ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਤੀਜਾ ਵਿਆਹ ਰਚਾਇਆ

ਲੰਡਨ, ਸਮਾਜ ਵੀਕਲੀ: ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ (56) ਨੇ ਆਪਣੀ ਮੰਗੇਤਰ ਕੈਰੀ ਸਾਇਮੰਡਸ (33) ਨਾਲ ਵਿਆਹ ਕਰ ਲਿਆ ਹੈ। ਜੋੜੇ ਨੇ ਰੋਮਨ ਕੈਥੋਲਿਕ ਵੈਸਟਮਿੰਸਟਰ ਚਰਚ ’ਚ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਵਿਆਹ ਕੀਤਾ। ਡਾਊਨਿੰਗ ਸਟਰੀਟ ਦੇ ਤਰਜਮਾਨ ਨੇ ਕਿਹਾ ਕਿ ਸ਼ਨਿਚਰਵਾਰ ਦੁਪਹਿਰ ਸਮੇਂ ਸਾਦੇ ਅਤੇ ਸੰਖੇਪ ਜਿਹੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਅਤੇ ਸਾਇਮੰਡਸ ਨੇ ਵਿਆਹ ਰਚਾਇਆ। ਜੋੜੇ ਵੱਲੋਂ ਅਗਲੀ ਗਰਮੀਆਂ ’ਚ ਦੋਸਤਾਂ ਅਤੇ ਪਰਿਵਾਰ ਨਾਲ ਵਿਆਹ ਦੇ ਜਸ਼ਨ ਮਨਾਏ ਜਾਣਗੇ। ਕੈਰੀ ਦਾ ਇਹ ਪਹਿਲਾ ਜਦਕਿ ਪ੍ਰਧਾਨ ਮੰਤਰੀ ਦਾ ਤੀਜਾ ਵਿਆਹ ਹੈ।

ਪਿਛਲੇ ਸਾਲ ਫਰਵਰੀ ’ਚ ਜੋੜੇ ਨੇ ਵਿਆਹ ਕਰਾਉਣ ਅਤੇ ਕੈਰੀ ਦੇ ਗਰਭਵਤੀ ਹੋਣ ਦਾ ਖੁਲਾਸਾ ਕੀਤਾ ਸੀ। ਜੌਹਸਨ ਕਰੀਬ 200 ਸਾਲਾਂ ’ਚ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬਣ ਗਏ ਹਨ ਜੋ ਅਹੁਦੇ ’ਤੇ ਰਹਿੰਦਿਆਂ ਵਿਆਹੇ ਗਏ ਹਨ। ਸਾਲ 1822 ’ਚ ਰੌਬਰਟ ਬੈਂਕਸ ਜੇਨਕਿਨਸਨ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ ਜੌਹਨਸਨ ਨੇ ਕਲਾਕਾਰ ਤੇ ਪੱਤਰਕਾਰ ਐਲਿਗਰਾ ਮੋਸਟੀਨ-ਓਵੇਨ ਅਤੇ ਭਾਰਤੀ ਮੂਲ ਦੀ ਬੈਰਿਸਟਰ ਤੇ ਪੱਤਰਕਾਰ ਮੈਰੀਨਾ ਵ੍ਹੀਲਰ ਨਾਲ ਵਿਆਹ ਕੀਤਾ ਸੀ। ਜੌਹਨਸਨ ਅਤੇ ਵ੍ਹੀਲਰ ਨੇ 25 ਸਾਲ ਮਗਰੋਂ 2018 ’ਚ ਤਲਾਕ ਦਾ ਐਲਾਨ ਕੀਤਾ ਸੀ ਅਤੇ ਇਹ 2020 ’ਚ ਮੁਕੰਮਲ ਹੋਇਆ।

ਡਾਊਨਿੰਗ ਸਟਰੀਟ ਨੇ ਵਿਆਹ ਸਮਾਗਮ ’ਚ ਸ਼ਮੂਲੀਅਤ ਕਰਨ ਵਾਲਿਆਂ ਦੇ ਵੇਰਵੇ ਸਾਂਝੇ ਨਹੀਂ ਕੀਤੇ ਹਨ। ਉਨ੍ਹਾਂ ਵੱਲੋਂ ਸਿਰਫ਼ ਇਕ ਤਸਵੀਰ ਨਸ਼ਰ ਕੀਤੀ ਗਈ ਹੈ ਜਿਸ ’ਚ ਜੋੜਾ ਵਿਆਹ ਮਗਰੋਂ ਬਾਗ਼ ’ਚ ਦਿਖਾਈ ਦੇ ਰਿਹਾ ਹੈ। ਸਾਇਮੰਡਸ ਨੇ ਕੰਜ਼ਰਵੇਟਿਵ ਪਾਰਟੀ ਦੇ ਪ੍ਰੈੱਸ ਦਫ਼ਤਰ ’ਚ 2010 ਤੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਦੋ ਸਾਲਾਂ ਬਾਅਦ ਉਸ ਨੇ ਜੌਹਨਸਨ ਦੇ ਲੰਡਨ ਮੇਅਰ ਵਜੋਂ ਮੁੜ ਤੋਂ ਚੁਣੇ ਜਾਣ ਲਈ ਚਲਾਈ ਗਈ ਮੁਹਿੰਮ ਨੂੰ ਸਫ਼ਲਤਾਪੂਰਬਕ ਚਲਾਇਆ ਸੀ। ਪਾਰਟੀ ਦੇ ਸੰਚਾਰ ਵਿਭਾਗ ਦੀ ਮੁਖੀ ਬਣਨ ਤੋਂ ਬਾਅਦ 2018 ’ਚ ਉਸ ਨੇ ਨੌਕਰੀ ਛੱਡ ਦਿੱਤੀ ਸੀ ਅਤੇ ਓਸ਼ੀਆਨਾ ਕੰਪਨੀ ’ਚ ਲੋਕ ਸੰਪਰਕ ਦਾ ਕੰਮ ਸੰਭਾਲ ਲਿਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਵਿਦਿਆਰਥਣ ਨੂੰ ਮਿਲਿਆ ਦਸ ਸਾਲ ਦਾ ਯੂਏਈ ਗੋਲਡਨ ਵੀਜ਼ਾ
Next article‘ਓਲੀ ਸਰਕਾਰ ਦੀਆਂ ਗੈਰ-ਸੰਵਿਧਾਨਕ ਗਤੀਵਿਧੀਆਂ ਦਾ ਸਮਰਥਨ ਨਾ ਕੀਤਾ ਜਾਵੇ’