ਬੰਗਲਾਦੇਸ਼ ’ਚ ਰੋਹਿੰਗੀਆ ਕੈਂਪ ਨੇੜੇ ਅੱਗ ਲੱਗੀ, ਤਿੰਨ ਜਣੇ ਹਲਾਕ

ਕੌਕਸ ਬਾਜ਼ਾਰ (ਸਮਾਜ ਵੀਕਲੀ): ਦੱਖਣੀ ਬੰਗਲਾਦੇਸ਼ ’ਚ ਅੱਜ ਰੋਹਿੰਗੀਆ ਦੇ ਸ਼ਰਨਾਰਥੀ ਕੈਂਪ ਨੇੜੇ ਬਣੇ ਬਾਜ਼ਾਰ ’ਚ ਅੱਗ ਕਾਰਨ 20 ਤੋਂ ਜ਼ਿਆਦਾ ਦੁਕਾਨਾਂ ਨਸ਼ਟ ਹੋ ਗਈਆਂ। ਅੱਗ ਲੱਗਣ ਕਾਰਨ ਤਿੰਨ ਵਿਅਕਤੀ ਮਾਰੇ ਗਏ। ਸਥਾਨਕ ਪੁਲੀਸ ਮੁਖੀ ਅਹਿਮਦ ਸੰਜੂਰ ਮੁਰਸ਼ਦ ਨੇ ਕਿਹਾ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦਸਤੇ ਨੂੰ ਕਈ ਘੰਟਿਆਂ ਤੱਕ ਜੱਦੋ-ਜ਼ਹਿਦ ਕਰਨੀ ਪਈ। ਬਾਅਦ ’ਚ ਮਲਬੇ ’ਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ। ਅੱਗ ਸ਼ੁੱਕਰਵਾਰ ਤੜਕੇ ਲੱਗੀ ਜਦੋਂ ਕੁਟੂਪਲੌਂਗ ’ਚ ਮਿਆਂਮਾਰ ਦੇ ਰੋਹਿੰਗੀਆ ਸ਼ਰਨਾਰਥੀ ਆਪਣੇ ਕੈਂਪ ’ਚ ਸੁੱਤੇ ਪਏ ਸਨ।

ਇਕ ਦੁਕਾਨ ਦੇ ਮਾਲਿਕ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੇ ਅਮਲੇ ਦੇ ਤਿੰਨ ਮੈਂਬਰ ਅੱਗ ’ਚ ਸੜ ਗਏ ਹਨ। ਫਾਇਰ ਸਰਵਿਸ ਅਤੇ ਸਿਵਲ ਡਿਫੈਂਸ ਦੇ ਅਧਿਕਾਰੀ ਇਮਦਾਦੁਲ ਹੱਕ ਨੇ ਕਿਹਾ ਕਿ ਉਨ੍ਹਾਂ ਨੂੰ ਅੱਗ ’ਤੇ ਕਾਬੂ ਪਾਉਣ ਲਈ ਤਿੰਨ ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਾ। ਅੱਗ ਲੱਗਣ ਦੀ ਘਟਨਾ ’ਚ ਕਈ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗੇ ਕਿਵੇਂ ਲੱਗੀ। ਪਿਛਲੇ ਮਹੀਨੇ ਵੀ ਕੈਂਪ ’ਚ ਭਿਆਨਕ ਅੱਗ ਲੱਗੀ ਸੀ ਜਿਸ ’ਚ 15 ਵਿਅਕਤੀ ਮਾਰੇ ਗਏ ਸਨ ਅਤੇ 560 ਹੋਰ ਜ਼ਖ਼ਮੀ ਹੋਏ ਸਨ। ਅੱਗ ਕਾਰਨ 45 ਹਜ਼ਾਰ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਸਨ।

Previous articleਪੁਲਵਾਮਾ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ
Next articleਤਾਇਵਾਨ ’ਚ ਲੀਹ ਤੋਂ ਲੱਥੀ ਰੇਲ ਗੱਡੀ; 48 ਵਿਅਕਤੀ ਹਲਾਕ