ਬ੍ਰਿਸਬੇਨ ਵਿੱਚ ਮਨਮੀਤ ਅਲੀਸ਼ੇਰ ਨੂੰ ਚੌਥੀ ਬਰਸੀ ’ਤੇ ਸ਼ਰਧਾਂਜਲੀ

ਬ੍ਰਿਸਬੇਨ (ਸਮਾਜ ਵੀਕਲੀ) : ਮਨਮੀਤ ਅਲੀਸ਼ੇਰ ਦੀ ਚੌਥੀ ਬਰਸੀ ਮੌਕੇ ਮਨਮੀਤ ਪੈਰਾਡਾਈਜ਼ ਪਾਰਕ, ਮਾਰੂਕਾ ਬ੍ਰਿਸਬੇਨ ਵਿੱਚ ਆਰਟੀਬੀ ਯੂਨੀਅਨ, ਰਾਜਨੀਤਕ, ਸਮਾਜਿਕ, ਸਾਹਿਤਕ, ਧਾਰਮਿਕ ਅਤੇ ਪੰਜਾਬੀ ਭਾਈਚਾਰੇ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਬ੍ਰਿਸਬੇਨ ਅਤੇ ਇਪਸਵਿੱਚ ਦੇ ਵੱਖ-ਵੱਖ ਬੱਸ ਡਿਪੂਆਂ ਦੇ ਡਰਾਈਵਰਾਂ, ਪਰਿਵਾਰਕ ਮੈਂਬਰਾਂ ਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਅਤੇ ਸਥਾਨਕ ਲੋਕਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮਨਮੀਤ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਸੀ। ਉਸ ਦੀ ਦਰਦਨਾਕ ਮੌਤ, ਲੰਬੀ ਚੱਲੀ ਕਾਨੂੰਨੀ ਪ੍ਰਕਿਰਿਆ ਅਤੇ ਇਨਸਾਫ਼ ਦੀ ਅਣਹੋਂਦ ’ਚ ਸਮੁੱਚਾ ਭਾਈਚਾਰਾ ਅੱਜ ਵੀ ਸਦਮੇ ਵਿੱਚ ਹੈ। ਚੇਤੇ ਰਹੇ ਕਿ 28 ਅਕਤੂਬਰ 2016 ਦੀ ਸਵੇਰ ਨੂੰ ਇਸੇ ਸਥਾਨ ’ਤੇ ਐਂਥਨੀ ਉਡਨਹੀਓ ਨਾਂ ਦੇ ਗੋਰੇ ਨੇ ਮਨਮੀਤ ਅਲੀਸ਼ੇਰ ਨੂੰ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਪਾ ਕੇ ਜ਼ਿੰਦਾ ਸਾੜ ਦਿੱਤਾ ਸੀ।

ਸ਼ਰਧਾਂਜਲੀ ਸਮਾਗਮ ਦੌਰਾਨ ਮਨਮੀਤ ਅਲੀਸ਼ੇਰ ਦੀ ਜ਼ਿੰਦਗੀ ’ਤੇ ਲਿਖੀ ਕਿਤਾਬ ‘ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀਸ਼ੇਰ’ ਨੂੰ ਲੋਕ ਅਰਪਣ ਕੀਤਾ ਗਿਆ। ਪੰਜਾਬੀ ਲੇਖਕ ਡਾ: ਸੁਮੀਤ ਸ਼ੰਮੀ ਅਤੇ ਸੱਤਪਾਲ ਭੀਖੀ ਵੱਲੋਂ ਸੰਪਾਦਿਤ 300 ਪੰਨਿਆਂ ਦੀ ਇਸ ਪੁਸਤਕ ਵਿੱਚ ਕਈ ਪੰਜਾਬੀ ਸਾਹਿਤਕ ਸ਼ਖ਼ਸੀਅਤਾਂ ਅਤੇ ਮਰਹੂਮ ਦੇ ਪਰਿਵਾਰ ਅਤੇ ਦੋਸਤਾਂ ਦੀਆਂ ਲਿਖਤਾਂ ਸ਼ਾਮਲ ਹਨ।

Previous articleਆਪਣਾ ਹੀ ‘ਪੰਥ’ ਚਲਾਉਣ ਵਾਲੇ ਅਮਰੀਕੀ ਗੁਰੂ ਨੂੰ 120 ਸਾਲ ਕੈਦ
Next articleਇਸਲਾਮ ਪ੍ਰਤੀ ਨਫ਼ਰਤ ਦੇ ਟਾਕਰੇ ਲਈ ਮਿਲ ਕੇ ਕੋਸ਼ਿਸ਼ਾਂ ਕਰਨ ਇਸਲਾਮਕ ਦੇਸ਼: ਇਮਰਾਨ