ਬੱਸ ਦਾ ਸਫ਼ਰ ਬਣੀ ਅਭੁੱਲ ਯਾਦ

(ਸਮਾਜ ਵੀਕਲੀ)

ਕੁਝ ਕਾਰਨਾਂ ਕਰਕੇ ਨੌਕਰੀ ਤੋਂ ਮਨ ਜਿਹਾ ਅੱਕ ਗਿਆ ਸੀ, ਤਾਂ ਮੈਂ ਰਿਜ਼ਾਇਨ ਪਾ ਦਿੱਤਾ। ਮਹੀਨੇ ਦੇ ਅਖੀਰਲੇ ਦਿਨ ਆਫ਼ਿਸ ਜਾਣ ਲਈ ਮੈਂ ਰਾਜਪੁਰਾ ਬਾਈਪਾਸ ਤੋਂ ਮੋਹਾਲੀ ਦੀ ਬੱਸ ਬੈਠੀ, ਕੋਰੋਨਾ ਮਹਾਂਮਾਰੀ ਕਾਰਨ ਬੱਸ ‘ਚ ਬਹੁਤੀ ਭੀੜ ਵੀ ਨਹੀਂ ਸੀ ਤੇ ਮੈਂਨੂੰ ਸੀਟ ਵੀ ਮਿਲ ਗਈ । ਮਨ ਭਾਵੁਕ ਜਿਹਾ ਵੀ ਸੀ ਕਿ ਮੈਂ ਨੌਕਰੀ ਛੱਡਣ ਮਗਰੋਂ ਕੀ ਕਰੂੰਗੀ, ਤਾਂ ਟਿਕਟ ਲੈ ਮੈਂ ਆਪਣਾ ਮਨ ਥੋੜਾ ਠੀਕ ਕਰਨ ਲਈ ਈਅਰ ਫੋਨ ਲਗਾਏ ਹੀ ਸੀ ਕਿ ਮੇਰਾ ਧਿਆਨ ਬੱਸ ਦੇ ਸ਼ੀਸ਼ਿਆਂ ‘ਤੇ ਪਿਆ। ਦਰਅਸਲ ਬੱਸ ਦੇ ਸ਼ੀਸ਼ਿਆਂ ‘ਤੇ ਸਾਡੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਬੱਸ ਦੀਆਂ ਖਿੜਕੀਆਂ ‘ਤੇ ਲੱਗੀਆਂ ਇਹ ਤਸਵੀਰਾਂ ਬਹੁਤ ਕੁਝ ਕਹਿ, ਸਮਝਾ ਰਹੀਆਂ ਸਨ। ਪੁਰਾਣੇ ਵਿਰਸੇ, ਸਭਿਆਚਾਰ ਨੂੰ ਦਰਸਾਉਂਦੀਆਂ ਇਹ ਤਸਵੀਰਾਂ ਮੇਰੇ ਮਨ ਨੂੰ ਬਹੁਤ ਛੂਹੀਆਂ।

ਕਿਤੇ ਮੁਟਿਆਰਾਂ ਤ੍ਰਿੰਝਣ ‘ਚ ਚਰਖਾ ਕੱਤ ਰਹੀਆਂ ਤੇ ਕਿਸੇ ਤਸਵੀਰ ‘ਚ ਫੁੱਲਕਾਰੀ ਕੱਢ ਰਹੀਆਂ। ਕਿਸੇ ‘ਚ ਦੁੱਧ ਰਿੜਕਦੀਆਂ ਤੇ ਕਿਸੇ ਤਸਵੀਰ ‘ਚ ਸਵੇਰ ਦੇ ਸਮੇਂ ਚਹਿਲ ਪਹਿਲ ਦੇਖ ਮੇਰਾ ਮਨ ਖਿੜ ਗਿਆ। ਇਨ੍ਹਾਂ ਤਸਵੀਰਾਂ ‘ਚ ਮਨ ਅਜਿਹਾ ਗਵਾਚਿਆ, ਕਿ ਪਤਾ ਨਹੀਂ ਕਦੋਂ ਮੇਰੇ ਉਤਰਨ ਦੀ ਥਾਂ ਆ ਗਈ। ਉਤਰਦਿਆਂ ਮਨ ‘ਚ ਖਿਆਲ ਆਇਆ ਕਿ ਬਹੁਤੇ ਵਾਹਨਾਂ ‘ਤੇ ਅਜਿਹੇ ਇਸ਼ਤਿਹਾਰ ਲੱਗੇ ਹੁੰਦੇ ਨੇ ਕਿ ਦੇਖਣ ਸਾਰ ਸ਼ਰਮਸਾਰ ਕਰ ਦਿੰਦੇ ਨੇ। ਜੋ ਦਿਲ ਦਿਮਾਗ ਨੂੰ ਬਹੁਤ ਕੁਝ ਸੋਚਣ-ਸਮਝਣ ਨੂੰ ਮਜ਼ਬੂਰ ਕਰ ਦਿੰਦੇ ਨੇ, ਪਰ ਪਹਿਲੀ ਵਾਰ ਉਸ ਬੱਸ ‘ਚ ਸਫ਼ਰ ਕਰਕੇ ਮੈਂਨੂੰ ਚੰਗਾ ਲੱਗਿਆ।

