ਭਲਕੇ ਧਰਤੀ ‘ਤੇ ਵਾਪਸ ਪਰਤੇਗੀ ਪੁਲਾੜ ‘ਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੀ ਮਹਿਲਾ

ਨਵੀਂ ਦਿੱਲੀ –  ਪੁਲਾੜ ‘ਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੀ ਮਹਿਲਾ ਦਾ ਰਿਕਾਰਡ ਆਪਣੇ ਨਾਂ ਕਰਨ ਵਾਲੀ ਅਮਰੀਕਾ ਦੀ ਪੁਲਾੜ ਯਾਤਰੀ ਕ੍ਰਿਸਟੀਨਾ ਕੋਚ ਵੀਰਵਾਰ ਨੂੰ ਧਰਤੀ ‘ਤੇ ਵਾਪਸ ਪਰਤੇਗੀ। ਕੋਚ 328 ਦਿਨਾਂ ਤੱਕ ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ‘ਚ ਰਹਿਣ ਅਤੇ ਵੱਖ-ਵੱਖ ਵਿਗਿਆਨਕ ਪ੍ਰਯੋਗਾਂ ਤੇ ਮਿਸ਼ਨਾਂ ਨੂੰ ਅੰਜਾਮ ਦੇਣ ਤੋਂ ਬਾਅਦ ਧਰਤੀ ‘ਤੇ ਵਾਪਸ ਆ ਰਹੀ ਹੈ। ਇਸ ਤੋਂ ਪਹਿਲਾਂ ਕੋਈ ਵੀ ਮਹਿਲਾ ਪੁਲਾੜ ਯਾਤਰੀ ਇੰਨੇ ਲੰਬੇ ਮਿਸ਼ਨ ‘ਤੇ ਨਹੀਂ ਗਈ ਹੈ।

ਪਿਛਲਾ ਰਿਕਾਰਡ ਅਮਰੀਕੀ ਪੁਲਾੜ ਯਾਤਰੀ ਪੇਗੀ ਵਿਟਸਨ ਦੇ ਨਾਂ ਸੀ, ਜੋ ਸਾਲ 2016-17 ਦੇ ਦੌਰਾਨ ਸਟੇਸ਼ਨ ਕਮਾਂਡਰ ਦੇ ਰੂਪ ‘ਚ 288 ਦਿਨਾਂ ਤੱਕ ਕੌਮਾਂਤਰੀ ਪੁਲਾੜ ਸਟੇਸ਼ਨ ‘ਚ ਰਹੀ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਕਹਿਣਾ ਹੈ ਕਿ ਇਸ ਮਿਸ਼ਨ ਨਾਲ ਵਿਗਿਆਨੀਆਂ ਨੂੰ ਭਵਿੱਖ ਦੇ ਚੰਦਰਮਾ ਅਤੇ ਮੰਗਲ ਮਿਸ਼ਨਾਂ ਲਈ ਮਹੱਤਵਪੂਰਨ ਡਾਟਾ ਮਿਲਿਆ ਹੈ। ਕੋਚ ਦੇ ਨਾਲ ਯੂਰਪੀ ਪੁਲਾੜ ਏਜੰਸੀ ਦੇ ਪੁਲਾੜ ਯਾਤਰੀ ਲੁਕਾ ਪਰਮਿਤਾਨੋ ਅਤੇ ਰੂਸ ਦੇ ਪੁਲਾੜ ਯਾਤਰੀ ਅਲੈਕਜ਼ੈਂਡਰ ਸਕਵੋਰਟਸੋਵ ਵੀ ਭਲਕੇ ਧਰਤੀ ‘ਤੇ ਵਾਪਸ ਪਰਤਣਗੇ।

ਹਰਜਿੰਦਰ ਛਾਬੜਾ- ਪਤਰਕਾਰ 9592282333 

Previous articleViolence against Dalits and women on the high in Uttar Pradesh
Next articleਕਿਊਬਿਕ ਬਿਲ-21 ਮਨੁੱਖੀ ਅਧਿਕਾਰਾਂ ਦਾ ਘਾਣ ਕਰਦਾ ਹੈ– ਲੋਕਾਂ ਦੀ ਆਵਾਜ਼ ਬਣ ਪਾਰਲੀਆਮੈਂਟ ਵਿੱਚ ਬੋਲਿਆ ਜਸਰਾਜ ਹੱਲਣ