” ਬੱਚਿਓ ! ਧਿਆਨ ਦੇਣਾ ” – ਮਾਸਟਰ ਸੰਜੀਵ ਧਰਮਾਣੀ.

ਮਾਸਟਰ ਸੰਜੀਵ ਧਰਮਾਣੀ

ਪਿਆਰੇ ਬੱਚਿਓ !

ਸਤ ਸ਼੍ਰੀ ਅਕਾਲ, ਰਾਮ – ਰਾਮ, ਗੁੱਡ ਮਾਰਨਿੰਗ, ਨਮਸਤੇ, ਸਲਾਮ।

ਸਭ ਤੋਂ ਪਹਿਲਾਂ ਮੈਂ ਆਪਣੀ  ਇਸ ਹੱਥ – ਲਿਖਤ ਰਚਨਾ ਰਾਹੀਂ ਆਪਣੇ ਸਤਿਕਾਰਯੋਗ ਪਾਠਕਾਂ ਅਤੇ ਬਹੁਤ ਹੀ ਪਿਆਰੇ – ਪਿਆਰੇ ਬੱਚਿਆਂ ਨੂੰ ਜੋ ਕਿ ਮੇਰੀਆਂ ਰਚਨਾਵਾਂ ਪੜ੍ਹ ਕੇ ਫੋਨ ਕਰਕੇ ਮੇਰੇ ਬਾਰੇ ਪੁੱਛਦੇ ਹਨ, ਉਨ੍ਹਾਂ ਨੂੰ ਆਪਣੇ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਮੈਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਹੇਠਲਾ, ਨਜ਼ਦੀਕ ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਵਿਖੇ ਪੜ੍ਹਾਉਂਦਾ ਹਾਂ ਅਤੇ ਮੈਂ ਸੱਧੇਵਾਲ ਪਿੰਡ ਦਾ ਵਸਨੀਕ ਹਾਂ। ਪਿਆਰੇ ਬੱਚਿਓ ! ਅੱਜ ਤੁਹਾਨੂੰ ਇੱਕ ਅਤਿ ਜ਼ਰੂਰੀ ਅਤੇ ਮਹੱਤਵ ਰੱਖਣ ਵਾਲੀ  ਸਿੱਖਿਆ ਦੇਣ ਜਾ ਰਿਹਾ ਹਾਂ ।

ਬੱਚਿਓ ! ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਮਾਤਾ – ਪਿਤਾ ਅਤੇ ਸਾਡੇ ਅਧਿਆਪਕ ਜੀ ਸਾਡੇ ਸਭ ਤੋਂ ਵੱਡੇ ਹਿਤੈਸ਼ੀ ਅਤੇ ਸੱਚੇ ਸਾਥੀ ਹੁੰਦੇ ਹਨ । ਬੱਚਿਓ ! ਜਿਹੜਾ ਬੱਚਾ ਆਪਣੇ ਮਾਤਾ – ਪਿਤਾ ਜੀ ਅਤੇ ਆਪਣੇ ਅਧਿਆਪਕਾਂ ਦਾ ਜੀਵਨ ਭਰ ਸਤਿਕਾਰ ਕਰਦਾ ਹੈ, ਉਨ੍ਹਾਂ ਦੀ ਦੱਸੀ ਗੱਲ ਨੂੰ ਧਿਆਨ ਨਾਲ ਸੁਣਦਾ ਹੈ ਅਤੇ ਉਸ ਉੱਤੇ ਅਮਲ ਵੀ ਕਰਦਾ ਹੈ, ਅਜਿਹਾ ਬੱਚਾ ਜਾਂ ਵਿਅਕਤੀ ਜੀਵਨ ਵਿੱਚ ਹਮੇਸ਼ਾ ਕਾਮਯਾਬੀ ਪ੍ਰਾਪਤ ਕਰਦਾ ਹੈ, ਉੱਚੀਆਂ ਮੰਜ਼ਿਲਾਂ ਸਰ ਕਰ ਲੈਂਦਾ ਹੈ ਅਤੇ ਅਜਿਹੇ ਬੱਚੇ ਨੂੰ ਆਪਣੇ ਜੀਵਨ ਵਿੱਚ ਅਨਮੋਲ ਗਿਆਨ, ਖੁਸ਼ੀ, ਕਾਮਯਾਬੀ, ਆਨੰਦ ਤੇ ਸਕੂਨ ਮਿਲਦਾ ਹੈ। ਮਾਤਾ – ਪਿਤਾ ਅਤੇ ਅਧਿਆਪਕਾਂ ਦਾ ਕਹਿਣਾ ਮੰਨਣ ਵਾਲਾ ਵਿਅਕਤੀ ਜੀਵਨ ਵਿੱਚ ਦੁੱਖਾਂ, ਮੁਸੀਬਤਾਂ, ਕਸ਼ਟਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ, ਚਿੰਤਾਵਾਂ,ਡਰ – ਭੈਅ ਅਤੇ ਅਨੇਕਾਂ ਪ੍ਰਕਾਰ ਦੀਆਂ ਔਕੜਾਂ ਤੋਂ ਬਚਿਆ ਰਹਿੰਦਾ ਹੈ ; ਕਿਉਂਕਿ ਤੁਹਾਡੀ ਖੁਸ਼ੀ, ਤੁਹਾਡੀ ਕਾਮਯਾਬੀ ਤੇ ਤੁਹਾਡੀ ਤੰਦਰੁਸਤੀ ਵਿੱਚ ਹੀ ਤੁਹਾਡੇ ਮਾਤਾ – ਪਿਤਾ ਤੇ ਤੁਹਾਡੇ ਅਧਿਆਪਕਾਂ ਨੂੰ ਸੱਚੀ – ਸੁੱਚੀ ਖ਼ੁਸ਼ੀ ਮਿਲਦੀ ਹੈ । ਮਾਤਾ – ਪਿਤਾ ਤੇ ਅਧਿਆਪਕ ਸਾਡੇ ਅਜਿਹੇ ਸੱਚੇ – ਸੁੱਚੇ ਤੇ ਪਾਕਿ – ਪਵਿੱਤਰ ਰਿਸ਼ਤੇ ਹੁੰਦੇ ਹਨ, ਜੋ ਹਰ ਸਮੇਂ, ਹਰ ਥਾਂ ਅਤੇ ਹਰ ਕਿਸੇ ਪਾਸੋਂ ਤੁਹਾਡੀ ਖ਼ੁਸ਼ੀ ਤੇ ਖ਼ੁਸ਼ਹਾਲੀ ਦੀ ਹੀ ਸੱਚੀ ਕਾਮਨਾ ਕਰਦੇ ਹਨ।

