ਮੁੰਬਈ- ਹਮਲਾਵਰ ਮਿੱਡਫੀਲਡਰ ਸਰਪ੍ਰੀਤ ਸਿੰਘ ਜਰਮਨ ਬੰਡੇਸਲੀਗ ਵਿੱਚ ਖੇਡਣ ਵਾਲਾ ਭਾਰਤੀ ਮੂਲ ਦਾ ਪਹਿਲਾ ਖਿਡਾਰੀ ਬਣ ਗਿਆ, ਜਿਸ ਨੇ ਐੱਫਸੀ ਬਾਇਰਨ ਮਿਊਨਿਖ਼ ਲਈ ਪਲੇਠਾ ਮੈਚ ਖੇਡਦਿਆਂ ਵਰਡਰ ਬਰੈਮਨ ਨੂੰ 6-1 ਦੀ ਸ਼ਿਕਸਤ ਦੇਣ ’ਚ ਅਹਿਮ ਭੂਮਿਕਾ ਨਿਭਾਈ।
ਸਰਪ੍ਰੀਤ (20) ਨੇ ਰਿਆਲ ਮੈਡਰਿਡ ਅਤੇ ਅਰਸੇਨਲ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਲੀਗ ਲਈ ਟੀਮ ਵਿੱਚ ਥਾਂ ਬਣਾਈ ਸੀ। ਅੱਠ ਵਾਰ ਐੱਫਸੀ ਬਾਇਰਨ ਟੀਮ ਵਿੱਚ ਥਾਂ ਬਣਾ ਚੁੱਕੇ ਸਰਪ੍ਰੀਤ ਨੂੰ ਮੈਦਾਨ ’ਤੇ ਉਤਰਨ ਦਾ ਮੌਕਾ ਨਹੀਂ ਮਿਲਿਆ ਸੀ। ਉਹ ਇਸ ਤੋਂ ਪਹਿਲਾਂ ਸਟਰਾਈਕਰ ਡੇਵਿਡ ਵਿਲੀਅਮਜ਼ ਅਤੇ ਰਾਏ ਕ੍ਰਿਸ਼ਨਾ ਨਾਲ ਵੈਲਿੰਗਟਨ ਫੀਨਿਕਸ ਵੱਲੋਂ ਖੇਡਦਾ ਰਿਹਾ ਹੈ।
ਦਿਲਚਸਪ ਹੈ ਕਿ ਕ੍ਰਿਸ਼ਨਾ ਵੀ ਭਾਰਤੀ ਮੂਲ ਦਾ ਹੈ, ਪਰ ਉਹ ਫਿਜੀ ਟੀਮ ਦਾ ਫਾਰਵਰਡ ਹੈ। ਸਰਪ੍ਰੀਤ ਸਾਲ 2018 ਦੌਰਾਨ ਭਾਰਤ ਵਿੱਚ ਹੋਏ ਇੰਟਰਕਾਂਟੀਨੈਂਟਲ ਕੱਪ ਵਿੱਚ ਨਿਊਜ਼ੀਲੈਂਡ ਵੱਲੋਂ ਖੇਡ ਚੁੱਕਿਆ ਹੈ। ਉਸ ਨੇ ਮੁੰਬਈ ਫੁਟਬਾਲ ਏਰੇਨਾ ਵਿੱਚ ਹੋਏ ਟੂਰਨਾਮੈਂਟ ਦੌਰਾਨ ਕੀਨੀਆ ਖ਼ਿਲਾਫ਼ ਟੀਮ ਵੱਲੋਂ ਆਪਣਾ ਪਹਿਲਾ ਗੋਲ ਕੀਤਾ ਸੀ। ਉਹ ਭਾਰਤ ਖ਼ਿਲਾਫ਼ ਵੀ ਖੇਡਿਆ।
Sports ਬੰਡੇਸਲੀਗ ’ਚ ਖੇਡਣ ਵਾਲਾ ਭਾਰਤੀ ਮੂਲ ਦਾ ਪਹਿਲਾ ਖਿਡਾਰੀ ਬਣਿਆ ਸਰਪ੍ਰੀਤ