀ ਸੋਚ ਵਿੱਚ ਗ੍ਰਸੇ ਜਾਂ ਅਗਿਆਨਤਾ ਵੱਸ ਇਸ ਘਟਨਾ ਨੂੰ ਜਾਣਬੁੱਝ ਕੇ ਜਾਤਪਾਤੀ ਮਸਲਾ ਬਣਾ ਕੇ ਖਾਲਸਾ ਪੰਥ ਵਿੱਚ ਦਰਾੜ ਪਾਉਣਾ ਚਾਹੁੰਦੇ ਹਨ । ਉਹ ਲੋਕ ਹਮੇਸ਼ਾ ਹੀ ਖਾਲਸਾ ਪੰਥ ਦੀ ਏਕਤਾ ਤੋਂ ਤ੍ਰਾਹਿੰਦੇ ਹਨ ਤੇ ਇਹ ਮੰਨੂਵਾਦੀ ਲੋਕ ਹਰ ਨਿੱਕੀ ਮੋਟੀ ਘਟਨਾ ਨੂੰ ਆਪਣਾ ਮਨ-ਕਲਪਿਤ ਦਲਿਤ ਪੱਖੀ ਬਿਰਤਾਂਤ ਦੇ ਕੇ ਸਿੱਖ ਭਾਈਚਾਰੇ ਵਿਰੁੱਧ ਆਪਣੀ ਭੜਾਸ ਕੱਢਦੇ ਰਹਿੰਦੇ ਹਨ । ਜਦੋਂ ਕਿ ਸਚਾਈ ਇਹ ਹੈ ਕਿ ਵੇਰਕਾ ਦੀ ਘਟਨਾ ਤੋਂ ਬਾਅਦ ਦਰਜਨਾਂ ਤੋਂ ਵੱਧ ਸਿੱਖ ਭਾਈਚਾਰੇ ਦੇ ਗੈਰ ਦਲਿਤ ਲੋਕਾਂ ਪ੍ਰਮੁੱਖ ਤੌਰ ਤੇ ਜੱਟਾਂ ਨੇ ਭਾਈ ਸਾਹਿਬ ਦਾ ਸਸਕਾਰ ਆਪਣੀ ਜਮੀਨ ਵਿੱਚ ਕਰਨ ਦੀ ਮੀਡੀਆਂ ਰਾਹੀਂ ਪੇਸ਼ਕਸ ਕੀਤੀ ਸੀ। ਉਹ ਲੋਕ ਜਿਹੜੇ ਹੁਣ ਰੌਲ਼ਾ ਪਾਉਂਦੇ ਹਨ ਸਾਇਦ ਜਦੋਂ ਭਾਈ ਸਾਹਿਬ ਸਵਰਗ ਸਿਧਾਰੇ, ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਭਾਈ ਸਾਹਿਬ ਕੌਣ ਹਨ ਕਿਉਂਕਿ ਭਾਈ ਸਾਹਿਬ ਦੀ ਪ੍ਰਸਿੱਧੀ ਇੱਕ ਸਿੱਖ ਵਜੋਂ ਸੀ ਨਾ ਕਿ ਦਲਿਤ ਵਜੋ । ਸੋ ਇਹ ਗੱਲਾਂ ਨਿਰਮੂਲ ਤੇ ਤੱਥਾਂ ਤੋਂ ਕੋਰੀਆਂ ਹਨ ਕਿ ਦਲਿਤ ਹੋਣ ਕਾਰਨ ਉਹਨਾਂ ਦੀ ਦੇਹ ਦਾ ਨਿਰਾਦਰ ਕੀਤਾ ।ਜਿਹੜੇ ਕੁੱਝ ਲੋਕ ਇਹ ਝੂਠੀ ਖਬਰ ਫੈਲਾ ਰਹੇ ਹਨ ਕਿ ਸਸਕਾਰ ਨੂੰ ਰੋਕਣ ਪਿੱਛੇ ਜਾਤ ਪਾਤ ਵੀ ਕੰਮ ਕਰ ਰਹੀ ਸੀ ਉਹ ਇਸ ਔਖੇ ਮੌਕੇ ਵੀ ਸਮਾਜ ਵਿੱਚ ਵੰਡੀਆਂ ਪਾਉਣੀਆਂ ਚਾਹੁੰਦੇ ਹਨ । ਠੀਕ ਉਸੇ ਤਰਾਂ ਜਿਵੇਂ ਦਿੱਲ਼ੀ ਵਿਚ ਮਰਕਜ ਦੇ ਬਹਾਨੇ ਹਿੰਦੂ ਮੁਸਲਮ ਫਸਾਦ ਖੜਾ ਕਰਨ ਦੀ ਕੋਸ਼ਿਸ ਹੋ ਰਹੀ ਹੈ ਉਵੇਂ ਹੀ ਪੰਜਾਬ ਵਿੱਚ ਭਾਈ ਨਿਰਮਲ ਸਿੰਘ ਖਾਲਸਾ ਦੇ ਬਹਾਨੇ ਸਸਕਾਰ ਬਾਰੇ ਝੂਠੀਆਂ ਖਬਰਾਂ ਫੈਲਾ ਕੇ ਜਾਤ-ਪਾਤ ਦੀ ਨਫਰਤ ਫੈਲਾਈ ਜਾ ਰਹੀ ਹੈ । ਏਵੇਂ ਹੀ ਭਾਰਤ ਵਿੱਚ ਇਸ ਬਹੁਤ ਸਾਰੇ ਰਾਜਨੀਤਿਕ ਲੋਕ ਜਿਹੜੇ ਗੰਦੀ ਮਾਨਸਿਕਤਾ ਦੀ ਰਾਜਨੀਤੀ ਕਰਦੇ ਹਨ ਉਹਨਾਂ ਦਾ ਧਿਆਨ ਕਰੋਨਾ ਵਾਇਰਸ ਨਾਲ਼ੋ ਜਿਆਦਾ ਇਹ ਸਾਬਤ ਕਰਨ ਤੇ ਲੱਗਾ ਹੈ ਕਿ ਕਰੋਨਾ ਵਾਇਰਸ ਮੁਸਲਮਾਨ ਹੈ, ਕਰੋਨਾ ਵਾਇਰਸ ਸਿੱਖ ਹੈ । ਪਠਾਲਵੇ ਵਾਲੇ ਗਿਆਨੀ ਬਲਦੇਵ ਸਿੰਘ ਖਿਲਾਫ ਨਫਰਤੀ ਪ੍ਰਚਾਰ ਵੀ ਇਸੇ ਮਾਨਸਿਕਤਾ ‘ਚੋ ਸੁਰੂ ਹੋਇਆਂ ਸੀ । ਆਪਣੇ ਆਪ ਨੂੰ ਤਰਕ ਦੇ ਠੇਕੇਦਾਰ ਸਮਝਣਵਾਲ਼ਿਆਂ ਇਹ ਸਿਰੋ ਝੂਠਾ ਦਾਅਵਾ ਕਰ ਮਾਰਿਆ ਸੀ ਕਿ ਗਿਆਂਨੀ ਬਲਦੇਵ ਸਿੰਘ ਨੂੰ ਪਤਾ ਸੀ ਕਿ ਉਹ ਕਰੋਨਾ ਤੋਂ ਪੀੜਤ ਸੀ । ਲੱਖ ਲਾਹਣਨ ਹੈ ਇਹੋ ਜਿਹੇ ਝੂਠ ਪ੍ਰਚਾਰਨ ਵਾਲ਼ਿਆਂ ਤੇ।
ਅੰਤ ਭਾਈ ਨਿਰਮਲ ਸਿੰਘ ਖਾਲਸਾ ਦਾ ਸਸਕਾਰ ਦੇਰ ਸਾਮ ਅੰਮ੍ਰਿਤਸਰ-ਪਠਾਨਕੋਟ ਰੋਡ ਤੇ ਨਵੇਂ ਬਣੇ ਵੇਰਕਾ ਅਤੇ ਮੂਧਲ ਬਾਈਪਾਸ ਤੇ ਵੇਰਕੇ ਦੀ ਮੁਸਤਰਕਾ ਮਾਲਕਨ ਕਮੇਟੀ ਦੁਆਰਾ ਦਾਨ ਕੀਤੀ ਗਈ ੧੦ ਕਨਾਲ ਜਮੀਨ ਤੇ ੨ ਅਪਰੈਲ ਸਾਮ ੭.੨੫ ਤੇ ਲੰਬੇ ਵਿਵਾਦ ਤੋਂ ਬਾਅਦ ਕਰ ਦਿੱਤਾ ਗਿਆ । ਇਹ ਜਗਾ ਛੱਪੜ ਵਾਲ਼ੀ ਤੇ ਗੰਦਗੀ ਭਰਪੂਰ ਸੀ । ਪ੍ਰਸ਼ਾਸਨ ਨੇ ਰਾਤ ਨੂੰ ਹੀ ਲੱਕੜਾਂ ਦਾ ਪ੍ਰਬੰਧ ਕੀਤਾ । ਚਾਰ ਪੰਜ ਕੁ ਨਾਲ਼ ਆਏ ਬੰਦੇ ਮ੍ਰਿਤ ਦੇਹੀ ਨੂੰ ਛੱਡ ਕੇ ਓਥੋਂ ਚਲੇ ਗਏ । ਅਰਦਾਸ ਉਪਰੰਤ ਭਾਈ ਸਾਹਿਬ ਦੀ ਦੇਹ ਨੂੰ ਅਗਨਭੇਟ ਕੀਤਾ ਗਿਆ । ਭਾਈ ਸਾਹਿਬ ਦੇ ਸਪੁੱਤਰ ਮਸਕੀਨ ਸਿੰਘ ਨੇ ਰੋਂਦੇ ਅੱਗੇ ਦੱਸਿਆ ਕਿ ਮੇਰਾ ਭਰਾ ਤੇ ਇੱਕ ਹੋਰ ਬੰਦਾ ਓਥੇ ਰੁਕ ਗਏ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕੀ ਆਈ ? ਉਹਨਾਂ ਕਿਹਾ ਕਿ ਅਸੀਂ ਬਾਅਦ ਵਿੱਚ ਆਵਾਂਗੇ । ਓਹੀ ਗੱਲ ਹੋਈ ਰਾਤ ੧੦:੦੦ ਵਜੇ ਦੇ ਕਰੀਬ ਅੱਗ ਬੁੱਝ ਗਈ । ਉਹਨਾਂ ਦੇਖਿਆਂ ਕਿ ਲੱਕੜਾਂ ਘੱਟ ਹੋਣ ਕਾਰਨ ਮ੍ਰਿਤਕ ਦੇਹੀ ਅੱਧੀ ਹੀ ਸੜੀ ਸੀ ।ਰਾਤ ਉਸ ਸੁੰਨਸਾਨ ਇਲਾਕੇ ਵਿੱਚ ਸਾਡੀ ਮੱਦਦ ਕਰਨ ਵਾਲਾ ਕੋਈ ਨਹੀਂ ਸੀ । ਰਾਤ ਹੀ ਰੋਂਦੇ ਕੁਰਲਾਉਂਦੇ ਦੁਖੀ ਹੋਇਆਂ ਮੈਂ ਆਸ-ਪਾਸ ਕੁੱਝ ਲੱਕੜਾਂ ਇਕੱਠੀਆਂ ਕੀਤੀਆਂ ਜੋ ਤਰੇਲ ਨਾਲ਼ ਗਿੱਲੀਆਂ ਸਨ, ਉਹਨਾਂ ਲੱਕੜਾਂ ਨਾਲ਼ ਹੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ । ਪ੍ਰਸਾਸਨ ਅਤੇ ਸਮਾਜ ਵਲੋਂ ਪੰਥਕ ਰੂਹ ਪ੍ਰਤੀ ਇਹ ਬੇਰੁੱਖੀ ਸਮਾਜ ਦੇ ਮੱਥੇ ਉਪਰ ਕਲੰਕ ਦੇ ਰੂਪ ਵਿੱਚ ਇਹ ਇਤਿਹਾਸਿਕ ਘਟਨਾ ਬਣ ਕੇ ਸਦਾ ਲਈ ਦਰਜ ਹੋ ਗਈ । ਇਹ ਗੱਲ ਵੀ ਗੌਰ ਕਰਨ ਵਾਲ਼ੀ ਹੈ ਕਿ ਸਿਰੋਮਣੀ ਕਮੇਟੀ  ਦੇ ਮੌਜੂਦਾ ਆਗੂਆਂ ਨੇ ਵੀ ਸਸਕਾਰ ਵਾਲ਼ੇ ਵਿਵਾਦ ਦੌਰਾਨ ਉਹ ਭੂਮਿਕਾ ਨਹੀਂ ਨਿਭਾਈ ਜੋ ਉਹਨਾਂ ਨੂੰ ਨਿਭਾਉਣੀ ਚਾਹੀਦੀ ਸੀ ।
