ਬੰਦੀਆਂ ਦੀ ਰਿਹਾਈ ਲਈ ਸਭ ਪਾਰਟੀਆਂ ਇਕਜੁੱਟ ਹੋਣ: ਫਾਰੂਕ ਅਬਦੁੱਲਾ

ਸ੍ਰੀਨਗਰ– ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਜੰਮੂ ਕਸ਼ਮੀਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਬਾਹਰ ਜੇਲ੍ਹਾਂ ਵਿਚ ਰੱਖੇ ਗਏ ਸਾਰੇ ਵਿਅਕਤੀਆਂ ਨੂੰ ਮਨੁੱਖਤਾ ਦੇ ਆਧਾਰ ਉੱਤੇ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਨੂੰ ਇਕਜੁੱਟ ਹੋ ਕੇ ਅਪੀਲ ਕਰਨ ਲਈ ਕਿਹਾ ਹੈ। ਇਸੇ ਦੌਰਾਨ ਅੱਜ ਨੈਸ਼ਨਲ ਕਾਨਫਰੰਸ (ਐੱਨਸੀ) ਦੇ ਜੰਮੂ ਦੇ ਆਗੂਆਂ ਦਾ ਵਫ਼ਦ ਖੇਤਰੀ ਪ੍ਰਧਾਨ ਦੇਵੇਂਦਰ ਸਿੰਘ ਰਾਣਾ ਦੀ ਅਗਵਾਈ ਹੇਠ ਫਾਰੂਕ ਅਬਦੁੱਲਾ ਨੂੰ ਉਨ੍ਹਾਂ ਦੀ ਰਿਹਾਇਸ਼ ਉੱਤੇ ਮਿਲਿਆ ਤੇ ਉਨ੍ਹਾਂ ਨਾਲ ਮੀਟਿੰਗ ਕੀਤੀ।
ਸ਼ੁੱਕਰਵਾਰ ਨੂੰ ਰਿਹਾਅ ਹੋਣ ਮਗਰੋਂ ਆਪਣੇ ਪਹਿਲੇ ਬਿਆਨ ਵਿਚ 82 ਸਾਲਾ ਸਿਆਸਤਦਾਨ ਨੇ ਕਿਹਾ ਕਿ ਆਪਣੀ ਰਿਹਾਈ ਮਗਰੋਂ ਹੁਣ ਤਕ ਉਹ ਕੋਈ ਵੀ ਸਿਆਸੀ ਬਿਆਨ ਦੇਣ ਤੋਂ ਬਚ ਰਹੇ ਸਨ। ਅਬਦੁਲਾ ਨੂੰ ਪਹਿਲਾਂ ਇਹਤਿਆਤ ਵਜੋਂ ਹਿਰਾਸਤ ਵਿਚ ਲਿਆ ਗਿਆ ਸੀ ਤੇ ਮਗਰੋਂ 15 ਸਤੰਬਰ ਨੂੰ ਉਨ੍ਹਾਂ ਉੱਤੇ ਲੋਕ ਸੁਰੱਖਿਆ ਐਕਟ ਦੀਆਂ ਧਾਰਾਵਾਂ ਲਗਾ ਦਿੱਤੀਆਂ ਗਈਆਂ ਸਨ ਤੇ ਉਨ੍ਹਾਂ ਦੀ ਹਿਰਾਸਤ ਦਾ ਸਮਾਂ 13 ਦਸੰਬਰ ਤੇ 11 ਮਾਰਚ ਤਕ ਵਧਾ ਦਿੱਤਾ ਗਿਆ ਸੀ।
ਅਬਦੁੱਲਾ ਨੇ ਵਿਚਾਰਾਂ ਦੀ ਆਜ਼ਾਦੀ ਦੀ ਵਕਾਲਤ ਕਰਦਿਆਂ ਕਿਹਾ, ‘ਇਸ ਤੋਂ ਪਹਿਲਾਂ ਕਿ ਸਿਆਸਤ ਸਾਨੂੰ ਵੰਡ ਦੇਵੇ, ਮੈਂ ਰਾਜ ਦੇ ਸਾਰੇ ਸਿਆਸੀ ਦਲਾਂ ਦੇ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਕੇਂਦਰ ਸਰਕਾਰ ਤੋਂ ਜੰਮੂ ਕਸ਼ਮੀਰ ਦੇ ਬਾਹਰ ਜੇਲ੍ਹਾਂ ਵਿਚ ਰੱਖੇ ਸਾਰੇ ਵਿਅਕਤੀਆਂ ਨੂੰ ਵਾਪਸ ਲਿਆਉਣ ਲਈ ਇਕੱਠੇ ਹੋ ਕੇ ਅਪੀਲ ਕਰੀਏ।’
ਉਨ੍ਹਾਂ ਕਿਹਾ, ‘’ ਜਦਕਿ ਅਸੀਂ ਉਨ੍ਹਾਂ ਸਾਰਿਆਂ ਨੂੰ ਜਲਦੀ ਰਿਹਾਅ ਦੇਖਣਾ ਚਾਹੁੰਦੇ ਹਾਂ, ਉਨ੍ਹਾਂ ਸਾਰਿਆਂ ਨੂੰ ਜੰਮੂ ਕਸ਼ਮੀਰ ਤਬਦੀਲ ਕਰਨਾ ਚਾਹੀਦਾ ਹੈ। ਇਹ ਮਨੁੱਖਤਾਵਾਦੀ ਅਪੀਲ ਹੈ ਤੇ ਮੈਨੂੰ ਆਸ ਹੈ ਕਿ ਹੋਰ ਲੋਕ ਵੀ ਇਸ ਮੰਗ ਨੂੰ ਭਾਰਤ ਸਰਕਾਰ ਸਾਹਮਣੇ ਰੱਖਣ ਵਿਚ ਮੇਰਾ ਸਾਥ ਦੇਣਗੇ। ਬੀਤੇ ਦਿਨ ਆਪਣੇ ਪੁੱਤਰ ਉਮਰ ਅਬਦੁੱਲਾ ਨੂੰ ਮਿਲਣ ਗਏ ਫਾਰੂਕ ਅਬਦੁੱਲਾ ਨੇ ਕਿਹਾ, ‘ਮੈਨੂੰ ਘਰ ਚ ਨਜ਼ਰਬੰਦ ਕੀਤਾ ਗਿਆ ਸੀ ਤੇ ਮੇਰਾ ਪਰਿਵਾਰ ਮੈਨੂੰ ਮਿਲ ਸਕਦਾ ਸੀ ਪਰ ਹਿਰਾਸਤ ਵਿਚ ਲਏ ਗਏ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦੇ ਪਰਿਵਾਰਾਂ ਦਾ ਉਨ੍ਹਾਂ ਨਾਲ ਮਿਲਣਾ ਵੀ ਸੌਖਾ ਨਹੀਂ ਹੈ।’

Previous articleਮੱਧ ਪ੍ਰਦੇਸ਼ ਸੰਕਟ: ਭਰੋਸੇ ਦੀ ਵੋਟ ਬਾਰੇ ਸਥਿਤੀ ਸ਼ਸ਼ੋਪੰਜ ਵਾਲੀ
Next articleਕਰੋਨਾਵਾਇਰਸ: ਵਿਸ਼ਵ ਪੱਧਰ ਭਰ ’ਚ ਮਰਨ ਵਾਲਿਆਂ ਦੀ ਗਿਣਤੀ 6000 ਤੋਂ ਟੱਪੀ