ਮੁੱਖ ਮੰਤਰੀ ਵੱਲੋਂ ਅਯੁੱਧਿਆ ਦਾ ਦੌਰਾ;
ਰਾਮ ਮੰਦਰ ਦੀ ਉਸਾਰੀ ਲਈ ਇਕ ਕਰੋੜ ਦੇਣ ਦਾ ਐਲਾਨ
ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਅਯੁੱਧਿਆ ਦਾ ਦੌਰਾ ਕੀਤਾ। ਇਸ ਬਾਰੇ ਸੈਨਾ ਦਾ ਕਹਿਣਾ ਹੈ ਕਿ ਸੂਬੇ ਵਿੱਚ ਗੱਠਜੋੜ ਸਰਕਾਰ ਬਣਨ ਨਾਲ ਉਨ੍ਹਾਂ ਦੀ ਵਿਚਾਰਧਾਰਾ ਵਿੱਚ ਬਦਲਾਅ ਨਹੀਂ ਆਇਆ। ਸ਼ਿਵ ਸੈਨਾ ਦੇ ਅਖ਼ਬਾਰ ‘ਸਾਮਨਾ’ ਵਿੱਚ ਛਪੇ ਸੰਪਾਦਕੀ ਵਿੱਚ ਭਾਜਪਾ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਗਿਆ ਕਿ ਭਗਵਾਨ ਰਾਮ ਅਤੇ ਹਿੰਦੂਤਵ ਕਿਸੇ ਸਿਆਸੀ ਪਾਰਟੀ ਦੀ ਨਿੱਜੀ ਜਾਇਦਾਦ ਨਹੀਂ ਹੈ। ਊਧਵ ਠਾਕਰੇ ਨੇ ਅਯੁੱਧਿਆ ਦੌਰੇ ਦੌਰਾਨ ਰਾਮ ਮੰਦਰ ਬਣਾਉਣ ਲਈ ਇਕ ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ।
ਸੈਨਾ ਨੇ ਇਹ ਵੀ ਕਿਹਾ ਕਿ ‘ਮਹਾ ਵਿਕਾਸ ਅਗਾੜੀ’ ਸਰਕਾਰ ਨੇ ਆਪਣੇ ਸੌ ਦਿਨ ਮੁਕੰਮਲ ਕਰ ਲਏ ਹਨ। ਹਾਲਾਂਕਿ ਕੁਝ ਆਗੂ ਇਹ ਦਾਅਵਾ ਕਰਦੇ ਸਨ ਕਿ ਇਹ ਸਰਕਾਰ ਸੌ ਘੰਟੇ ਵੀ ਨਹੀਂ ਚੱਲ ਸਕਦੀ। ਚੇਤੇ ਰਹੇ ਮਹਾਰਾਸ਼ਟਰ ਗੱਠਜੋੜ ਸਰਕਾਰ ਵਿੱਚ ਸ਼ਿਵ ਸੈਨਾ ਤੋਂ ਬਿਨਾਂ ਐੱਨਸੀਪੀ ਤੇ ਕਾਂਗਰਸ ਵੀ ਸ਼ਾਮਲ ਹਨ। ਸੰਪਾਦਕੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਨੇ ਆਪਣੇ ਸੌ ਦਿਨਾਂ ਦੇ ਕਾਰਜਕਾਲ ਵਿੱਚ ਆਪਣੀ ਕਾਰਗੁਜ਼ਾਰੀ ਨਾਲ ਲੋਕਾਂ ਦਾ ਮਨ ਵੀ ਜਿੱਤਿਆ ਹੈ। ਲੋਕਾਂ ਨੂੰ ਉਨ੍ਹਾਂ ਦੀ ਸਰਕਾਰ ’ਤੇ ਪੂਰਾ ਭਰੋਸਾ ਹੈ।