ਕੋਲਕਾਤਾ/ਭੁਵਨੇਸ਼ਵਰ/ਨਵੀਂ ਦਿੱਲੀ (ਸਮਾਜਵੀਕਲੀ) : ਚੱਕਰਵਾਤੀ ਤੂਫ਼ਾਨ ‘ਅੰਫਾਨ’ ਨੇ ਅੱਜ ਪੱਛਮੀ ਬੰਗਾਲ ’ਚ ਦਸਤਕ ਦਿੰਦਿਆਂ ਜਿੱਥੇ ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਤਬਾਹੀ ਮਚਾਈ, ਉੱਥੇ ਦੋ ਜਾਨਾਂ ਵੀ ਲੈ ਲਈਆਂ। ਜਾਣਕਾਰੀ ਮੁਤਾਬਕ ਦੁਪਹਿਰ 2.30 ਵਜੇ ਪੱਛਮੀ ਬੰਗਾਲ ’ਚ ਦੀਘਾ ਤੇ ਬੰਗਲਾਦੇਸ਼ ’ਚ ਹਟੀਆ ਟਾਪੂ ’ਚ ਦਸਤਕ ਦਿੰਦਿਆਂ ‘ਅੰਫਾਨ’ ਤੱਟੀ ਇਲਾਕਿਆਂ ’ਚ ਦਾਖ਼ਲ ਹੋਇਆ। ਤੂਫ਼ਾਨ ਕਾਰਨ ਦਰੱਖਤ ਜੜ੍ਹੋਂ ਪੁੱਟੇ ਗਏ ਤੇ ਬਿਜਲੀ ਦੇ ਖੰਭੇ ਵੀ ਉਖੜ ਗਏ।
ਤੂਫ਼ਾਨ ਆਉਣ ਤੋਂ ਪਹਿਲਾਂ ਪੱਛਮੀ ਬੰਗਾਲ ਤੇ ਉੜੀਸਾ ਤੋਂ 6.58 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਚੁੱਕਾ ਸੀ। ਮੌਸਮ ਵਿਭਾਗ ਨੇ ਦੱਸਿਆ ਕਿ ਤੂਫ਼ਾਨ ਦੀ ਰਫ਼ਤਾਰ 160 ਤੋਂ 170 ਕਿਲੋਮੀਟਰ ਪ੍ਰਤੀ ਘੰਟਾ ਸੀ ਜੋ 190 ਕਿਲੋਮੀਟਰ ਪ੍ਰਤੀ ਘੰਟਾ ’ਚ ਤਬਦੀਲ ਹੋ ਗਈ।
ਤੂਫ਼ਾਨ ਕਾਰਨ ਹਾਵੜਾ ਤੇ ਨੌਰਥ 24 ਪਰਗਨਾ ਜ਼ਿਲ੍ਹਿਆਂ ’ਚ ਦਰੱਖਤ ਡਿੱਗਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ। ਐੱਨਡੀਆਰਐੱਫ ਮੁਖੀ ਐੱਸ ਐੱਨ ਪ੍ਰਧਾਨ ਨੇ ਮੀਡੀਆ ਕਾਨਫਰੰਸ ਮੌਕੇ ਦੱਸਿਆ ਕਿ ਉੜੀਸਾ ’ਚ ਐੱਫਡੀਆਰਐੱਫ ਦੀਆਂ 20 ਟੀਮਾਂ ਨੇ ਸੜਕਾਂ ਸਾਫ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਦਕਿ ਪੱਛਮੀ ਬੰਗਾਲ ਵਿੱਚ 19 ਯੂਨਿਟਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਦਾ ਕੰਮ ਕਰ ਰਹੀਆਂ ਹਨ। ਦੋਵਾਂ ਰਾਜਾਂ ਵਿੱਚ ਭਾਰੀ ਮੀਂਹ ਪਿਆ।
ਭਾਰਤ ਦੇ ਮੌਸਮ ਵਿਭਾਗ ਦੇ ਨਿਰਦੇਸ਼ਕ ਜਨਰਲ ਮ੍ਰਿਤੰਜਯ ਮਹਾਪਾਤਰਾ ਨੇ ਐੱਨਡੀਆਰਐੱਫ ਮੁਖੀ ਸ੍ਰੀ ਪ੍ਰਧਾਨ ਨਾਲ ਸਾਂਝੀ ਮੀਡੀਆ ਕਾਨਫਰੰਸ ਮੌਕੇ ਕਿਹਾ ਕਿ ਸਾਊਥ ਤੇ ਨੌਰਥ 24 ਪਰਗਨਾ ਤੇ ਪੂਰਬੀ ਮਿਦਨਾਪੁਰ ਜ਼ਿਲ੍ਹਿਆਂ ਵਿੱਚ 160 ਤੋਂ 170 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਇਨ੍ਹਾਂ ਇਲਾਕਿਆਂ ’ਚ ਤੂਫ਼ਾਨ ਕਾਰਨ ਘਰਾਂ ਦੀਆਂ ਛੱਤਾਂ ਉੱਡ ਗਈਆਂ ਜਦਕਿ ਕੋਲਕਾਤਾ ਦੇ ਹੇਠਲੇ ਇਲਾਕਿਆਂ ’ਚ ਗਲੀਆਂ ਤੇ ਘਰਾਂ ’ਚ ਪਾਣੀ ਵੜ ਗਿਆ।