ਸਿੱਖ ਜਗਤ ਤਾਂ ਪਹਿਲਾਂ ਹੀ ਉਹਨਾਂ ਦੇ ਚਲਾਣੇ ਤੋਂ ਦੁਖੀ ਸੀ ਫਿਰ ਸਸਕਾਰ ਵਾਲ਼ੇ ਵਿਵਾਦ ਤੋਂ । ਜਿਹੜੇ ਹੁਣ ਸਸਕਾਰ ਵਿੱਚ ਜਾਤਪਾਤ ਵਾਲ਼ੀ ਗੱਲ ਦਾ ਝੂਠ ਫੈਲਾਅ ਰਹੇ ਨੇ ਉਹ ਸਿੱਖ ਸਮਾਜ ਦਾ ਨੁਕਸਾਨ ਤਾਂ ਕਰਨ ਦੀ ਕੋਸ਼ਿਸ਼ ਕਰ ਹੀ ਰਹੇ ਨੇ । ਉਹ ਸਿੱਖ ਸਮਾਜ ਤੇ ਦਲਿਤਾਂ ਵਿਚਾਲੇ ਪਾੜ ਵਧਾ ਕੇ ਮਨੂੰ ਵਾਦੀ ਰਾਜਨੀਤੀ ਦੇ ਕੁਹਾੜੇ ਦੇ ਦਸਤੇ ਵਜੋਂ ਕੰਮ ਕਰ ਰਹੇ ਨੇ । ਸੱਭ ਤੋਂ ਜਿਆਦਾ ਨੁਕਸਾਨ ਦਲਿਤਾਂ ਦਾ ਕਰਨਗੇ ਕਿਉਂਕਿ ਮੰਨੂਵਾਦੀ ਰਾਜਨੀਤੀ ਨੂੰ ਅਸਲ ਖਤਰਾ ਘੱਟਗਿਣਤੀਆਂ ਤੇ ਅਖੌਤੀ ਨਿਮਨ ਜਾਤਾਂ ਦਲਿਤਾਂ ਦੀ ਏਕਤਾ ਤੋਂ ਹੈ । ਇਸ ਝੂਠੇ ਪ੍ਰਚਾਰ ਨੂੰ ਹਵਾ ਦੇਣ ਵਾਲ਼ਾ ਕੋਈ ਵੀ ਸਹੀ ਮਾਅਨੇ ਵਿੱਚ ਦਲਿਤ ਹਿੱਤਾਂ ਦੇ ਹੱਕ ਵਿੱਚ ਨਹੀਂ ਭੁਗਤ ਰਿਹਾ ਸਗੋਂ ਨੁਕਸਾਨ ਕਰ ਰਿਹਾ ਹੈ । ਭਾਈ ਨਿਰਮਲ ਸਿੰਘ ਖਾਲਸਾ ਦੇ ਜੀਵਨ ਤੇ ਮੌਤ ਦੇ ਪ੍ਰਕਰਣ ਨੇ ਅਸਲ ਵਿੱਚ ਇਹ ਸਾਹਮਣੇ ਲਿਆਂਦਾ ਹੈ ਕਿ ਜਾਤ-ਪਾਤ ਨੂੰ ਪਛਾੜਨਾ ਕਿਵੇਂ ਹੈ ਪਰ ਕਈ ਸੱਜਣ ਉਹਨਾਂ ਨੇ ਸਸਕਾਰ ਵਾਲ਼ੇ ਮਾਮਲੇ ਵਿੱਚ ਝੂਠ ਫੈਲਾ ਕੇ ਮਨੂੰਵਾਦੀ ਹਿੱਤਾਂ ਦੀ ਪਹਿਰੇਦਾਰੀ ਕਰ ਰਹੇ ਹਨ ।
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ
੯੮੭੨੦੯੯੧੦੦
ਲ਼ੋਕ ਇਨਸਾਫ ਪਾਰਟੀ
ਹਲਕਾ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਫਤਿਹਗੜ ਸਾਹਿਬ ।

Previous articleਮਾੜੀ ਸੰਗਤ ਵਾਲੇ / ਕਵਿਤਾ
Next articleFrench Open aiming for September 27 start: Report