ਖੇਡਾਂ, ਸੱਭਿਆਚਾਰਿਕ ਵੰਨਗੀਆਂ ਅਤੇ ਆਸਟਰੇਲੀਅਨ ਸਿਟੀਜ਼ਨਸ਼ਿਪ ਸਮਾਰੋਹ ਤਿਆਰੀਆਂ ਮੁਕੰਮਲ
ਬ੍ਰਿਸਬੇਨ ਨਕੋਦਰ ਮਹਿਤਪੁਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਕੁਈਨਜ਼ਲੈਂਡ ਸੰਸਥਾ ਦੀ ਅਗਵਾਈ ਅਤੇ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ‘ਬ੍ਰਿਸਬੇਨ ਵਿਸਾਖੀ ਮੇਲਾ 2021′ ਦਿਨ ਐਤਵਾਰ, 11 ਅਪ੍ਰੈਲ ਨੂੰ ਇਲਾਕਾ ਸੈਂਡਗੇਟ ਦੇ ਕਰਲਿਊ ਪਾਰਕ ਦੇ ਖੇਡ ਮੈਦਾਨਾਂ ’ਚ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸੰਸਥਾ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਸੈਕਟਰੀ ਪਰਮਿੰਦਰ ਸਿੰਘ, ਗੁਰਦੀਪ ਸਿੰਘ ਨਿੱਝਰ ਖਜ਼ਾਨਚੀ ਅਤੇ ਦੀਪਇੰਦਰ ਸਿੰਘ ਸਹਾਇਕ ਸੈਕਟਰੀ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਮੇਲੇ ’ਚ ਵਾਲੀਵਾਲ, ਫੁੱਟਬਾਲ, ਕਬੱਡੀ, ਰੱਸਾਕਸ਼ੀ, ਦੌੜਾਂ ਆਦਿ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਬੱਚਿਆਂ ਦੀ ਵਿਸ਼ੇਸ਼ ਸ਼ਮੂਲੀਅਤ ਨਾਲ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕੇ ਦੇ ਜੌਹਰ ਵੀ ਵਿਖਾਏ ਜਾਣਗੇ। ‘ਸਿੱਖ ਫ਼ੋਰਮ’ ਦੌਰਾਨ ਵਿਦੇਸ਼ਾਂ ‘ਚ ਪੰਜਾਬੀ ਭਾਸ਼ਾ ਦੇ ਪਸਾਰ, ਭਾਈਚਾਰਿਕ ਸਾਂਝ ਅਤੇ ਭਵਿੱਖੀ ਗਤੀਵਿਧੀਆਂ ਦਾ ਚਿੰਤਨ ਕੀਤਾ ਜਾਵੇਗਾ।ਆਸਟਰੇਲੀਅਨ ਸਿਟੀਜ਼ਨਸ਼ਿਪ ਸਮਾਰੋਹ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਸਥਾਨਕ ਕਲਾਕਾਰਾਂ ਅਤੇ ਬੱਚਿਆਂ ਵੱਲੋਂ ਸੱਭਿਆਚਾਰਿਕ ਵੰਨਗੀਆਂ ਦੀ ਪੇਸ਼ਕਾਰੀ ਹੋਵੇਗੀ ਅਤੇ ਮੇਲੇ ਵਿੱਚ ਖਾਣ-ਪੀਣ ਤੇ ਪੰਜਾਬੀਅਤ ਦੀ ਤਰਜਮਾਨੀ ਕਰਦੇ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਜਾਣਗੇ। ਪ੍ਰਬੰਧਕਾਂ ਹੋਰ ਕਿਹਾ ਕਿ ਸੂਬਾ ਸਰਕਾਰ ਅਤੇ ਬ੍ਰਿਸਬੇਨ ਸਿਟੀ ਕੌਂਸਲ ਵੱਲੋਂ ਇਸ ਵਿਸਾਖੀ ਮੇਲੇ ਨੂੰ ਦੇ ਪ੍ਰਬੰਧਨ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ’ਤੇ ਸਥਾਨਕ ਸਾਂਸਦ, ਕੌਂਸਲਰ ਅਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਹਾਜ਼ਰੀ ਭਰਨਗੇ। ਪ੍ਰਬੰਧਕਾਂ ਵੱਲੋਂ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਇਸ ਮੇਲੇ ‘ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।