ਪਿਆਰੇ ਬੱਚਿਓ ! ਅੱਜ ਤੋਂ ਹੀ ਇਹ ਇੱਕ ਸੱਚਾ ਪ੍ਰਣ ਕਰ ਲਓ ਕਿ ਜਿੰਦਗੀ ਵਿੱਚ ਹਮੇਸ਼ਾ ਆਪਣੇ ਮਾਤਾ – ਪਿਤਾ ਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ, ਉਨ੍ਹਾਂ ਨੂੰ ਪ੍ਰਣਾਮ ਕਰਨਾ ਅਤੇ ਮਾਤਾ – ਪਿਤਾ ਅਤੇ ਆਪਣੇ ਅਧਿਆਪਕਾਂ ਦੀ ਦੱਸੀ ਸਿੱਖਿਆ ਨੂੰ ਯਾਦ ਰੱਖਣਾ ਤੇ ਉਸ ਉੱਤੇ ਅਮਲ ਜ਼ਰੂਰ ਕਰਨਾ। ਪਿਆਰੇ ਬੱਚਿਓ ! ਇਸ ਛੋਟੀ ਜਿਹੀ ਲੱਗਣ ਵਾਲੀ ਮੇਰੀ ਸਿੱਖਿਆ ਦੀ ਸਾਡੀ ਜ਼ਿੰਦਗੀ ਵਿੱਚ ਕਿੰਨੀ ਮਹੱਤਤਾ ਹੈ,  ਇਸ ਗੱਲ ਦਾ ਅਨੁਮਾਨ ਸਾਨੂੰ ਬਹੁਤ ਸਾਲਾਂ ਬਾਅਦ ਵੱਡੇ ਹੋ ਕੇ ਪਤਾ ਲੱਗਦਾ ਹੈ। ਪਿਆਰੇ ਬੱਚਿਓ ! ਤੁਸੀਂ ਅੱਜ ਹੀ ਮੇਰੇ ਨਾਲ ਇਹ ਵਾਅਦਾ ਕਰਨਾ ਹੈ ਕਿ ਤੁਸੀਂ ਹਮੇਸ਼ਾ ਆਪਣੇ ਮਾਤਾ – ਪਿਤਾ ਅਤੇ ਆਪਣੇ ਸਤਿਕਾਰਯੋਗ ਅਧਿਆਪਕਾਂ ਦਾ ਜੀਵਨ ਭਰ ਸਤਿਕਾਰ ਕਰੋਗੇ ਅਤੇ ਉਨ੍ਹਾਂ ਦੀ ਦੱਸੀ ਸਿੱਖਿਆ ‘ਤੇ ਜੀਵਨ ਭਰ ਅਮਲ ਕਰੋਗੇ। ਫਿਰ ਤੁਸੀਂ ਦੇਖਣਾ ਕਿ ਅਧਿਆਪਕਾਂ ਅਤੇ ਮਾਤਾ – ਪਿਤਾ ਦੇ ਆਸ਼ੀਰਵਾਦ, ਦੁਆਵਾਂ ਅਤੇ ਭਾਵਨਾਵਾਂ ਨਾਲ ਤੁਸੀਂ ਜ਼ਿੰਦਗੀ ਵਿੱਚ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਤੱਤੀ – ਵਾਹ ਵੀ ਤੁਹਾਨੂੰ ਨਹੀਂ ਲੱਗੇਗੀ। ਇਹੋ ਜੀਵਨ ਦੀ ਸਫ਼ਲਤਾ ਦਾ ਭੇਤ ਹੈ ਅਤੇ ਸੁਚੱਜੇ, ਸ਼ਾਂਤ ਤੇ ਸਫਲ ਜੀਵਨ ਦਾ ਅਹਿਮ ਰਾਜ਼ ਹੈ।

