ਨੰਬਰਦਾਰਾਂ ਦੀਆਂ ਮੰਗਾਂ ਉੱਚਤਮ ਸਲੀਕੇ ਨਾਲ ਮੰਨਵਾਵਾਂਗੇ – ਧਰਮਿੰਦਰ ਸਿੰਘ ਸੂਬਾ ਸਕੱਤਰ
ਨੂਰਮਹਿਲ ਨਕੋਦਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨੰਬਰਦਾਰ ਯੂਨੀਅਨ ਪੰਜਾਬ ਦੀ ਸਿਰਮੌਰ ਜਥੇਬੰਦੀ 643 ਦੇ ਪ੍ਰਮੁੱਖ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਨੰਬਰਦਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਲਾਇਨ ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ ਜਲੰਧਰ ਦੀ ਅਗਵਾਈ ਹੇਠ ਇੱਕ ਨਿੱਜੀ ਰੈਸਟੋਰੈਂਟ ਵਿੱਚ ਹੋਈ ਜਿਸ ਵਿੱਚ ਯੂਨੀਅਨ 643 ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਕਿੱਲੀ ਆਪਣੇ ਸੂਬੇ ਦੇ ਸੂਬਾ ਸਕੱਤਰ ਧਰਮਿੰਦਰ ਸਿੰਘ ਖੱਟਰਾਂ, ਸੀਨੀਅਰ ਮੀਤ ਪ੍ਰਧਾਨ ਸੇਵਕ ਸਿੰਘ ਲਾਲੀ ਨਾਲ ਉਚੇਚੇ ਤੌਰ ਸ਼ਾਮਿਲ ਹੋਏ। ਯੂਨੀਅਨ ਨੇ ਭਗਵੰਤ ਮਾਨ ਸਰਕਾਰ ਦੇ 6 ਮਹੀਨਿਆਂ ਦੇ ਇਨਕਲਾਬੀ ਕਾਰਜਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਸੂਬੇ ਨੂੰ ਪਹਿਲੀ ਵਾਰ ਲੋਕ ਹਿਤਾਂ ਵਾਲੀ ਅਜਿਹੀ ਸਰਕਾਰ ਮਿਲੀ ਹੈ ਜਿਸਨੇ ਜੋ ਕਿਹਾ ਸੋ ਕਰ ਦਿਖਾਇਆ।
ਭਗਵੰਤ ਮਾਨ ਸਰਕਾਰ ਦੇ ਇਨਕਲਾਬੀ ਫੈਸਲਿਆਂ ਨੇ ਦੇਸ਼ ਦੇ ਆਲਾ ਰਾਜਨੇਤਾਵਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਅਤੇ ਲੋਕ ਸਕੂਨ ਮਹਿਸੂਸ ਕਰਨ ਲੱਗ ਪਏ ਹਨ। ਬਿਜਲੀ ਦੇ 600 ਯੂਨਿਟ ਮੁਆਫ਼ ਹੋਣ ਨਾਲ ਜਿੱਥੇ ਸੂਬੇ ਦੇ 47 ਲੱਖ ਪਰਿਵਾਰਾਂ ਦੇ ਬਿੱਲ ਜ਼ੀਰੋ ਆਏ ਹਨ ਉੱਥੇ ਪੂਰੇ ਸੂਬੇ ਦੇ ਲੋਕਾਂ ਦੇ ਮਨਾ ਵਿੱਚ ਭਗਵੰਤ ਮਾਨ ਹੀਰੋ ਬਣਕੇ ਛਾਏ ਹੋਏ ਹਨ। ਗੈਂਗਸਟਰਾਂ ਨੂੰ ਨੱਥ, ਪੰਜਾਬ ਦੇ ਬੇਖੌਫ਼ ਅਤੇ ਭ੍ਰਿਸ਼ਟ ਰਾਜਨੇਤਾਵਾਂ ਨੂੰ ਜੇਲ ਅੰਦਰ ਕਰਨਾ, ਆਮ ਆਦਮੀ ਕਲੀਨਿਕ ਖੋਲ੍ਹਣੇ, ਪੰਜਾਬ ਦੇ ਖ਼ਜਾਨੇ ਨੂੰ ਲੁੱਟ ਹੋਣ ਤੋਂ ਬਚਾਉਣਾ ਅਤੇ ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਕਰਨਾ, 3 ਲੱਖ ਕਰੋੜ ਦੇ ਕਰਜ਼ੇ ਚੋਂ ਲਗਭਗ 1610 ਕਰੋੜ ਦਾ ਕਰਜ਼ਾ ਉਤਾਰਨਾ, ਕਿਸਾਨਾਂ ਅਤੇ ਆਮ ਲੋਕਾਂ ਨੂੰ ਨਿਰਵਿਘਨ ਬਿਜਲੀ ਦੇਣਾ, ਭ੍ਰਿਸ਼ਟਾਚਾਰ ਖਿਲਾਫ਼ ਵ੍ਹਟਸਐਪ ਨੰਬਰ ਜਾਰੀ ਕਰਨਾ, ਸਰਕਾਰ ਦੀ 9000 ਏਕੜ ਜ਼ਮੀਨਾ ਨੂੰ ਪੰਜਾਬ ਦੇ ਦੁਸ਼ਮਣ ਭੇੜੀਆਂ ਦੇ ਚੁੰਗਲ ‘ਚੋਂ ਛੁਡਾਉਣਾ ਆਦਿ ਅਜਿਹੇ ਇਨਕਲਾਬੀ ਕਦਮ ਹਨ ਜਿਸਨੂੰ ਨੰਬਰਦਾਰ ਯੂਨੀਅਨ ਪੰਜਾਬ ਆਪਣਾ ਲਾਲ ਸਲਾਮ ਪੇਸ਼ ਕਰਦੀ ਹੈ।
ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਧਰਮਿੰਦਰ ਸਿੰਘ ਨੇ ਕਿਹਾ ਯੂਨੀਅਨ ਪੰਜਾਬ ਸਰਕਾਰ ਨਾਲ ਬਹੁਤ ਸੁਖਾਵੇਂ ਮਾਹੌਲ ਅਤੇ ਅਨੁਸ਼ਾਸ਼ਿਤ ਸਲੀਕੇ ਨਾਲ ਨੰਬਰਦਾਰ ਸਾਹਿਬਾਨਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਪਾਸ ਰੱਖੇਗੀ ਅਤੇ ਉਹਨਾਂ ਮੰਗਾਂ ਦਾ ਨਿਵਾਰਣ ਮੁੱਖ ਮੰਤਰੀ ਪਾਸੋਂ ਜਲਦ ਕਰਵਾਏਗੀ। ਸੀਨੀਅਰ ਮੀਤ ਪ੍ਰਧਾਨ ਪੰਜਾਬ ਸੇਵਕ ਸਿੰਘ ਲਾਲੀ ਨੇ ਪੰਜਾਬ ਦੇ ਸੂਝਵਾਨ ਨੰਬਰਦਾਰ ਸਾਹਿਬਾਨਾਂ ਨੂੰ ਕਿਹਾ ਕਿ ਉਹ ਜਥੇਬੰਦੀ 643 ਨਾਲ ਮਜ਼ਬੂਤੀ ਨਾਲ ਖੜ੍ਹਨ। ਵਰਗਲਾਉਣ ਵਾਲੇ ਅਖੌਤੀ ਪ੍ਰਧਾਨਾਂ ਅਤੇ ਉਹਨਾਂ ਦੇ ਸਵਾਰਥੀ ਕਾਰਕੁਨਾਂ ਕੋਲੋਂ ਸੁਚੇਤ ਰਹਿਣ। ਇਸ ਮੌਕੇ ਜ਼ਿਲ੍ਹਾ ਲੁਧਿਆਣਾ ਤੋਂ ਸ. ਹਰਮਿੰਦਰ ਸਿੰਘ ਹਵਾਸ, ਹਰਸਿਮਰਨ ਸਿੰਘ ਖਾਲਸਾ, ਨਰਪਿੰਦਰ ਸਿੰਘ ਰੰਗੀਆਂ ਸਮੇਤ ਜਥੇਬੰਦੀ 643 ਦੇ ਸਮੂਹ ਆਗੂਆਂ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਟੀਮ ਵਿਕਾਸ ਕਾਰਜ ਕਰ ਰਹੀ ਹੈ ਉਹਨਾਂ ਕਾਰਜਾਂ ਦੀ ਸਮੀਖਿਆ ਦੱਸ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਵਾਗਡੋਰ ਆਪ ਦੇ ਹੱਥਾਂ ਵਿੱਚ ਹੋਵੇਗੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly