ਬੱਚੇ ਦੇ ਜਨਮ ਤੋਂ ਪਹਿਲਾਂ ਇਕ ਡਾਇਗਨੋਸਟਿਕ ਸੈਂਟਰ ਵੱਲੋਂ ਅਲਟਰਾਸਾਊਂਡ ਦੀ ਦਿੱਤੀ ਰਿਪੋਰਟ ਉਸ ਵੇਲੇ ਵਿਵਾਦਾਂ ’ਚ ਘਿਰ ਗਈ, ਜਦੋਂ ਬੱਚੇ ਦੀ ਜਨਮ ਤੋਂ ਬਾਅਦ ਮੌਤ ਹੋ ਗਈ। ਇਸ ਤੋਂ ਭੜਕੇ ਹੋਏ ਮਾਪਿਆਂ ਵੱਲੋਂ ਸਿਵਲ ਹਸਪਤਾਲ ਰੋਡ ’ਤੇ ਸੈਂਟਰ ਅੱਗੇ ਧਰਨਾ ਦੇ ਕੇ ਜ਼ਿੰਮੇਵਾਰ ਪ੍ਰਬੰਧਕਾਂ ਖ਼ਿਲਾਫ਼ ਸਖਤ ਪੁਲੀਸ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਹ ਹੰਗਾਮਾ ਇਨਾ ਵਧ ਗਿਆ ਕਿ ਮ੍ਰਿਤਕ ਬੱਚੇ ਦੇ ਮਾਪਿਆਂ ਨੇ ਬੱਚੇ ਦੀ ਲਾਸ਼ ਨੂੰ ਲੈ ਕੇ ਸ਼ੁੱਕਰਵਾਰ ਨੂੰ ਹਸਪਤਾਲ ਦੇ ਬਾਹਰ ਧਰਨਾ ਦੇ ਦਿੱਤਾ। ਧਰਨਾਕਾਰੀਆਂ ਦਾ ਦੋਸ਼ ਹੈ ਕਿ ਸੈਂਟਰ ਦੇ ਡਾਕਟਰ ਵੱਲੋਂ ਗਲਤ ਰਿਪੋਰਟ ਦੇ ਕੇ ਬੱਚੇ ਤੇ ਉਸਦੀ ਮਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਗਿਆ ਹੈ, ਜਿਸ ਕਰਕੇ ਡਾਕਟਰ ਖ਼ਿਲਾਫ ਮਾਮਲਾ ਦਰਜ ਕਰਕੇ ਇਸ ਸੈਂਟਰ ਨੂੰ ਸੀਲ ਕੀਤਾ ਜਾਵੇ। ਧਰਨੇ ਦੀ ਹਮਾਇਤ ਸੀਪੀਆਈ (ਐਮਐਲ) ਲਿਬਰੇਸ਼ਨ ਵੱਲੋਂ ਵੀ ਕੀਤੀ ਗਈ। ਮ੍ਰਿਤਕ ਬੱਚੇ ਦੀ ਮਾਂ ਜੀਐਨਐਮ ਤੇ ਪਿਤਾ, ਜੋ ਡੀ ਫਾਰਮੇਸੀ ਦਾ ਵਿਦਿਆਰਥੀ ਹੈ, ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਪਤਾ ਹੈ, ਪਰ ਇਸ ਰਿਪੋਰਟ ’ਚ ਉਨ੍ਹਾਂ ਨੂੰ ਢਿੱਡ ਵਾਲੇ ਬੱਚੇ ਬਾਰੇ ਇਸ ਸੈਂਟਰ ਵੱਲੋਂ ਗਲਤ ਲਿਖਤੀ ਜਾਣਕਾਰੀ ਦਿੱਤੀ ਗਈ ਹੈ, ਜਦੋਂਕਿ ਦੂਜੇ ਪਾਸੇ ਡਾਕਟਰ ਵੱਲੋਂ ਰਿਪੋਰਟ ਬਿਲਕੁਲ ਸਹੀ ਤੇ ਉਸ ’ਚ ਲਿਖੇ ਤੱਥ ਸਹੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਧਰਨੇ ’ਚ ਬੈਠੇ ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਵਾਸੀ ਘਰਾਂਗਣਾ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਇਸ ਸੈਂਟਰ ਤੋਂ ਬੱਚੇ ਦਾ ਅਲਟਰਾਸਾਊਂਡ ਕਰਇਆ ਸੀ, ਜਿਸ ’ਚ ਬੱਚੇ ਨੂੰ ਠੀਕ ਲਿਖਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਡਿਲਿਵਰੀ ਕੇਸ ਸਿਰਸਾ ਤੋਂ ਕਰਵਾਇਆ ਤੇ ਬੱਚੇ ਦਾ ਵਿਕਾਸ ਨਾ ਹੋਣ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਜਣੇਪੇ ਵੇਲੇ ਡਾਕਟਰਾਂ ਵੱਲੋਂ ਅਲਟਰਾਸਾਊਂਡ ਦੀ ਰਿਪੋਰਟ ਦੇ ਆਧਾਰ ’ਤੇ ਇਲਾਜ ਕੀਤਾ, ਜਦੋਂਕਿ ਬੱਚੇ ਦੇ ਜਨਮ ਤੋਂ ਬਾਅਦ ਪਤਾ ਲੱਗਾ ਕਿ ਅਲਟਰਾਸਾਊਂਡ ਦੀ ਰਿਪੋਰਟ ਝੂਠੀ ਹੈ। ਉਨ੍ਹਾਂ ਸੈਂਟਰ ਨੂੰ ਬੱਚੇ ਦੀ ਮੌਤ ਲਈ ਜ਼ਿੰਮੇਵਾਰ ਦੱਸਿਆ। ਉਧਰ ਇਸ ਮਾਮਲੇ ਨੂੰ ਲੈ ਕੇ ਡਾਕਟਰਾਂ ਦਾ ਇਕ ਵਫਦ ਐਸ.ਐਸ.ਪੀ. ਮਾਨਸਾ ਨੂੰ ਮਿਲਿਆ ਤੇ ਸਰੁੱਖਿਆ ਦੀ ਮੰਗ ਕੀਤੀ। ਪੂਰੇ ਮਾਮਲੇ ਦੀ ਪੜਤਾਲ ਲਈ ਕੇਸ ਸਿਹਤ ਮਹਿਕਮੇ ਕੋਲ ਚਲਾ ਗਿਆ ਤੇ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਫਰਿੱਜ ’ਚ ਰਖਵਾਉਣ ਮਗਰੋਂ ਜਾਂਚ ਸ਼ੁਰੂ ਹੋ ਗਈ। ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਜੇ ਇਸ ਤਰ੍ਹਾਂ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਨੂੰ ਸਵੀਕਾਰ ਕਰਕੇ ਮਾਮਲੇ ਦੀ ਜਾਂਚ ਲਈ ਇਕ ਡਾਕਟਰੀ ਬੋਰਡ ਬਿਠਾ ਦਿੱਤਾ ਜਾਵੇ। ਥਾਣਾ ਸਿਟੀ-1 ਦੇ ਮੁਖੀ ਜਸਵੀਰ ਸਿੰਘ ਮੁਤਾਬਕ ਰਿਪੋਰਟ ਆਉਣ ਮਗਰੋਂ ਸਿਹਤ ਮਹਿਕਮੇ ਦੇ ਆਦੇਸ਼ਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗ ੀ। ਉਕਤ ਸੈਂਟਰ ਦੇ ਸੰਚਾਲਕ ਡਾ. ਹਰੀਸ਼ ਜਿੰਦਲ ਤੇ ਡਾ. ਰੀਤੂ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦੀ ਰਿਪੋਰਟ ਬਿਲਕੁਲ ਸਹੀ ਹੈ। ਰਿਪੋਰਟ ਬੱਚੇ ਦੀ ਹਾਲਤ ਮੁਤਾਬਕ ਬਿਲਕੁਲ ਸਹੀ ਦਿੱਤੀ ਗਈ ਹੈ।