ਆਫ਼ਿਸ ਪਹੁੰਚੀ ਤਾਂ ਦੇਖਿਆ ਕਿ ਸਭ ਆਪਣੇ ਕੰਮਾਂ ‘ਚ ਰੁਝੇ ਹੋਏ ਸਨ। ਕੋਈ ਖ਼ਬਰ ਬਣਾ ਰਿਹਾ ਅਤੇ ਕੋਈ ਖ਼ਬਰ ਐਡਿਟ ਕਰ ਰਿਹਾ ਸੀ। ਸਭ ਨਾਲ ਮਿਲਣ ਮਗਰੋਂ ਬੱਸ ਦਾ ਖਿਆਲ ਵੀ ਵਾਰ-ਵਾਰ ਜ਼ਰੂਰ ਆ ਰਿਹਾ ਸੀ। ਮੈਂ ਆਪਣੀ ਤਨਖਾਹ ਦੇ ਨਾਲ ਐਕਸਪੀਰੀਅੰਸ ਦਾ ਲੈਟਰ ਅਤੇ ਇਕ ਦੋ ਹੋਰ ਲੈਟਰ ਲੈ ਵਾਪਿਸ ਆਉਣ ਲੱਗੀ ਤਾਂ ਜਿਥੇ ਮੈਂ ਪਹਿਲਾਂ ਬੱਸ ‘ਚੋਂ ਉਤਰੀ ਸੀ, ਉਥੋਂ ਘਰ ਵਾਪਸੀ ਦੀ ਬੱਸ ਲਈ, ਬੇਸ਼ੱਕ ਬੱਸ ਹੋਰ ਸੀ ਪਰ ਸਵੇਰ ਵਾਲੀ ਬੱਸ ਦੀਆਂ ਖਿੜਕੀਆਂ ਦੇ ਸ਼ੀਸ਼ੇ ਮੁੜ ਅੱਖਾਂ ਸਾਹਮਣੇ ਆਉਣ ਲੱਗ ਪਏ, ਜਿਨ੍ਹਾਂ ‘ਚ ਗੁਆਚੀ ਮੈਂ ਰਾਜਪੁਰਾ ਬਾਈਪਾਸ ਪਹੁੰਚ ਗਈ।

ਇਸ ਮਗਰੋਂ ਨਵੀਂ ਜਾਬ ਦੇ ਸਿਲਸਿਲੇ ‘ਚ ਕਈ ਵਾਰ ਮੋਹਾਲੀ ਗੇੜਾ ਜ਼ਰੂਰ ਲੱਗਿਆ ਪਰ ਅਫ਼ਸੋਸ ਉਸ ਬੱਸ ‘ਚ ਸਫ਼ਰ ਕਰਨਾ ਦੁਬਾਰਾ ਸੁਭਾਗ ਨਹੀਂ ਬਣਿਆ। ਦੇਖਣ ਵਿੱਚ ਆਉਂਦਾ ਏ ਕਿ ਬਹੁਤੀਆਂ ਬੱਸਾਂ ਦੇ ਬਾਹਰ ਲੱਗੇ ਅਜੀਬੋ-ਗਰੀਬ ਇਸ਼ਤਿਹਾਰ ਦਿਲ-ਦਿਮਾਗ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੇ ਨੇ ਕਿ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ।

ਇਸਦੇ ਨਾਲ ਹੀ ਜੇਕਰ ਗੱਲ ਸੱਭਿਆਚਾਰ ਦੀ ਕਰੀਏ ਤਾਂ ਅੱਜ ਅਸੀਂ ਆਪਣੀ ਜ਼ਿੰਦਗੀ ‘ਚ ਇੰਨੇ ਮਸ਼ਰੂਫ਼ ਹੋ ਚੁੱਕੇ ਹਾਂ ਕਿ ਇਸਨੂੰ ਅਸੀਂ ਭੁੱਲਦੇ ਜਾ ਰਹੇ ਹਾਂ। ਨਵੇਂ-ਨਵੇਂ ਤੌਰ-ਤਰੀਕੇ ਅਪਣਾ ਰਹੇ ਹਾਂ, ਪਰ ਜਿਸ ਨਾਲ ਸਾਡੀ ਅਸਲੀ ਪਛਾਣ ਹੈ, ਉਸ ਤੋਂ ਕੋਹਾਂ ਦੂਰ ਹੋ ਰਹੇ ਹਾਂ। ਸੋ ਲੋੜ ਹੈ ਆਪਣੀ ਵਿਰਾਸਤੀ ਚੀਜ਼ਾਂ ਦੀ ਸਾਂਭ ਸੰਭਾਲ ਤੇ ਆਪਣੇ ਸਭਿਆਚਾਰ ਨੂੰ ਨਾਲ ਲੈ ਕੇ ਤੁਰਨ ਦੀ। ਲੋੜ ਹੈ ਆਪਣੇ ਬੱਚਿਆਂ ਨੂੰ ਸਭਿਆਚਾਰ ਬਾਰੇ ਹੋਰ ਜਾਣੂ ਕਰਵਾਉਣ ਦੀ।

ਪ੍ਰਦੀਪ ਕੌਰ ਅਡੋਲ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿੱਦਿਆ ਦੀ ਮਹੱਤਤਾ
Next articleਬਲ੍ਹੇਰਖਾਨਪੁਰ ਸਕੂਲ ਦੇ ਵਿਿਦਆਰਥੀਆਂ ਨੇ ਜਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