ਨਵੀਂ ਦਿੱਲੀ (ਸਮਾਜ ਵੀਕਲੀ) : ਇੱਥੋਂ ਦੇ ਬੱਤਰਾ ਹਸਪਤਾਲ ’ਚ ਅੱਜ ਆਕਸੀਜਨ ਦੀ ਘਾਟ ਕਾਰਨ ਗੈਸਟਰੋਐਂਟ੍ਰੋਲੌਜੀ ਵਿਭਾਗ ਦੇ ਮੁਖੀ ਸਮੇਤ 12 ਕਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ। ਹਸਪਤਾਲ ਦੇ ਮੈਡੀਕਲ ਡਾਇਰੈਕਟਰ ਐੱਸਸੀਐੱਲ ਗੁਪਤਾ ਨੇ ਕਿਹਾ ਕਿ ਜਿਨ੍ਹਾਂ 12 ਜਣਿਆਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ’ਚ ਗੈਸਟਰੋਐਂਟ੍ਰੋਲੌਜੀ ਵਿਭਾਗ ਦੇ ਮੁਖੀ ਆਰਕੇ ਹਿਮਥਾਨੀ ਵੀ ਸ਼ਾਮਲ ਹਨ। ਉਨ੍ਹਾਂ ਦੀ ਮੌਤ ਵੀ ਆਕਸੀਜਨ ਦੀ ਘਾਟ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਡਾ. ਹਿਮਥਾਨੀ ਪਿਛਲੇ 15-20 ਦਿਨ ਤੋਂ ਹਸਪਤਾਲ ’ਚ ਦਾਖਲ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘ਇਹ ਬਹੁਤ ਹੀ ਦੁਖਦਾਈ ਖ਼ਬਰ ਹੈ। ਜੇਕਰ ਉਨ੍ਹਾਂ ਨੂੰ ਸਮੇਂ ਸਿਰ ਆਕਸੀਜਨ ਮਿਲ ਜਾਂਦੀ ਤਾਂ ਇਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ।
ਉੱਧਰ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਉਨ੍ਹਾਂ ਕੋਲ 2500 ਲਿਟਰ ਆਕਸੀਜਨ ਹੀ ਬਾਕੀ ਰਹਿ ਗਈ ਸੀ ਤਾਂ ਉਨ੍ਹਾਂ ਸਬੰਧਤ ਅਥਾਰਿਟੀਆਂ ਨੂੰ ਆਕਸੀਜਨ ਦੀ ਘਾਟ ਬਾਰੇ ਸੂਚਨਾ ਦੇ ਦਿੱਤੀ ਸੀ। 12.30 ਵਜੇ ਦੇ ਕਰੀਬ ਹਸਪਤਾਲ ਦੀਆਂ ਅਥਾਰਿਟੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਆਕਸੀਜਨ ਮੁੱਕ ਗਈ ਹੈ ਜਦਕਿ ਆਕਸੀਜਨ ਦਾ ਟੈਂਕਰ ਬਾਅਦ ਦੁਪਹਿਰ 1.35 ਵਜੇ ਪਹੁੰਚਿਆ। ਇਸੇ ਦੌਰਾਨ ਦਿੱਲੀ ਦੇ ਵਸੰਤ ਕੁੰਜ ਸਥਿਤ ਫੋਰਟਿਸ ਹਸਪਤਾਲ ’ਚ ਆਕਸੀਜਨ ਦੀ ਘਾਟ ਕਾਰਨ ਮਰੀਜ਼ਾਂ ਦਾ ਦਾਖਲਾ ਰੋਕ ਦਿੱਤਾ ਹੈ। ਇਸੇ ਤਰ੍ਹਾਂ ਮੀਰਾ ਬਾਗ ਸਥਿਤ ਸਹਿਗਲ ਨੀਓ ਹਸਪਤਾਲ ਨੇ ਆਕਸੀਜਨ ਦੀ ਮੰਗ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly