ਪਰਮਿੰਦਰ ਕੌਰ (ਬਦਲਿਆ ਨਾਮ) ਦਾ ਕਹਿਣਾ ਹੈ ਕਿ 2015 ’ਚ ਉਸ ਦਾ ਵਿਆਹ ਇਕ ਸੁਫ਼ਨਾ ਪੂਰਾ ਹੋਣ ਵਰਗਾ ਸੀ ਅਤੇ ਉਸ ਮਗਰੋਂ 40 ਦਿਨ ਉਸ ਦੀ ਜ਼ਿੰਦਗੀ ਦੇ ਬਿਹਤਰੀਨ ਪਲ ਸਨ। ਪਰ ਉਸ ਦੇ ਪਤੀ ਦੇ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਜਾਣ ਤੋਂ ਬਾਅਦ ਹਾਲਾਤ ਬਦਲ ਗਏ। ਪਰਮਿੰਦਰ ਨੇ ਕਿਹਾ ਕਿ ਉਸ ਦੇ ਪਤੀ ਦੇ ਬਾਹਰ ਜਾਂਦਿਆਂ ਹੀ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਮਾਪਿਆਂ ਤੋਂ ਹਰ ਮਹੀਨੇ ਇਕ ਲੱਖ ਰੁਪਏ ਦਾਜ ਮੰਗਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ, ‘‘ਮਾਪਿਆਂ ਨੇ ਜਦੋਂ ਪੈਸੇ ਨਾ ਦਿੱਤੇ ਤਾਂ ਸਹੁਰੇ ਪਰਿਵਾਰ ਵਾਲਿਆਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ।’’ ਇਕ ਦਿਨ ਉਸ ਦੇ ਸਹੁਰੇ ਪਰਿਵਾਰ ਵਾਲੇ ਅਚਾਨਕ ਕੈਨੇਡਾ ਚਲੇ ਗਏ ਅਤੇ ਉਸ ਤੋਂ ਬਾਅਦ ਨਾ ਤਾਂ ਪਤੀ ਅਤੇ ਨਾ ਹੀ ਕਿਸੇ ਹੋਰ ਨਾਲ ਕੋਈ ਗੱਲਬਾਤ ਹੋਈ। ਮਗਰੋਂ ਉਸ ਦੇ ਪਤੀ ਨੇ ਇਕਤਰਫ਼ਾ ਤਲਾਕ ਦੇ ਕੇ ਦੂਜਾ ਵਿਆਹ ਕਰ ਲਿਆ। ਪਰਮਿੰਦਰ ਅਤੇ ਉਸ ਵਰਗੀਆਂ ਹੋਰ ਕਈ ਮਹਿਲਾਵਾਂ ਹੁਣ ਅਜਿਹੇ ਕੌਮਾਂਤਰੀ ਕਾਨੂੰਨ ਦੀ ਮੰਗ ਕਰ ਰਹੀਆਂ ਹਨ ਜਿਸ ਨਾਲ ਭਗੌੜੇ ਪਤੀਆਂ ਦੀ ਹਵਾਲਗੀ ਸੰਭਵ ਹੋ ਸਕੇ। ਸ਼ਿਲਪਾ (ਬਦਲਿਆ ਨਾਮ) 2010 ’ਚ ਵਿਆਹ ਕਰਕੇ ਅਮਰੀਕਾ ਜਾਣ ਤੋਂ ਪਹਿਲਾਂ ਆਈਟੀ ਕੰਪਨੀ ’ਚ ਕੰਮ ਕਰਦੀ ਸੀ। ਉਹ ਜਿਵੇਂ ਹੀ ਕੈਲੀਫੋਰਨੀਆ ਪੁੱਜੀ ਤਾਂ ਉਸ ਦੇ ਪਤੀ ਨੇ ਸਾਰੇ ਦਸਤਾਵੇਜ਼ ਅਤੇ ਪੈਸੇ ਲੈ ਲਏ। ਉਸ ਮੁਤਾਬਕ ਪਤੀ ਨੇ ਕਈ ਵਾਰ ਬਲਾਤਕਾਰ ਕਰਨ ਮਗਰੋਂ ਉਸ ਨੂੰ ਸੜਕ ’ਤੇ ਸੁੱਟ ਦਿੱਤਾ। ਉਸ ਕੋਲ ਭਾਰਤ ਆਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਸੀ। ਸ਼ਿਲਪਾ ਦਿੱਲੀ ’ਚ ਅੱਠ ਸਾਲ ਦੀ ਧੀ ਨਾਲ ਰਹਿੰਦੀ ਹੈ ਅਤੇ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੋਈ ਹੈ ਪਰ ਪਤੀ ਅਜੇ ਤਕ ਨਹੀਂ ਪਰਤਿਆ। ਉਸ ਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਪਤੀ ਨੇ ਦੂਜਾ ਵਿਆਹ ਕਰ ਲਿਆ ਹੈ। ਅਜਿਹੀਆਂ ਮਹਿਲਾਵਾਂ ਦਾ ਮੰਨਣਾ ਹੈ ਕਿ ਕੌਮਾਂਤਰੀ ਕਾਨੂੰਨ ਨਾਲ ਉਨ੍ਹਾਂ ਨੂੰ ਇਨਸਾਫ਼ ਮਿਲ ਸਕਦਾ ਹੈ। ਉਨ੍ਹਾਂ ਆਈਪੀਸੀ ਦੀ ਧਾਰਾ 498ਏ ’ਚ ਬਲਾਤਕਾਰ, ਕੁੱਟਮਾਰ, ਧੋਖਾਧੜੀ ਜਿਹੇ ਵੱਡੇ ਜੁਰਮਾਂ ਨੂੰ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਭਗੌੜੇ ਪਤੀਆਂ ਦੀ ਹਵਾਲਗੀ ਸੰਭਵ ਹੋ ਸਕੇ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਐਨਆਰਆਈ ਵਿਆਹਾਂ ਨਾਲ ਜੁੜੇ ਮਸਲਿਆਂ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਹੁਣੇ ਜਿਹੇ 33 ਭਗੌੜੇ ਪਤੀਆਂ ਦੇ ਪਾਸਪੋਰਟ ਰੱਦ ਕੀਤੇ ਹਨ।