ਬੰਗਲਾਦੇਸ਼ ਨੇ ਪਹਿਲੇ ਟੀ-20 ਮੈਚ ‘ਚ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ  : ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਬੰਗਲਾਦੇਸ਼ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ ਛੇ ਵਿਕਟਾਂ ‘ਤੇ 148 ਦੌੜਾਂ ਬਣਾਈਆਂ ਜਵਾਬ ਵਿਚ ਬੰਗਲਾਦੇਸ਼ੀ ਟੀਮ ਨੇ ਸਿਰਫ਼ ਤਿੰਨ ਵਿਕਟਾਂ ਦੇ ਨੁਕਸਾਨ ‘ਤੇ ਤਿੰਨ ਗੇਂਦਾਂ ਬਾਕੀ ਰਹਿੰਦਿਆਂ 154 ਦੌੜਾਂ ਬਣਾ ਕੇ ਮੁਕਾਬਲਾ ਆਪਣੇ ਨਾਂ ਕੀਤਾ। ਬੰਗਲਾਦੇਸ਼ ਵੱਲੋਂ ਮੁਸ਼ਫਿਕੁਰ ਰਹੀਮ ਨੇ 43 ਗੇਂਦਾਂ ‘ਤੇ 60 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਦਿੱਲੀ ਦੇ ਪ੍ਰਦੂਸ਼ਣ ਵਿਚ ਅਰੁਣ ਜੇਤਲੀ ਸਟੇਡੀਅਮ ਵਿਚ ਬੰਗਲਾਦੇਸ਼ੀ ਗੇਂਦਬਾਜ਼ਾਂ ਦੇ ਸਾਹਮਣੇ ਉਤਰੇ ਭਾਰਤੀ ਬੱਲੇਬਾਜ਼ਾਂ ਦਾ ਸਾਹ ਫੁੱਲ ਗਿਆ। ਖ਼ਰਾਬ ਸ਼ਾਟ ਤੇ ਆਰਾਮਦਾਇਕ ਰਨ ਆਊਟ ਕਾਰਨ ਭਾਰਤੀ ਟੀਮ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 148 ਦੌੜਾਂ ਹੀ ਬਣਾ ਸਕੀ। ਨੌਵੀਂ ਰੈਂਕਿੰਗ ਦੀ ਬੰਗਾਲਦੇਸ਼ੀ ਟੀਮ ਇਸ ਮੈਚ ਤੋਂ ਪਹਿਲਾਂ ਕਾਫੀ ਦਬਾਅ ਵਿਚ ਸੀ ਕਿਉਂਕਿ ਉਸ ਦੇ ਰੈਗੂਲਰ ਕਪਤਾਨ ਸ਼ਾਕਿਬ ਅਲ ਹਸਨ ‘ਤੇ ਭਾਰਤ ਦੌਰੇ ‘ਤੇ ਆਉਣ ਤੋਂ ਠੀਕ ਪਹਿਲਾਂ ਸੱਟੇਬਾਜ਼ਾਂ ਨਾਲ ਸਬੰਧ ਰੱਖਣ ਕਾਰਨ ਆਈਸੀਸੀ ਨੇ ਦੋ ਸਾਲ ਦੀ ਪਾਬੰਦੀ ਲਾਈ ਸੀ ਪਰ ਮਹਿਮੂਦੁੱਲ੍ਹਾ ਦੀ ਕਪਤਾਨੀ ਵਿਚ ਉਸ ਦੇ ਗੇਂਦਬਾਜ਼ਾਂ ਨੇ ਐਤਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪਹਿਲੇ ਮੈਚ ਵਿਚ ਹੀ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ਦੇ ਸਾਹ ਫੁਲਾ ਦਿੱਤੇ। ਭਾਰਤ ਦਾ ਸਕੋਰ ਇਕ ਸਮੇਂ 18.2 ਓਵਰਾਂ ‘ਚ 120 ਦੌੜਾਂ ਹੀ ਸੀ। ਇਹ ਤਾਂ ਚੰਗਾ ਹੋਵੇ ਕਰੁਣਾਲ ਪਾਂਡਿਆ (ਅਜੇਤੂ 15) ਤੇ ਵਾਸ਼ਿੰਗਟਨ ਸੁੰਦਰ (ਅਜੇਤੂ 14) ਦਾ ਜਿਨ੍ਹਾਂ ਨੇ ਆਖ਼ਰੀ 10 ਗੇਂਦਾਂ ਵਿਚ 28 ਦੌੜਾਂ ਬਣਾ ਕੇ ਭਾਰਤ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਆਖ਼ਰੀ ਓਵਰ ਵਿਚ ਦੋਵਾਂ ਨੇ 16 ਦੌੜਾਂ ਬਣਾਈਆਂ।

Previous articleਭਾਰਤ ‘ਤੇ ਲਸ਼ਕਰ-ਏ-ਤਾਇਬਾ ਅਤੇ ਜੈ-ਏ-ਮੁਹੰਮਦ ਕਰ ਸਕਦੈ ਅੱਤਵਾਦੀ ਹਮਲਾ, ਅਮਰੀਕੀ ਵਿਦੇਸ਼ ਮੰਤਰਾਲੇ ਨੇ ਪ੍ਰਗਟਾਇਆ ਖਦਸ਼ਾ
Next articleMeity finds gaps in WhatsApp reply on spyware issue