ਬੰਗਲਾਦੇਸ਼ ਦੇ ਸੁਰੱਖਿਆ ਅਧਿਕਾਰੀਆਂ ਨੇ ਅੱਜ ਦੁਬਈ ਤੋਂ ਢਾਕਾ ਆ ਰਹੇ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਜਹਾਜ਼ ਨੂੰ ਮੁਲਕ ਦੇ ਸਾਹਿਲੀ ਸ਼ਹਿਰ ਵਿੱਚ ਹੰਗਾਮੀ ਹਾਲਤ ਵਿੱਚ ਉਤਰਨਾ ਪਿਆ। ਸੁਰੱਖਿਆ ਬਲਾਂ ਨੇ ਜਹਾਜ਼ ਨੂੰ ਘੇਰਾ ਪਾ ਕੇ ਅਗਵਾਕਾਰ ਨੂੰ ਹਿਰਾਸਤ ਵਿੱਚ ਲੈਂਦਿਆਂ ਸਾਰੇ ਮੁਸਾਫ਼ਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਾਣਕਾਰੀ ਅਨੁਸਾਰ ਬਿਮਾਨ ਬੰਗਲਾਦੇਸ਼ ਏਅਰਲਾਈਨ ਦੀ ਉਡਾਣ ਬੀਜੀ-147 ਦੁਬਈ ਤੋਂ ਢਾਕਾ ਵਾਇਆ ਚੱਟੋਗ੍ਰਾਮ ਨੂੰ ਸ਼ਾਮ 5:40 ਵਜੇ ਦੇ ਕਰੀਬ ਚੱਟੋਗ੍ਰਾਮ ਹਵਾਈ ਅੱਡੇ ’ਤੇ ਐਮਰਜੈਂਸੀ ਹਾਲਤ ਵਿੱਚ ਉਤਰਨਾ ਪਿਆ। ਚਸ਼ਮਦੀਦਾਂ ਨੇ ਕਿਹਾ ਕਿ ਚੱਟੋਗ੍ਰਾਮ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਮਿੰਟਾਂ ਅੰਦਰ ਹੀ ਜਹਾਜ਼ ਵਾਪਸ ਮੁੜ ਆਇਆ ਤੇ ਐਮਰਜੈਂਸੀ ਲੈਂਡਿੰਗ ਕਰ ਦਿੱਤੀ। ਮੁਸਾਫ਼ਰ ਫ਼ੌਰੀ ਐਮਰਜੈਂਸੀ ਐਗਜ਼ਿਟ ਰਾਹੀਂ ਬਾਹਰ ਨਿਕਲ ਆਏ। ਕੈਪਟਨ ਤੇ ਉਡਾਣ ਦਾ ਪ੍ਰਥਮ ਅਧਿਕਾਰੀ ਵੀ ਮਗਰੋਂ ਬਾਹਰ ਆ ਗਏ। ਅਗਵਾਕਾਰ ਦੀ ਪਛਾਣ ਬਾਰੇ ਭਾਵੇਂ ਅਜੇ ਕੁਝ ਨਹੀਂ ਦੱਸਿਆ ਗਿਆ, ਪਰ ਅਪੁਸ਼ਟ ਰਿਪੋਰਟਾਂ ਮੁਤਾਬਕ ਅਗਵਾਕਾਰ ਵਿਦੇਸ਼ੀ ਨਾਗਰਿਕ ਸੀ, ਜੇ ਹੈਂਡਗੰਨ ਨਾਲ ਲੈਸ ਸੀ।
World ਬੰਗਲਾਦੇਸ਼ ’ਚ ਜਹਾਜ਼ ਅਗਵਾ ਕਰਨ ਦੀ ਕੋਸ਼ਿਸ਼