ਪਿਆਰੇ ਬੱਚਿਓ ! ਭੁੱਲ ਕੇ ਵੀ ਕਦੇ ਆਪਣੇ ਪੂਜਣਯੋਗ ਮਾਤਾ – ਪਿਤਾ ਅਤੇ ਸਤਿਕਾਰਯੋਗ ਅਧਿਆਪਕਾਂ ਦਾ ਦਿਲ ਨਾ ਦੁਖਾਇਓ, ਸਦਾ ਉਨ੍ਹਾਂ ਦੀ ਇੱਜ਼ਤ – ਮਾਣ ਤੇ ਸਤਿਕਾਰ ਕਰਿਓ ; ਕਿਉਂਕਿ ਆਪਣੇ ਮਾਤਾ – ਪਿਤਾ ਅਤੇ ਅਧਿਆਪਕਾਂ ਦੇ ਮਨ ਨੂੰ ਠੇਸ ਪਹੁੰਚਾਉਣ ਵਾਲਾ ਵਿਅਕਤੀ ਜ਼ਿੰਦਗੀ ਵਿੱਚ ਹਮੇਸ਼ਾ ਦੁਖੀ,  ਪ੍ਰੇਸ਼ਾਨ, ਉਦਾਸ ਰਹਿੰਦਾ ਹੈ ਤੇ ਦੁੱਖਾਂ ਅਤੇ ਚਿੰਤਾਵਾਂ ਵਿੱਚ ਘਿਰਿਆ ਹੋਇਆ ਰਹਿੰਦਾ ਹੈ ਅਤੇ ਉਸ ਨੂੰ ਸਥਾਈ ਤੌਰ ‘ਤੇ ਕਦੇ ਵੀ ਸ਼ਾਂਤੀ, ਸਕੂਨ ਤੇ ਕਾਮਯਾਬੀ ਨਹੀਂ ਮਿਲਦੀ, ਉਸ ਨੂੰ ਜ਼ਿੰਦਗੀ ਵਿੱਚ ਅਸਹਿਣਯੋਗ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਆਪਣੇ ਮਾਤਾ – ਪਿਤਾ ਅਤੇ ਅਧਿਆਪਕ ਸਾਹਿਬਾਨ ਦਾ ਸਤਿਕਾਰ ਜ਼ਰੂਰ ਕਰਨਾ, ਉਨ੍ਹਾਂ ਦਾ ਕਹਿਣਾ ਮੰਨਣਾ ਅਤੇ ਉਨ੍ਹਾਂ ਦਾ ਅਸ਼ੀਰਵਾਦ ਹਮੇਸ਼ਾ ਲੈੰਦੇ ਰਹਿਣਾ ; ਕਿਉਂਕਿ ਜਿਸ ਦੇ ਸਿਰ ‘ਤੇ ਮਾਤਾ – ਪਿਤਾ ਅਤੇ ਗੁਰੂਜਨਾਂ (ਅਧਿਆਪਕਾਂ) ਦੀਆਂ ਸੱਚੀਆਂ ਅਤੇ ਪ੍ਰਬਲ ਦੁਆਵਾਂ ਹੋਣ, ਉਸ ਨੂੰ ਦੁੱਖ, ਸੰਕਟ ਤੇ ਤਕਲੀਫਾਂ ਨਹੀਂ ਛੂਹ ਸਕਦੀਆਂ। ਹਰ ਸਮੇਂ, ਹਰ ਥਾਂ ਅਜਿਹੇ ਮਹਾਨ ਵਿਅਕਤੀ ਦੇ ਯਸ਼, ਕੀਰਤੀ, ਸਮਰਿੱਧੀ,  ਖੁਸ਼ੀ , ਖੁਸ਼ਹਾਲੀ,  ਧਨ ਅਤੇ ਉਮਰ ਵਿੱਚ ਵਾਧਾ ਹੁੰਦਾ ਹੈ  ਤੇ ਦੁੱਖਾਂ ਦੇ ਝੱਖੜ ਅਜਿਹੇ ਵਿਅਕਤੀ ਤੋਂ ਕੋਹਾਂ ਦੂਰ ਰਹਿੰਦੇ ਹਨ। ਪਰਮਾਤਮਾ ਤੁਹਾਨੂੰ ਹਮੇਸ਼ਾ ਹਮੇਸ਼ਾ ਹਮੇਸ਼ਾ ਤੰਦਰੁਸਤੀ, ਕਾਮਯਾਬੀ, ਤਰੱਕੀ, ਸੁੱਖ – ਸਕੂਨ ਤੇ ਖੁਸ਼ੀ – ਖੁਸ਼ਹਾਲੀ ਪ੍ਰਦਾਨ ਕਰੇ !

ਤੁਹਾਡਾ ਆਪਣਾ ,

ਮਾਸਟਰ ਸੰਜੀਵ ਧਰਮਾਣੀ.
ਸ੍ਰੀ ਅਨੰਦਪੁਰ ਸਾਹਿਬ .
+91 9478 561 356.
Previous articleUP zoos take steps to protect animals in corona times
Next articlePak violates ceasefire in J&K’s Rajouri